ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਅੱਜ ਇਥੇ ਏਮਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜੋ ਜਾਨਲੇਵਾ ਸਾਬਤ ਹੋਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਬੀ ਸਵਰਾਜ ਦੇ ਅਕਾਲ ਚਲਾਣੇ ’ਤੇ ਦੁਖ਼ ਜ਼ਾਹਿਰ ਕਰਦਿਆਂ ਇਸ ਨੂੰ ਨਿੱਜੀ ਘਾਟਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੀਬੀ ਸਵਰਾਜ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਸ੍ਰੀਮਤੀ ਸਵਰਾਜ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਭਲਕੇ ਪਾਰਟੀ ਹੈੱਡਕੁਆਰਟਰ ਵਿਚ ਰੱਖੀ ਜਾਵੇਗੀ। ਉਨ੍ਹਾਂ ਦਾ ਸਸਕਾਰ ਭਲਕੇ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ ਵਿੱਚ ਹੋਵੇਗਾ।
ਜਾਣਕਾਰੀ ਅਨੁਸਾਰ ਸੀਨੀਅਰ ਭਾਜਪਾ ਆਗੂ ਬੀਬੀ ਸਵਰਾਜ ਨੂੰ ਰਾਤ ਸਾਢੇ ਨੌਂ ਤੋਂ ਦਸ ਵਜੇ ਦੇ ਦਰਮਿਆਨ ਏਮਜ਼ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਸਿੱਧੇ ਐਮਰਜੰਸੀ ਵਾਰਡ ਵਿੱਚ ਲੈ ਗਏ। ਸਵਰਾਜ ਦੇ ਹਸਪਤਾਲ ਦਾਖ਼ਲ ਹੋਣ ਦੀ ਖ਼ਬਰ ਮਿਲਦੇ ਹੀ ਸਿਹਤ ਮੰਤਰੀ ਹਰਸ਼ ਵਰਧਨ ਸਮੇਤ ਹੋਰ ਕਈ ਸੀਨੀਅਰ ਮੰਤਰੀ ਹਸਪਤਾਲ ਪੁੱਜ ਗਏ। ਸਵਰਾਜ ਨੇ ਸਾਲ 2016 ਵਿੱੱਚ ਗੁਰਦਾ ਟਰਾਂਸਪਲਾਂਟ ਕਰਵਾਇਆ ਸੀ ਤੇ ਸਿਹਤ ਨਾਸਾਜ਼ ਰਹਿਣ ਦੇ ਚਲਦਿਆਂ ਉਨ੍ਹਾਂ ਇਸ ਸਾਲ ਲੋਕ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਸੀ। ਪਿੱਛੇ ਪਰਿਵਾਰ ਵਿੱਚ ਉਨ੍ਹਾਂ ਦੇ ਪਤੀ ਸਵਰਾਜ ਕੌਸ਼ਲ ਤੇ ਧੀ ਬਾਂਸੁਰੀ ਹਨ। ਇਸ ਦੌਰਾਨ ਸਰਕਾਰ ਵਿਚਲੇ ਮੰਤਰੀਆਂ, ਸੀਨੀਅਰ ਭਾਜਪਾ ਆਗੂਆਂ ਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਬੀਬੀ ਸਵਰਾਜ ਦੀ ਮੌਤ ’ਤੇ ਦੁਖ ਜਤਾਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵਰਾਜ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਭਾਰਤੀ ਸਿਆਸਤ ਦਾ ਇਕ ਸ਼ਾਨਦਾਰ ਅਧਿਆਏ ਸਮਾਪਤ ਹੋ ਗਿਆ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਵਰਾਜ ਦੇ ਦੇਹਾਂਤ ਦੀ ਖ਼ਬਰ ਨਾਲ ਝਟਕਾ ਲੱਗਾ ਹੈ। ਪਵਾਰ ਨੇ ਕਿਹਾ ਕਿ ਸਵਰਾਜ ਉਨ੍ਹਾਂ ਨੂੰ ਹਮੇਸ਼ਾਂ ‘ਸ਼ਰਦ ਭਾਊ’ ਕਹਿ ਕੇ ਬੁਲਾਉਂਦੀ ਸੀ ਤੇ ਉਸ ਦੀ ਮੌਤ ਨਾਲ ਅਸੀਂ ਮਹਾਨ ਸਿਆਸਤਦਾਨ, ਚੰਗਾ ਬੁਲਾਰਾ ਤੇ ਸਮਰੱਥ ਪ੍ਰਸ਼ਾਸਕ ਗੁਆ ਲਿਆ ਹੈ।’ ਦੱਸਣਾ ਬਣਦਾ ਹੈ ਕਿ ਜੰਮੂ ਤੇ ਕਸ਼ਮੀਰ ਪੁਨਰਗਠਨ ਬਿੱਲ ਬਾਰੇ ਅੱਜ ਲੋਕ ਸਭਾ ਵਿੱਚ ਹੋਈ ਬਹਿਸ ਨੂੰ ਵੇਖਣ ਲਈ ਬੀਬੀ ਸਵਰਾਜ ਉਥੇ ਮੌਜੂਦ ਸਨ।
HOME ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਹੀਂ ਰਹੇ