ਬਹਿਬਲ ਗੋਲੀ ਕਾਂਡ: ਪੰਕਜ ਮੋਟਰ ਦਾ ਐੱਮਡੀ ਗ੍ਰਿਫ਼ਤਾਰ

ਫ਼ਰੀਦਕੋਟ (ਸਮਾਜਵੀਕਲੀ) :  ਬਹਿਬਲ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਅੱਜ ਪੰਕਜ ਮੋਟਰਜ਼ ਫਰੀ ਕੋਰਟ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਬਾਂਸਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਕਜ ਬਾਂਸਲ ਦੀ ਫ਼ਰੀਦਕੋਟ ’ਚ ਕਾਰ ਏਜੰਸੀ ਸੀ ਅਤੇ ਬਹਿਬਲ ਗੋਲੀ ਕਾਂਡ ਤੋਂ ਬਾਅਦ ਐੱਸਐੱਸਪੀ ਮੋਗਾ ਦੀ ਜਿਪਸੀ ਨੂੰ ਇਸ ਕਾਰ ਏਜੰਸੀ ਦੀ ਵਰਕਸ਼ਾਪ ’ਚ ਲਿਆਂਦਾ ਗਿਆ ਸੀ।

ਬਾਅਦ ’ਚ ਏਜੰਸੀ ਦੇ ਮੁਲਾਜ਼ਮਾਂ ਦੀ ਸਹਾਇਤਾ ਨਾਲ ਪੁਲੀਸ ਦੀ ਜਿਪਸੀ ਇਕਬਾਲ ਆਸ਼ਿਆਨੇ ’ਚ ਭੇਜੀ ਗਈ ਜਿੱਥੇ ਇਸ ਜਿਪਸੀ ’ਚ ਪੁਲੀਸ ਅਧਿਕਾਰੀ ਬਿਕਰਮ ਸਿੰਘ ਨੇ ਦੋ ਗੋਲੀਆਂ ਮਾਰੀਆਂ। ਵਿਸ਼ੇਸ਼ ਟੀਮ ਨੇ ਪੜਤਾਲ ਦੌਰਾਨ ਪੰਕਜ ਮੋਟਰਜ਼ ਦੇ ਮਾਲਕ ਮੈਨੇਜਰ ਅਤੇ ਗੰਨਮੈਨ ਤੋਂ ਲੰਬੀ ਪੁੱਛ ਪੜਤਾਲ ਕੀਤੀ ਸੀ। ਉਨ੍ਹਾਂ ਨੇ ਇਸ ਸਬੰਧੀ ਅਦਾਲਤ ’ਚ ਵੀ ਆਪਣੇ ਬਿਆਨ ਕਲਮਬੰਦ ਕਰਵਾਏ ਹਨ ।

ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਕਜ ਬਾਂਸਲ ਨੂੰ ਵਿਸ਼ੇਸ਼ ਜਾਂਚ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਭਲਕੇ 21 ਜੂਨ ਨੂੰ ਫਰੀਦਕੋਟ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੰਕਜ ਬਾਂਸਲ ਐੱਸਪੀ ਬਿਕਰਮਜੀਤ ਸਿੰਘ ਦੇ ਖਾਸ ਦੋਸਤਾਂ ’ਚ ਸ਼ਾਮਲ ਸੀ।

14 ਅਕਤੂਬਰ 2015 ਨੂੰ ਬਹਿਬਲ ਗੋਲੀ ਕਾਂਡ ਮਗਰੋਂ ਦੋ ਸਿੱਖ ਨੌਜਵਾਨਾਂ ਦੀ ਪੁਲੀਸ ਦੀ ਗੋਲੀ ਨਾਲ ਮੌਤ ਹੋ ਗਈ ਸੀ ਅਤੇ ਪੁਲੀਸ ਨੇ ਖ਼ੁਦ ਨੂੰ ਬਚਾਉਣ ਲਈ ਇੱਕ ਝੂਠੀ ਕਹਾਣੀ ਰਚੀ ਜਿਸ ’ਚ ਪੰਕਜ ਬਾਂਸਲ ਅਤੇ ਉਸ ਦੇ ਕੁਝ ਹੋਰ ਮੁਲਾਜ਼ਮਾਂ ਨੇ ਅਹਿਮ ਭੂਮਿਕਾ ਨਿਭਾਈ। ਜਾਂਚ ਟੀਮ ਨੇ ਪੰਕਜ ਮੋਟਰਜ਼ ਦੇ ਮੁਲਾਜ਼ਮਾਂ ਨੂੰ ਸ਼ੁੱਕਰਵਾਰ ਪੁੱਛ ਪੜਤਾਲ ਲਈ ਅੰਮ੍ਰਿਤਸਰ ਬੁਲਾਇਆ ਸੀ ਜਿਸ ਮਗਰੋਂ ਪੰਕਜ ਬਾਂਸਲ ਨੂੰ ਹਿਰਾਸਤ ’ਚ ਲਿਆ ਗਿਆ ਹੈ। ਬਹਿਬਲ ਗੋਲੀ ਕਾਂਡ ਵਿੱਚ ਇਹ ਤੀਜੀ ਗ੍ਰਿਫ਼ਤਾਰੀ ਹੈ।

ਪੰਕਜ ਬਾਂਸਲ ’ਤੇ ਮੁਲਜ਼ਮਾਂ ਨੂੰ ਬਚਾਉਣ ਲਈ ਸਾਜ਼ਿਸ਼ ਰਚਣ ਤੇ ਸਬੂਤ ਮਿਟਾਉਣ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕੇਸ ’ਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸੁਹੇਲ ਸਿੰਘ ਬਰਾੜ ਨੂੰ ਵੀ ਪੰਕਜ ਬਾਂਸਲ ਦੇ ਨਾਲ ਹੀ ਐਤਵਾਰ ਫਰੀਦਕੋਟ ’ਚ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Previous articleਗਲਵਾਨ ਵਾਦੀ ਬਾਰੇ ਚੀਨ ਦਾ ਕੋਈ ਦਾਅਵਾ ਸਵੀਕਾਰ ਨਹੀਂ: ਵਿਦੇਸ਼ ਮੰਤਰਾਲਾ
Next articleਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