ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਕੇਸ ਦਾ ਸਾਬਕਾ ਤਫ਼ਤੀਸ਼ੀ ਅਧਿਕਾਰੀ ਤੇ ਜਾਂਚ ਏਜੰਸੀ ਵਿੱਚ ਡਿਪਟੀ ਐਸਪੀ ਏ.ਕੇ.ਬੱਸੀ ਆਪਣੇ ਤਬਾਦਲੇ ਖ਼ਿਲਾਫ਼ ਅੱਜ ਸੁਪਰੀਮ ਕੋਰਟ ਪੁੱਜ ਗਿਆ। ਬੱਸੀ ਵੱਲੋਂ ਸਿਖਰਲੀ ਅਦਾਲਤ ਦਾ ਰੁਖ਼ ਕੀਤੇ ਜਾਣ ਨਾਲ ਸੀਬੀਆਈ ਵਿੱਚ ਜਾਰੀ ਰੇੜਕਾ ਹੋਰ ਗੁੰਝਲਦਾਰ ਬਣਨ ਦੇ ਆਸਾਰ ਬਣ ਗਏ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਹੈਦਰਾਬਾਦ ਪੁਲੀਸ ਨੂੰ ਅਸਥਾਨਾ ਖ਼ਿਲਾਫ਼ ਕਥਿਤ ਵੱਢੀ ਲੈਣ ਦੇ ਮਾਮਲੇ ’ਚ ਸ਼ਿਕਾਇਤਕਰਤਾ ਕਾਰੋਬਾਰੀ ਸਤੀਸ਼ ਸਾਨਾ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਯੂ.ਯੂ.ਲਲਿਤ ਤੇ ਕੇ.ਐੱਮ.ਜੋਜ਼ੇਫ਼ ਦੇ ਬੈਂਚ ਨੇ ਸੀਬੀਆਈ ਵੱਲੋਂ ਸਨਾ ਖ਼ਿਲਾਫ਼ ਜਾਰੀ ਸੰਮਨਾਂ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ। ਇਹੀ ਨਹੀਂ ਤਿੰਨ ਮੈਂਬਰੀ ਬੈਂਚ ਨੇ ਸਨਾ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਕੇ.ਪਟਨਾਇਕ ਦੀ ਹਾਜ਼ਰੀ ਵਿੱਚ ਉਹਦੇ ਬਿਆਨ ਕਲਮਬੰਦ ਕੀਤੇ ਜਾਣ ਦੀ ਅਪੀਲ ਵੀ ਖਾਰਜ ਕਰ ਦਿੱਤੀ।
ਇਸ ਤੋਂ ਪਹਿਲਾਂ ਸੀਬੀਆਈ ’ਚ ਡਿਪਟੀ ਐਸਪੀ ਏ.ਕੇ.ਬੱਸੀ ਨੇ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ 24 ਅਕਤੂਬਰ ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਕੀਤੇ ਆਪਣੇ ਤਬਾਦਲੇ ਨੂੰ ‘ਬਦਨੀਅਤੀ’ ਨਾਲ ਕੀਤੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਇਕੋ ਇਕ ਮੰਤਵ ‘ਸੰਵੇਦਨਸ਼ੀਲ ਜਾਂਚ ਨੂੰ ਲੀਹੋਂ ਲਾਉਣਾ’ ਸੀ। ਬੱਸੀ ਨੇ ਕਿਹਾ ਕਿ ਅਸਥਾਨਾ ਖਿਲਾਫ਼ ਲੱਗੇ ਦੋਸ਼ ਕਾਫ਼ੀ ‘ਗੰਭੀਰ’ ਹਨ। ਸੀਬੀਆਈ ਅਧਿਕਾਰੀ ਨੇ ਮੰਗ ਕੀਤੀ ਕਿ ਤਬਾਦਲੇ ਖ਼ਿਲਾਫ਼ ਦਾਇਰ ਉਹਦੀ ਅਪੀਲ ’ਤੇ 2 ਨਵੰਬਰ ਨੂੰ ਜ਼ਰੂਰੀ ਸੁਣਵਾਈ ਕੀਤੀ ਜਾਵੇ। ਸਿਖਰਲੀ ਅਦਾਲਤ ਨੇ ਬੱਸੀ ਨੂੰ ਭਰੋਸਾ ਦਿੱਤਾ ਕਿ ਉਹ ਇਸ ’ਤੇ ਗੌਰ ਕਰੇਗੀ।
ਉਧਰ ਕਾਰੋਬਾਰੀ ਸਤੀਸ਼ ਸਨਾ ਵੱਲੋਂ ਪੇਸ਼ ਸੀਨੀਅਰ ਵਕੀਲ ਰਾਜੂ ਰਾਮਚੰਦਰਨ ਨੇ ਕਿਹਾ ਕਿ ਕਾਰੋਬਾਰੀ ਦੀ ਜਾਨ ਨੂੰ ਖ਼ਤਰਾ ਹੈ, ਲਿਹਾਜ਼ਾ ਉਸ ਨੂੰ ਫ਼ੌਰੀ ਸੁਰੱਖਿਆ ਦਿੱਤੀ ਜਾਵੇ। ਰਾਮਚੰਦਰਨ ਨੇ ਸੀਬੀਆਈ ਵੱਲੋਂ ਜਾਰੀ ਸੱਜਰੇ ਸੰਮਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਸੰਮਨਾਂ ਤੇ ਕੇਸ ਨਾਲ ਸਬੰਧਤ ਤਫ਼ਤੀਸ਼ੀ ਅਧਿਕਾਰੀ ਨੂੰ ਤਬਦੀਲ ਕੀਤੇ ਜਾਣ ਨਾਲ ਸਾਬਕਾ ਜਸਟਿਸ ਪਟਨਾਇਕ ਦਾ ਕੰਮ ਹੋਰ ਜਟਿਲ ਹੋ ਜਾਵੇਗਾ। ਜਸਟਿਸ ਪਟਨਾਇਕ ਸੀਬੀਆਈ ਡਾਇਰੈਕਟਰ ਆਲੋਕ ਵਰਮਾ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀਵੀਸੀ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਨਿਗਰਾਨੀ ਕਰ ਰਹੇ ਹਨ। ਉਪਰੰਤ ਬੈਂਚ ਨੇ ਸਨਾ ਦੀ ਸੱਜਰੇ ਸੰਮਨਾਂ ’ਤੇ ਰੋਕ ਲਾਉਣ ਦੀ ਅਪੀਲ ਖਾਰਜ ਕਰਦਿਆਂ ਹੈਦਰਾਬਾਦ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਸ਼ਿਕਾਇਤਕਰਤਾ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਕਰਵਾਏ।
ਇਸ ਦੌਰਾਨ ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਸ਼ਮੂਲੀਅਤ ਵਾਲੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਦਲਾਲ ਮਨੋਜ ਪ੍ਰਸਾਦ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਪਹਿਲੀ ਨਵੰਬਰ ਨੂੰ ਕੀਤੀ ਜਾਵੇਗੀ। ਪ੍ਰਸਾਦ ਨੇ ਪਟੀਸ਼ਨ ’ਚ ਉਸ ਖ਼ਿਲਾਫ਼ ਦਰਜ ਐਫਆਈਆਰ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ। ਜਸਟਿਸ ਨਾਜਮੀ ਵਜ਼ੀਰੀ ਨੇ ਪ੍ਰਸਾਦ ਦੀ ਭੈਣ ਵੱਲੋਂ ਦਾਇਰ ਪਟੀਸ਼ਨ ’ਤੇ ਅੱਜ ਸੁਣਵਾਈ ਕਰਨੀ ਸੀ, ਪਰ ਪ੍ਰਸਾਦ ਲਈ ਜ਼ਿਰ੍ਹਾ ਕਰਨ ਵਾਲੇ ਸੀਨੀਅਰ ਵਕੀਲ ਦੇ ਸੁਪਰੀਮ ਕੋਰਟ ’ਚ ਰੁੱਝੇ ਹੋਣ ਕਾਰਨ ਸੁਣਵਾਈ ਅੱਗੇ ਪਾ ਦਿੱਤੀ।
INDIA ਸਾਬਕਾ ਤਫ਼ਤੀਸ਼ੀ ਅਧਿਕਾਰੀ ਤਬਾਦਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜਾ