ਅਧੀਰ ਕਾਰਨ ਕਾਂਗਰਸ ਨੂੰ ਸਦਨ ’ਚ ਨਮੋਸ਼ੀ ਝੱਲਣੀ ਪਈ

ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਸਰਕਾਰ ਨੂੰ ਸੰਸਦ ਵਿੱਚ ਇਹ ਸਵਾਲ ਕਰਨ ਕਿ ਜੇ ਕਸ਼ਮੀਰ 1948 ਤੋਂ ਸੰਯੁਕਤ ਰਾਸ਼ਟਰ ਦੀ ਨਿਗਰਾਨੀ ਅਧੀਨ ਹੈ ਤਾਂ ਇਹ ਕਿਸ ਤਰ੍ਹਾ ਅੰਦਰੂਨੀ ਮੁੱਦਾ ਹੋਇਆ, ਉੱਤੇ ਕਾਂਗਰਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸੋਨੀਆ ਗਾਂਧੀ ਨੇ ਵੀ ਸ੍ਰੀ ਚੌਧਰੀ ਦੇ ਬਿਆਨ ਦਾ ਬੁਰਾ ਮਨਾਇਆ ਤੇ ਇਸ ਲਈ ਉਨ੍ਹਾਂ ਨੂੰ ਤਾੜਿਆ। ਇਸ ਤੋਂ ਬਾਅਦ ਸ੍ਰੀ ਚੌਧਰੀ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ ਇਹ ਕਹਿਣਾ ਪਿਆ ਕਿ ਦੇਸ਼ ਵਾਸੀਆਂ ਵਿੱਚ ਇਹ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿ ਕਾਂਗਰਸ ਦੇਸ਼ ਹਿੱਤ ਦੇ ਵਿਰੁੱਧ ਹੈ। ਉਹ ਇਹ ਪ੍ਰਗਟਾਵਾ ਕਰਕੇ ਸਿਰਫ ਤੇ ਸਿਰਫ ਸਰਕਾਰ ਨੂੰ ਇਸ ਪੱਖ ਤੋਂ ਜਾਣੂ ਕਰਵਾਉਣਾ ਚਾਹੁੰਦੇ ਸੀ। ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਰਾਖਵਾਂਕਰਨ (ਦੂਜੀ ਸੋਧ) ਬਿਲ 2019 ਲੋਕ ਵਿੱਚ ਪੇਸ਼ ਕੀਤਾ ਤਾਂ ਕਾਂਗਰਸ ਦੇ ਆਗੂ ਸ੍ਰੀ ਅਧੀਰ ਰੰਜਨ ਚੌਧਰੀ ਨੇ ਕਸ਼ਮੀਰ ਮੁੱਦੇ ਬਾਰੇ ਕਿਹਾ,‘ ਤੁਸੀਂ ਕਹਿੰਦੇ ਹੋ ਕਿ ਇਹ ਅੰਦਰੂਨੀ ਮਾਮਲਾ ਹੈ ਪਰ ਇਹ 1948 ਤੋਂ ਹੀ ਸੰਯੁਕਤ ਰਾਸ਼ਟਰ ਦੀ ਦੇਖ-ਰੇਖ ਹੇਠ ਹੈ। ਅਸੀਂ ਸ਼ਿਮਲਾ ਸਮਝੌਤੇ ਅਤੇ ਲਾਹੌਰ ਐਲਾਨਨਾਮੇ ਉੱਤੇ ਸਹੀ ਪਾਈ ਹੈ ਤਾਂ ਕੀ ਇਹ ਅੰਦਰੂਨੀ ਜਾਂ ਦੁਵੱਲਾ ਮਾਮਲਾ ਹੋਇਆ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਕੁਝ ਦਿਨ ਪਹਿਲਾਂ ਕਿਹਾ ਹੈ ਕਿ ਕਸ਼ਮੀਰ ਦੁਵੱਲਾ ਮਾਮਲਾ ਹੈ ਤੇ ਇਸ ਵਿੱਚ ਦਖ਼ਲ ਨਾ ਦਿਓ। ਕੀ ਅਜੇ ਵੀ ਜੰਮੂ ਕਸ਼ਮੀਰ ਅੰਦਰੂਨੀ ਮਾਮਲਾ ਹੈ? ਅਸੀਂ ਇਹ ਜਾਨਣਾ ਚਾਹੁੰਦੇ ਹਾਂ? ਸਮੁੱਚੀ ਕਾਂਗਰਸ ਪਾਰਟੀ ਤੁਹਾਡੇ ਕੋਲੋਂ ਇਹ ਜਾਣਨਾ ਚਾਹੁਦੀ ਹੈ। ਇਸ ਦੇ ਜਵਾਬ ਵਿੱਚ ਸ੍ਰੀ ਸ਼ਾਹ ਨੇ ਤੁਰੰਤ ਕਹਿ ਦਿੱਤਾ ਕਿ ਕਾਂਗਰਸ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ ਕਿ ਕਸ਼ਮੀਰ ਮੁੱਦੇ ਦੀ ਦੇਖ-ਰੇਖ ਸੰਯੁਕਤ ਰਾਸ਼ਟਰ ਕਰ ਰਿਹਾ ਹੈ। ਇਸ ਤਰ੍ਹਾਂ ਕਾਂਗਰਸ ਤਾਂ ਇੱਕ ਤਰ੍ਹਾਂ ਇਹ ਸੁਝਾਅ ਦਿੰਦੀ ਹੈ ਕਿ ਸੰਯੁਕਤ ਰਾਸ਼ਟਰ ਨੂੰ ਇਸ ਮੁੱਦੇ ਨੂੰ ਸੁਲਝਾਉਣ ਲਈ ਦਖ਼ਲ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਅਧੀਰ ਰੰਜਨ ਚੌਧਰੀ ਨੂੰ ਸਫਾਈ ਦੇਣ ਲਈ ਮਜਬੂਰ ਹੋਣਾ ਪੈ ਗਿਆ ਕਿ ਉਹ ਤਾਂ ਇਸ ਮੁੱਦੇ ਉੱਤੇ ਸਿਰਫ ਆਪਣਾ ਭੁਲੇਖਾ ਦੂਰ ਕਰਨਾ ਚਾਹੁੰਦੇ ਸੀ।

Previous articleਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਹੀਂ ਰਹੇ
Next articleਪਾਕਿ ਫ਼ੌਜ ਕਸ਼ਮੀਰੀਆਂ ਲਈ ਕਿਸੇ ਵੀ ਹੱਦ ਤੱਕ ਜਾਵੇਗੀ : ਜਨਰਲ ਬਾਜਵਾ