ਸਾਰੇ ਮੰਤਰੀ ਸਦਨ ’ਚ ਹਾਜ਼ਰੀ ਯਕੀਨੀ ਬਣਾਉਣ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਵਿੱਚੋਂ ਗ਼ੈਰਹਾਜ਼ਰ ਰਹਿਣ ਵਾਲੇ ਭਾਜਪਾ ਦੇ ਮੰਤਰੀਆਂ ਦੀ ਖਿਚਾਈ ਕਰਦਿਆਂ ਕਿਹਾ ਕਿ ਉਹ ਦੋਵਾਂ ਸਦਨਾਂ ’ਚ ਰੋਸਟਰ ਅਨੁਸਾਰ ਆਪਣੀ ਹਾਜ਼ਰੀ ਯਕੀਨੀ ਬਣਾਉਣ। ਉਨ੍ਹਾਂ ਨਾਲ ਹੀ ਪਾਰਟੀ ਲੀਡਰਸ਼ਿਪ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਮੰਤਰੀ ਆਪਣੀ ਡਿਊਟੀ ਤੋਂ ਗ਼ੈਰਹਾਜ਼ਰ ਰਹਿੰਦੇ ਹਨ ਤਾਂ ਇਸ ਦੀ ਸੂਚਨਾ ਉਨ੍ਹਾਂ ਨੂੰ ਤੁਰੰਤ ਦਿੱਤੀ ਜਾਵੇ। ਸੂਤਰਾਂ ਅਨੁਸਾਰ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇ ਵਿਧਾਨਕ ਏਜੰਡਿਆਂ ਨੂੰ ਜੇਕਰ ਪਾਸ ਕਰਵਾਉਣ ਲਈ ਜ਼ਰੂਰਤ ਪਈ ਤਾਂ ਚੱਲ ਰਹੇ ਸੈਸ਼ਨ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ। ਸੰਸਦ ਦਾ ਇਜਲਾਸ 26 ਜੁਲਾਈ ਨੂੰ ਸਮਾਪਤ ਹੋ ਰਿਹਾ ਹੈ। ਉਨ੍ਹਾਂ ਆਪਣੇ ਸੰਸਦ ਮੈਂਬਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਵਜੋਂ ਸਦਨ ’ਚ ਹਾਜ਼ਰ ਹੋਣਾ ਲਾਜ਼ਮੀ ਹੈ ਅਤੇ ਉਹ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਨਿਭਾਉਣ। ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਭਾਜਪਾ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਸੰਸਦੀ ਹਲਕਿਆਂ ਦੇ ਵਿਕਾਸ ਲਈ ਮੋਹਰੀ ਭੂਮਿਕਾ ਨਿਭਾਉਣ ਅਤੇ ਕੋਹੜ ਤੇ ਟੀਬੀ ਜਿਹੇ ਰੋਗਾਂ ਅਤੇ ਜਲ ਸੰਕਟ ਵਰਗੇ ਸੰਵੇਦਨਸ਼ੀਲ ਮੁੱਦੇ ਚੁੱਕਣ। ਸ੍ਰੀ ਜੋਸ਼ੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਮਨੁੱਖੀ ਸੰਵੇਦਨਾ ਨਾਲ ਜੁੜੇ ਮੁੱਦਿਆਂ ਤੇ ਸਮਾਜਿਕ ਵਿਸ਼ਿਆਂ ਨੂੰ ਇੱਕ ਮਿਸ਼ਨ ਵਜੋਂ ਲੈਣਾ ਚਾਹੀਦਾ ਹੈ। ਉਨ੍ਹਾਂ ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ ਕੋਹੜ ਤੇ ਟੀਬੀ ਵਰਗੇ ਰੋਗਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਟੀਬੀ ਦੇ ਖਾਤਮੇ ਲਈ ਸਮਾਂ ਸੀਮਾ 2025 ਨਿਰਧਾਰਤ ਕੀਤੀ ਹੈ ਜਦਕਿ ਇਸ ਦੀ ਆਲਮੀ ਪੱਧਰ ਦੀ ਸਮਾਂ ਸੀਮਾ 2030 ਹੈ। ਉਨ੍ਹਾਂ ਆਪਣੇ ਸੰਸਦ ਮੈਂਬਰ ਨੂੰ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਆਪਣੇ ਹਲਕਿਆਂ ’ਚ ਕੰਮ ਕਰਨ ਨੂੰ ਕਿਹਾ।

Previous articleਕਰਨਾਟਕ ਸੰਕਟ: ਸੁਪਰੀਮ ਕੋਰਟ ਬਾਗ਼ੀ ਵਿਧਾਇਕਾਂ ਬਾਰੇ ਅੱਜ ਸੁਣਾਏਗੀ ਫ਼ੈਸਲਾ
Next articleਮਕਬੂਜ਼ਾ ਕਸ਼ਮੀਰ ’ਚ ਹੜ੍ਹ ਨਾਲ 28 ਮੌਤਾਂ