ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਵਾਂਗੇ: ਸ਼ਾਹ

ਕੋਲਕਾਤਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਤਹਿਤ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਤੱਕ ਰੁਕੇਗੀ ਨਹੀਂ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਕਾਰਨ ਇਕ ਵੀ ਵਿਅਕਤੀ ਆਪਣੀ ਨਾਗਰਿਕਤਾ ਨਹੀਂ ਗੁਆਵੇਗਾ। ਉਨ੍ਹਾਂ ਤ੍ਰਿਣਮੂਲ ਕਾਂਗਰਸ ਸਣੇ ਸਾਰੀਆਂ ਵਿਰੋਧੀ ਧਿਰਾਂ ’ਤੇ ਸ਼ਰਨਾਰਥੀਆਂ ਅਤੇ ਘੱਟ ਗਿਣਤੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ। ਉਹ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਅੱਜ ਇੱਥੇ ਸ਼ਹੀਦ ਮੀਨਾਰ ਮੈਦਾਨ ਵਿੱਚ ਆਪਣੀ ਪਹਿਲੀ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਸ਼ਾਹ ਨੇ ਕਿਹਾ, ‘‘ਵਿਰੋਧੀ ਧਿਰ ਘੱਟ ਗਿਣਤੀਆਂ ’ਚ ਦਹਿਸ਼ਤ ਫੈਲਾ ਰਹੀ ਹੈ। ਮੈਂ ਘੱਟ ਗਿਣਤੀ ਵਰਗ ਦੇ ਹਰੇਕ ਵਿਅਕਤੀ ਨੂੰ ਭਰੋਸਾ ਦਿੰਦਾ ਹਾਂ ਕਿ ਨਾਗਰਿਕਤਾ ਸੋਧ ਕਾਨੂੰਨ ਸਿਰਫ਼ ਨਾਗਰਿਕਤਾ ਦਿੰਦਾ ਹੈ, ਖੋਂਹਦਾ ਨਹੀਂ ਹੈ। ਇਹ ਤੁਹਾਡੀ ਨਾਗਰਿਕਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ।’’ ਉਨ੍ਹਾਂ ਕਿਹਾ, ‘‘ਵਿਰੋਧੀ ਪਾਰਟੀਆਂ ਇਹ ਅਫ਼ਵਾਹ ਫੈਲਾ ਰਹੀਆਂ ਹਨ ਕਿ ਸ਼ਰਨਾਰਥੀਆਂ ਨੂੰ ਦਸਤਾਵੇਜ਼ ਦਿਖਾਉਣੇ ਹੋਣਗੇ ਪਰ ਇਹ ਬਿਲਕੁਲ ਗਲਤ ਹੈ। ਤੁਹਾਨੂੰ ਕੋਈ ਦਸਤਾਵੇਜ਼ ਨਹੀਂ ਦਿਖਾਉਣਾ ਹੋਵੇਗਾ। ਅਸੀਂ ਹਰੇਕ ਸ਼ਰਨਾਰਥੀ ਨੂੰ ਨਾਗਰਿਕਤਾ ਦਿੱਤੇ ਬਿਨਾਂ ਨਹੀਂ ਰੁਕਾਂਗੇ।’’
ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਿੱਟੀ ਦਾ ਲਾਲ ਮੁੱਖ ਮੰਤਰੀ ਬਣੇਗਾ ਨਾ ਕਿ ਕੋਈ ਸ਼ਹਿਜ਼ਾਦਾ। ਉਨ੍ਹਾਂ ਦਾਅਵਾ ਕੀਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੋ-ਤਿਹਾਈ ਬਹੁਮਤ ਹਾਸਲ ਕਰੇਗੀ। ਸ੍ਰੀ ਸ਼ਾਹ ਨੇ ਕਿਹਾ, ‘‘ਲੋਕ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਦੀਦੀ ਕਹਿੰਦੀ ਸੀ ਕਿ ਸਾਡੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ ਪਰ ਪਹਿਲੀ ਵਾਰ ਰਾਜ ਦੀਆਂ 42 ਲੋਕ ਸਭਾ ਸੀਟਾਂ ਵਿੱਚੋਂ ਅਸੀਂ 18 ਸੀਟਾਂ ’ਤੇ ਜਿੱਤ ਹਾਸਲ ਕੀਤੀ। ਮਮਤਾ ਦੀਦੀ ਇਹ ਅੰਕੜਾ ਦੇਖ ਸਕਦੀ ਹੈ। ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਸਪੱਸ਼ਟ ਬਹੁਮਤ ਹਾਸਲ ਕਰੇਗੀ…ਦੋ-ਤਿਹਾਈ ਬਹੁਮਤ ਅਤੇ ਸਰਕਾਰ ਬਣਾਏਗੀ।’’ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਕਾਫੀ ਸਿਆਸੀ ਬਦਲਾਓ ਦੇਖੇ ਹਨ। ਉਨ੍ਹਾਂ ਕਿਹਾ, ‘‘ਸਾਲ 2014 ਵਿੱਚ ਭਾਜਪਾ ਨੂੰ ਸਿਰਫ਼ 87 ਲੱਖ ਵੋਟਾਂ ਮਿਲੀਆਂ। ਸਾਲ 2019 ਵਿੱਚ ਤੁਸੀਂ ਪਿਆਰ ਦਾ ਮੀਂਹ ਵਰ੍ਹਾਇਆ ਤੇ ਸਾਨੂੰ 2.30 ਕਰੋੜ ਵੋਟਾਂ ਮਿਲੀਆਂ। ਮੈਨੂੰ ਵਿਸ਼ਵਾਸ ਹੈ ਸਾਡਾ ਇਹ ਮਾਰਚ ਰੁਕ ਨਹੀ ਸਕਦਾ।’’ ਭਾਸ਼ਣ ਤੋਂ ਪਹਿਲਾਂ ਉਨ੍ਹਾਂ ਖ਼ੁਦ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਉਂਦਿਆਂ ਭਾਜਪਾ ਸਮਰਥਕਾਂ ਨੂੰ ਇਹ ਨਾਅਰੇ ਲਗਾਉਣ ਲਈ ਕਿਹਾ ਤਾਂ ਜੋ ਇਹ ਨਾਅਰੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਦੇ ਕੰਨਾਂ ਵਿੱਚ ਪੈ ਸਕਣ। ਕੇਂਦਰੀ ਮੰਤਰੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁੱਖੀ ਮਮਤਾ ਬੈਨਰਜੀ ’ਤੇ ਪਿਛਲੇ ਸਾਲ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੰਗੇ ਭੜਕਾਉਣ ਦੇ ਦੋਸ਼ ਲਗਾਏ। ਉਨ੍ਹਾਂ ਤ੍ਰਿਣਮੂਲ ਕਾਂਗਰਸ ਦੀ ਸਰਕਾਰ ’ਤੇ ਕੇਂਦਰੀ ਭਲਾਈ ਨੀਤੀਆਂ ਨੂੰ ਰਾਜ ਵਿੱਚ ਲਾਗੂ ਨਾ ਕਰਨ ਅਤੇ ਕੇਂਦਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵੀ ਲਗਾਏ। ਉਨ੍ਹਾਂ ਕਿਹਾ, ‘‘ਬੰਗਾਲ ’ਤੇ 3.75 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਕਮਿਊਨਿਸਟ ਸਰਕਾਰ 1.92 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਗਈ ਸੀ ਜੋ ਮਮਤਾ ਦੀਦੀ ਨੇ ਹੋਰ ਵਧਾ ਦਿੱਤਾ ਹੈ।’’

Previous articleਜਨਤਕ ਜਥੇਬੰਦੀਆਂ ਵੱਲੋਂ ‘ਸ਼ਾਂਤੀ ਮਾਰਚ’
Next articleਚਾਰ ਹੋਰ ਲਾਸ਼ਾਂ ਮਿਲਣ ਨਾਲ ਤਣਾਅ ਵਧਿਆ