ਜਲੰਧਰ : ਪੰਜਾਬੀ ਲੇਖਕਾਂ ਨੂੰ ਚਾਹੀਦਾ ਹੈ ਕਿ ਉਹ ਫੁੱਲ-ਬੂਟੀਆਂ ਦੀਆਂ ਗੱਲਾਂ ਕਰਨ ਦੀ ਬਜਾਏ ਯਥਾਰਥ ਨਾਲ ਸਬੰਧਤ ਰਚਨਾਵਾਂ ਲਿਖਣ ਤਾਂ ਕਿ ਇਨ੍ਹਾਂ ਨੂੰ ਵੀ ਸਾਹਿਤ ਦਾ ਨੋਬਲ ਪੁਰਸਕਾਰ ਮਿਲੇ।
ਇਹ ਮਨਸ਼ਾ ਵਰਲਡ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ‘ਪੰਜਾਬੀ ਜਾਗਰਣ’ ‘ਚ ਆਪਣੀ ਵਿਸ਼ੇਸ਼ ਫੇਰੀ ਦੌਰਾਨ ਜ਼ਾਹਰ ਕੀਤੀ। ਉਨ੍ਹਾਂ ਵੱਲੋਂ ਹੁਣ ਤਕ ਪੰਜ ਵਾਰ ਵਰਲਡ ਪੰਜਾਬੀ ਕਾਨਫਰੰਸ ਕਰਵਾਈ ਜਾ ਚੁੱਕੀ ਹੈ ਤੇ ਛੇਵੀਂ ਕਾਨਫਰੰਸ 2021 ‘ਚ ਕਰਵਾਈ ਜਾ ਰਹੀ ਹੈ। ਉਨ੍ਹਾਂ ਵੱਲੋਂ ਕਰਵਾਈ ਜਾਂਦੀ ਕਾਨਫਰੰਸ ਦੀ ਖ਼ਾਸੀਅਤ ਇਹ ਹੈ ਕਿ ਜਿੱਥੇ ਯੂਨੀਵਰਸਿਟੀਆਂ ਵੱਲੋਂ ਕਰਵਾਈਆਂ ਜਾਂਦੀਆਂ ਕਾਨਫਰੰਸਾਂ ਸਿਰਫ਼ ਐੱਮਫਿਲ ਜਾਂ ਪੀਐੱਚਡੀ ਪੱਧਰ ਦੇ ਵਿਦਿਆਰਥੀਆਂ ਲਈ ਹੀ ਹੁੰਦੀਆਂ ਹਨ, ਉੱਥੇ ਚੱਠਾ ਹੋਰਾਂ ਵੱਲੋਂ ਕਰਵਾਈ ਜਾਂਦੀ ਕਾਨਫਰੰਸ ਆਮ ਲੋਕਾਂ ਲਈ ਹੁੰਦੀ ਹੈ।
ਵਰਲਡ ਪੰਜਾਬੀ ਕਾਨਫਰੰਸ ਕਰਵਾਉਣ ਪਿੱਛੇ ਮਕਸਦ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ 2008 ‘ਚ ਆਈ ਨਈਅਰ ਰਿਪੋਰਟ ਅਨੁਸਾਰ ਪੰਜਾਬੀ ਭਾਸ਼ਾ ਦੇ ਖ਼ਤਮ ਹੋਣ ਦੀ ਗੱਲ ਕੀਤੀ ਗਈ ਸੀ। ਇਹ ਰਿਪੋਰਟ ਪੜ੍ਹ ਕੇ ਉਨ੍ਹਾਂ ਨੂੰ ਲੱਗਿਆ ਕਿ ਜੇ ਪੰਜਾਬੀ ਭਾਸ਼ਾ ਹੀ ਖ਼ਤਮ ਹੋ ਗਈ ਤਾਂ ਪੰਜਾਬੀਅਤ ਦਾ ਵਜੂਦ ਹੀ ਖ਼ਤਮ ਹੋ ਜਾਵੇਗਾ।
ਇਸ ਲਈ ਉਨ੍ਹਾਂ ਨੇ 2009 ‘ਚ ਪਹਿਲੀ ਵਾਰ ਬਰੈਂਪਟਨ ‘ਚ ਵਰਲਡ ਪੰਜਾਬੀ ਕਾਨਫਰੰਸ ਕਰਵਾਈ। ਇਸ ਦੌਰਾਨ ਪਹਿਲੀ ਵਾਰ ਅਜਿਹਾ ਹੋਇਆ ਕਿ ਪਾਕਿਸਤਾਨ ਤੋਂ 65 ਲੇਖਕ ਇਕੱਠਿਆਂ ਕੈਨੇਡਾ ਆਏ, ਇਸ ਤੋਂ ਪਹਿਲਾਂ ਪਾਕਿਸਤਾਨੀ ਅਦੀਬਾਂ ਨੂੰ ਕੈਨੇਡਾ ਜਾਣ ਲਈ ਵੀਜ਼ਾ ਨਹੀਂ ਸੀ ਮਿਲਦਾ। ਇਸ ਮੌਕੇ ਦੁਨੀਆ ਭਰ ਦੇ ਲੇਖਕ ਇੱਕੋ ਮੰਚ ਤੇ ਇਕੱਠੇ ਹੋਏ ਤੇ ਇਕ ਦੂਜੇ ਦੇ ਵਾਕਫ਼ ਹੋਏ, ਜਿਸ ਨਾਲ ਭਾਈਚਾਰਕ ਸਾਂਝ ਵਧੀ।
ਚੱਠਾ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਲਈ ਉਨ੍ਹਾਂ ਨੂੰ ਕੈਨੇਡਾ ‘ਚ ਕੁਈਨ ਐਲਿਜ਼ਾਬੈਥ ਦੂਜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ, ਜੋ ਕਿ ਸਮੂਹ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਅਦੀਬਾਂ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਲੋਕ ਸਭਾ ਮੈਂਬਰ ਮਹਾਰਾਣੀ ਪਰਨੀਤ ਕੌਰ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਤੋਂ ਮਿਲਦਾ ਪਿਆਰ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਪੁਰਸਕਾਰ ਹੈ। ਜਲੰਧਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਢੱਡੋਂਵਾਲ ‘ਚ ਜਨਮ ਲੈਣ ਵਾਲੇ ਚੱਠਾ ਨੇ ਵਿਸ਼ਵ ਭਰ ‘ਚ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਉਹ ਭਾਵੇਂ ਹੀ ਜ਼ਿਆਦਾਤਰ ਸਮਾਂ ਕੈਨੇਡਾ ਰਹਿੰਦੇ ਹਨ ਪਰ ਉਹ ਹਾਲੇ ਵੀ ਪੰਜਾਬੀਅਤ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਕਨੀਕੀ ਸਿੱਖਿਆ ਪੰਜਾਬੀ ‘ਚ ਹੀ ਦਿੱਤੀ ਜਾਣੀ ਚਾਹੀਦੀ ਹੈ। ਕੈਨੇਡਾ ‘ਚ ਪੰਜਾਬੀ ਦੇ ਰੁਤਬੇ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕੈਨੇਡਾ ‘ਚ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ।