ਚੰਗੇ ਉਮੀਦਵਾਰ ਦੀ ਚੋਣ ਲਈ ਪਾਰਟੀ ਕਰਵਾ ਰਹੀ ਹੈ ਸਰਵੈ-ਜਥੇ ਡੋਗਰਾਂਵਾਲਾ
ਸੁਖਦੇਵ ਸਿੰਘ ਨਾਨਕਪੁਰ ਤੇ ਸੱਜਣ ਸਿੰਘ ਚੀਮਾ ਵੀ ਕਰ ਚੁੱਕੇ ਹਨ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ) –ਹਲਕਾ ਸੁਲਤਾਨਪੁਰ ਲੋਧੀ ਦੇ ਸੀਨੀਅਰ ਟਕਸਾਲੀ ਅਕਾਲੀ ਆਗੂ ਜਥੇ ਜਰਨੈਲ ਸਿੰਘ ਡੋਗਰਾਵਾਲ ਨੇ ਅੱਜ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਮੀਟਿੰਗ ਹਾਲ ਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਵਲੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਫਿਰ ਟਿਕਟ ਮਿਲਣ ਦਾ ਕੀਤਾ ਦਾਅਵਾ ਝੂਠ ਦਾ ਨਿਰਾ ਪਲੰਦਾ ਹੈ ।
ਜਥੇ ਡੋਗਰਾਵਾਲ ਨੇ ਦੱਸਿਆ ਕਿ ਪਿਛਲੇ ਦਿਨੀ ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਹਲਕੇ ਦੇ 60-70 ਵਰਕਰ ਪਹਿਲਾਂ ਆਪਣੇ ਕਪੂਰਥਲਾ ਚ ਬਣਾਏ ਘਰ ਵਿੱਚ ਇਕੱਠੇ ਕਰਕੇ ਉਨ੍ਹਾਂ ਨੂੰ 2022 ਚ ਆਉਣ ਵਾਲੀ ਪੰਜਾਬ ਵਿਧਾਨ ਸਭਾ ਚੋਣ ਲਈ ਉਮੀਦਵਾਰ ਬਣਾਉਣ ਲਈ ਆਪਣਾ ਨਾਮ ਪ੍ਰਪੋਜ ਕਰਨ ਲਈ ਮਜਬੂਰ ਕੀਤਾ ਤੇ ਦੂਜੇ ਦਿਨ ਖੁਦ ਹੀ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਚ ਮੱਥਾ ਟੇਕਣ ਉਪਰੰਤ ਮੀਟਿੰਗ ਕਰਕੇ ਇਹ ਦਾਅਵਾ ਕਰ ਦਿੱਤਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਦੇਣ ਲਈ ਹਰੀ ਝੰਡੀ ਦਿੱਤੀ ਗਈ ਹੈ, ਜੋ ਕਿ ਬਿਲਕੁੱਲ ਹੀ ਝੂਠ ਦਾ ਪੁਲੰਦਾ ਹੈ । ਜਿਸ ਨਾਲ ਪਾਰਟੀ ਵਰਕਰ ਤੇ ਹਲਕੇ ਲੋਕ ਦੁਵਿਧਾ ਵਿੱਚ ਹਨ।
ਉਹਨਾਂ ਕਿਹਾ ਕਿ ਮੇਰੀ ਹਾਈ ਕਮਾਂਡ ਨਾਲ ਸੁਲਤਾਨਪੁਰ ਲੋਧੀ ਦੇ ਹਲਕੇ ਸੰਬੰਧੀ ਟਿਕਟ ਵੰਡ ਦੀ ਗੱਲ ਹੋਈ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੁੱਚੇ ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ਦੀ ਵੰਡ ਦੇ ਐਲਾਨ ਦੀ ਗੱਲ ਨੂੰ ਮੁੱਢ ਤੋਂ ਨਕਾਰਦਿਆਂ ਹੋਇਆਂ ਕਿਹਾ ਕਿ ਇਸ ਸਮੇਂ ਸ੍ਰੋਮਣੀ ਅਕਾਲੀ ਦਲ ਦਾ ਇੱਕੋ ਨਿਸ਼ਾਨਾ ਸਿਰਫ 2022 ਦੀ ਵਿਧਾਨ ਸਭਾ ਚੋਣਾਂ ਦੀ ਜਿੱਤ ਨੂੰ ਹਾਸਿਲ ਕਰਨਾ ਹੈ। ਜਿਸ ਲਈ ਸ੍ਰੋਮਣੀ ਅਕਾਲੀ ਦਲ ਨੇ ਹਾਸਿਲ ਕਰਨ ਲਈ ਹਰ ਹਲਕੇ ਵਿੱਚ ਚੰਗੇ ਉਮੀਦਵਾਰ ਦੀ ਚੋਣ ਲਈ ਸਰਵੈ ਸੁਰੂ ਕਰ ਦਿੱਤਾ ਹੈ। ਸਰਵੈ ਅਨੁਸਾਰ ਹੀ ਹਰ ਹਲਕੇ ਵਿੱਚ ਚੰਗੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬੀਬੀ ਉਪਿੰਦਰਜੀਤ ਕੌਰ ਸਾਡੇ ਸਤਿਕਾਰਯੋਗ ਸੀਨੀਅਰ ਆਗੂ ਹਨ ਤੇ ਪਿਛਲੀ ਚੋਣ ਲੜਨ ਕਾਰਨ ਹਲਕਾ ਇੰਚਾਰਜ ਵੀ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਵੀ ਹਨ ਪ੍ਰੰਤੂ ਉਨ੍ਹਾਂ ਵਲੋਂ ਪਾਰਟੀ ਦੀ ਟਿਕਟ ਮਿਲਣ ਸੰਬੰਧੀ ਹੁਣ ਤੋਂ ਹੀ ਕੀਤਾ ਗਿਆ ਪ੍ਰਚਾਰ ਝੂਠਾ ਤੇ ਗੁੰਮਰਾਹਕੁੰਨ ਹੈ । ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵਲੋਂ ਹਾਲੇ ਸਾਰੇ ਵਿਧਾਨ ਸਭਾ ਹਲਕਿਆਂ ਦਾ ਸਰਵੇ ਕਰਵਾਇਆ ਜਾਵੇਗਾ ਜਿਸਤੋ ਬਾਅਦ ਜਿੱਤਣ ਦੇ ਸਮਰੱਥ ਉਮੀਦਵਾਰਾਂ ਨੂੰ ਪਾਰਟੀ ਟਿਕਟਾਂ ਦੇਣ ਦਾ ਐਲਾਨ ਕੀਤਾ ਜਾਵੇਗਾ ।
