* ਪੁੱਤਰ ਦੇ ਵਿਦੇਸ਼ ਤੋਂ ਪਰਤਣ ’ਤੇ ਹੋਵੇਗਾ ਸਸਕਾਰ
* ਪ੍ਰਧਾਨ ਮੰਤਰੀ ਸਣੇ ਕਈ ਆਗੂਆਂ ਨੇ ਦੁੱਖ ਪ੍ਰਗਟਾਇਆ
ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ (88) ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਯਾਦ ਸ਼ਕਤੀ ਗੁਆਚਣ ਦੀ ਬਿਮਾਰੀ (ਅਲਜ਼ਾਈਮਰ) ਤੋਂ ਪੀੜਤ ਸਨ ਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਸਵਾਈਨ ਫਲੂ ਵੀ ਹੋ ਗਿਆ ਸੀ। ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਰਹੇ ਫਰਨਾਂਡੇਜ਼ ਅਟਲ ਬਿਹਾਰੀ ਵਾਜਪਈ ਦੀ ਸਰਕਾਰ ’ਚ ਰੱਖਿਆ ਮੰਤਰੀ ਰਹੇ। ਇਸ ਤੋਂ ਇਲਾਵਾ ਉਹ ਸੰਚਾਰ ਮੰਤਰੀ, ਉਦਯੋਗ ਮੰਤਰੀ, ਰੇਲ ਮੰਤਰੀ ਜਿਹੇ ਅਹਿਮ ਅਹੁਦਿਆਂ ਉੱਤੇ ਵੀ ਰਹੇ। ਜਾਰਜ ਫਰਨਾਂਡੇਜ਼ 14ਵੀਂ ਲੋਕ ਸਭਾ ’ਚ ਮੁਜ਼ੱਫ਼ਰਪੁਰ ਤੋਂ ਜਨਤਾ ਦਲ (ਯੂਨਾਈਟਿਡ) ਦੀ ਟਿਕਟ ’ਤੇ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਸਮਤਾ ਪਾਰਟੀ ਦੀ ਸਥਾਪਨਾ ਵੀ ਕੀਤੀ। ਉਹ 1998 ਤੋਂ 2004 ਤੱਕ ਐੱਨਡੀਏ ਸਰਕਾਰ ਵਿਚ ਰੱਖਿਆ ਮੰਤਰੀ ਰਹੇ। ਸੰਨ 1967 ਤੋਂ 2004 ਤੱਕ ਉਨ੍ਹਾਂ ਨੌਂ ਲੋਕ ਸਭਾ ਚੋਣਾਂ ਜਿੱਤੀਆਂ। ਫਰਨਾਂਡੇਜ਼ ਦੀ ਮੌਤ ਉਨ੍ਹਾਂ ਦੇ ਘਰ ਵਿਚ ਹੀ ਹੋਈ। ਸਾਬਕਾ ਕੇਂਦਰੀ ਮੰਤਰੀ ਦੀ ਪਤਨੀ ਲੀਲਾ ਕਬੀਰ ਫਰਨਾਂਡੇਜ਼ ਨੇ ਦੱਸਿਆ ਕਿ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੁੱਤਰ ਸ਼ੌਨ ਫਰਨਾਂਡੇਜ਼ ਦੇ ਅਮਰੀਕਾ ਤੋਂ ਆਉਣ ’ਤੇ ਕੀਤੀਆਂ ਜਾਣਗੀਆਂ।
ਸਾਬਕਾ ਰੱਖਿਆ ਮੰਤਰੀ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਜਾਰਜ ਫਰਨਾਂਡੇਜ਼ ਬੇਖੌਫ਼, ਇਮਾਨਦਾਰ ਤੇ ਭਵਿੱਖਮੁਖੀ ਸਨ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜਾਰਜ ਫਰਨਾਂਡੇਜ਼ ਦੇ ਦੇਹਾਂਤ ਤੇ ਦੁੱਖ ਪ੍ਰਗਟਾਉਂਦਿਆਂ ਸਾਬਕਾ ਕੇਂਦਰੀ ਮੰਤਰੀ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਬਿਹਾਰ ਸਰਕਾਰ ਨੇ ਜਾਰਜ ਫਰਨਾਂਡੇਜ਼ ਦੇ ਦੇਹਾਂਤ ’ਤੇ ਦੋ ਦਿਨਾ ਸੂਬਾਈ ਸੋਗ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਐੱਲ.ਕੇ. ਅਡਵਾਨੀ, ਅਮਿਤ ਸ਼ਾਹ, ਸਾਬਕਾ ਰਾਸ਼ਟਪਰਤੀ ਪ੍ਰਣਬ ਮੁਖਰਜੀ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।