ਜਥੇ ਡੋਗਰਾਵਾਲ ਨੇ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਪੰਥ ਦਾ ਮਜਬੂਤ ਕਿਲ੍ਹਾ ਹੈ ਜਿੱਥੋਂ 2 ਵਾਰ ਵਿਧਾਨ ਸਭਾ ਚੋਣਾਂ ਹਾਰਨ ਦੇ ਇਲਾਵਾ ਲੋਕ ਸਭਾ , ਜਿਲ੍ਹਾ ਪ੍ਰੀਸ਼ਦ , ਬਲਾਕ ਸੰਮਤੀ ਚੋਣਾਂ ਆਦਿ ਹਾਰ ਜਾਣ ਦਾ ਮੁੱਖ ਕਾਰਨ ਇਸ ਹਲਕੇ ਦੇ ਸੂਰਬੀਰ , ਜੁਝਾਰੂ ਤੇ ਮਿਹਨਤੀ ਟਕਸਾਲੀ ਵਰਕਰਾਂ ਨੂੰ ਅਣਗੌਲਿਆ ਕਰਨਾ ਹੈ । ਉਨ੍ਹਾਂ ਕਿਹਾ ਕਿ ਟਿਕਟਾਂ ਦਾ ਹੱਕਦਾਰ ਉਹੀ ਆਗੂ ਹੈ ਜਿਸਨੇ ਵਰਕਰਾਂ ਦੀ ਆਵਾਜ ਬਣਕੇ ਕੰਮ ਕੀਤਾ ਹੈ ਅਤੇ ਜਿਨ੍ਹਾਂ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਹੋਈ ਉਨ੍ਹਾਂ ਨਾਲ ਖੜ੍ਹ ਕੇ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕੀਤਾ ਹੈ । ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਉਨ੍ਹਾਂ ਅੱਜ ਅਕਾਲੀ ਵਰਕਰਾਂ ਦਾ ਵੱਡਾ ਇਕੱਠ ਨਹੀ ਸੀ ਕੀਤਾ ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਨਾਨਕਪੁਰ ਜੋ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਸਮਝਦੇ ਜਾਂਦੇ ਹਨ ਅਤੇ ਆਮ ਆਦਮੀ ਪਾਰਟੀ ਵਿਚੋਂ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸੱਜਣ ਸਿੰਘ ਚੀਮਾ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਨੇੜੇ ਦੇ ਸਾਥੀ ਸਮਝੇ ਜਾਂਦੇ ਹਨ ਵੀ ਹਾਈਕਮਾਂਡ ਵੱਲੋਂ ਟਿਕਟ ਦੀ ਹਰੀ ਝੰਡੀ ਦੀ ਗੱਲ ਆਖ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਚੁੱਕੇ ਹਨ।
ਜਿਸ ਨਾਲ ਜਿੱਥੇ ਪਾਰਟੀ ਵਿੱਚ ਧੜੇਬੰਦੀ ਉਭੱਰ ਕੇ ਸਾਹਮਣੇ ਆ ਰਹੀ ਹੈ ਇਸ ਸਮੇ ਉਨ੍ਹਾਂ ਦੇ ਨਾਲ ਜਥੇ ਗੁਰਦਿਆਲ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਬੀ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ , ਸ਼੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਜਿਲ੍ਹਾ ਜਨਰਲ ਸੈਕਟਰੀ ਕੁਲਦੀਪ ਸਿੰਘ ਥਿੰਦ ਸਰਪੰਚ ਦੁਰਗਾਪੁਰ , ਜਥੇ ਜਰਨੈਲ ਸਿੰਘ ਸਾਬਕਾ ਸਰਪੰਚ ਚੂਹੜਪੁਰ ਡੈਲੀਗੇਟ , ਜਥੇ ਅਮਰਜੀਤ ਸਿੰਘ ਦੋਦਾ ਵਜੀਰ , ਜਥੇ ਸਰਵਣ ਸਿੰਘ ਦੋਦਾ ਵਜੀਰ , ਜਥੇ ਜਗੀਰ ਸਿੰਘ ਢਿੱਲੋਂ ਕਮਾਲਪੁਰ ਸੀਨੀਅਰ ਅਕਾਲੀ ਆਗੂ , ਸ. ਮਹਿੰਦਰ ਸਿੰਘ ਚੂਹੜਪੁਰ ਨੇ ਵੀ ਸ਼ਿਰਕਤ ਕੀਤੀ ।