ਭਾਰਤੀ ਅਰਥਵਿਵਸਥਾ ਦੇ ਪਟੜੀ ’ਤੇ ਆਉਣ ਦੇ ਸੰਕੇਤ ਮਿਲਣ ਲੱਗੇ: ਦਾਸ

ਮੁੰਬਈ (ਸਮਾਜਵੀਕਲੀ):  ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ ਦੇ ਆਮ ਵਾਂਗ ਹੋਣ ਦੇ ਸੰਕੇਤ ਮਿਲ ਰਹੇ ਹਨ। ਜਿਵੇਂ-ਜਿਵੇਂ ਲੌਕਡਾਊਨ ਵਿਚ ਢਿੱਲ ਦਿੱਤੀ ਜਾ ਰਹੀ ਹੈ, ਅਰਥਚਾਰਾ ਪੱਟੜੀ ’ਤੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਕੇ ਦੀ ਮੰਗ ਭਰੋਸਾ ਬਹਾਲ ਕਰਨ, ਵਿੱਤੀ ਸਥਿਰਤਾ ਨੂੰ ਸਾਂਭਣ ਦੀ ਹੈ।

ਵਿਕਾਸ ਨੂੰ ਰਫ਼ਤਾਰ ਦੇ ਕੇ ਮਜ਼ਬੂਤੀ ਨਾਲ ਰਿਕਵਰੀ ਕਰਨੀ ਸਮੇਂ ਦੀ ਲੋੜ ਹੈ। ਐੱਸਬੀਆਈ ਦੇ 7ਵੇਂ ਬੈਂਕਿੰਗ ਤੇ ਅਾਰਥਿਕ ਸੰਮੇਲਨ ਮੌਕੇ ਦਾਸ ਨੇ ਕਿਹਾ ਕਿ ਭਾਰਤੀ ਕੰਪਨੀਆਂ ਤੇ ਉਦਯੋਗਾਂ ਨੇ ਸੰਕਟ ਦਾ ਬਿਹਤਰ ਢੰਗ ਨਾਲ ਸਾਹਮਣਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਸਪਲਾਈ ਲੜੀਆਂ ਪੂਰੀ ਸਮਰੱਥਾ ਨਾਲ ਕਦੋਂ ਚੱਲਣਗੀਆਂ, ਇਸ ਬਾਰੇ ਹਾਲੇ ਪੱਕਾ ਪਤਾ ਨਹੀਂ ਹੈ। ਨਾ ਹੀ ਮੰਗ ਦੇ ਪਹਿਲਾਂ ਵਾਲੇ ਪੱਧਰ ’ਤੇ ਆਉਣ ਬਾਰੇ ਕੁਝ ਕਿਹਾ ਜਾ ਸਕਦਾ ਹੈ।

ਆਰਬੀਆਈ ਦੇ ਗਵਰਨਰ ਦਾਸ ਨੇ ਕਿਹਾ ਕਿ ਮਹਾਮਾਰੀ ਵਿਕਾਸ ਦੀਆਂ ਸੰਭਾਵਨਾਵਾਂ ਉਤੇ ਕੀ ਅਸਰ ਛੱਡ ਕੇ ਜਾਵੇਗੀ, ਇਹ ਬਾਰੇ ਅੰਦਾਜ਼ਾ ਲਾਉਣਾ ਔਖਾ ਹੈ। ਉਨ੍ਹਾਂ ਕਿਹਾ ਕਿ ਸੇਧਿਤ ਤੇ ਵਿਆਪਕ ਸੁਧਾਰ ਲਈ ਚੁੱਕੇ ਕਦਮਾਂ ਨਾਲ ਵਿਕਾਸ ਨੂੰ ਹੁਲਾਰਾ ਮਿਲਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੇਂਦਰੀ ਬੈਂਕ ਬੈਂਕਿੰਗ ਢਾਂਚੇ ਨੂੰ ਨਿੱਗਰ ਰੱਖਣ ਤੇ ਆਰਥਿਕ ਗਤੀਵਿਧੀ ਬਰਕਰਾਰ ਰੱਖਣ ਲਈ ਪੂਰਾ ਜ਼ੋਰ ਲਾ ਰਹੀ ਹੈ ਤਾਂ ਕਿ ਵਿੱਤੀ ਸਥਿਰਤਾ ਬਣੀ ਰਹੇ।

ਦਾਸ ਨੇ ਕਿਹਾ ਕਿ ਕੋਵਿਡ ਸੰਕਟ ਦੇ ਮੱਦੇਨਜ਼ਰ ਦੇਸ਼ ਦੇ ਸਾਰੇ ਅਦਾਇਗੀ ਢਾਂਚੇ ਤੇ ਵਿੱਤੀ ਬਜ਼ਾਰ ਬਿਨਾਂ ਅੜਿੱਕਾ ਕੰਮ ਕਰ ਰਹੇ ਹਨ, ਅਾਰਬੀਆਈ ਵੀ ਪੂਰੀ ਨਿਗਰਾਨੀ ਕਰ ਰਿਹਾ ਹੈ। ਗਵਰਨਰ ਨੇ ਨਾਲ ਹੀ ਕਿਹਾ ਕਿ ਬੈਂਕਾਂ ਨੂੰ ਪ੍ਰਸ਼ਾਸਕੀ ਸੁਧਾਰ ਕਰਨੇ ਪੈਣਗੇ, ਜ਼ੋਖਮ ਪ੍ਰਬੰਧਨ ਨੂੰ ਹੋਰ ਤਿੱਖਾ ਕਰਨਾ ਪਵੇਗਾ ਤੇ ਨਾਲ ਹੀ ਰਾਸ਼ੀ ਵੀ ਜੁਟਾਉਣੀ ਪਵੇਗੀ।

ਆਰਬੀਆਈ ਗਵਰਨਰ ਨੇ ਵਿੱਤੀ ਬੋਝ ਹੇਠਾਂ ਦੱਬੀਆਂ ਵਿੱਤੀ ਸੰਸਥਾਵਾਂ ਦੇ ਉਭਾਰ ਲਈ ‘ਰੈਜ਼ੋਲਿਊਸ਼ਨ ਕਾਰਪੋਰੇਸ਼ਨ’ ਕਾਇਮ ਕਰਨ ਦੀ ਵਕਾਲਤ ਕੀਤੀ, ਜਿਸ ਨੂੰ ਵਿਧਾਨਕ ਪ੍ਰਵਾਨਗੀ ਹਾਸਲ ਹੋਵੇ। ਉਨ੍ਹਾਂ ਕਿਹਾ ਕਿ ਇਹ ਰੈਗੂਲੇਟਰ ਅਗਾਊਂ ਚਿਤਾਵਨੀ ਦੇ ਸਕੇਗਾ ਤੇ ਉੱਭਰ ਰਹੇ ਵਿੱਤੀ ਜੋਖ਼ਮਾਂ ਬਾਰੇ ਵੀ ਦੱਸੇਗਾ।

Previous articleCritics blast Trump for commuting Stone jail term
Next articleਸੰਸਦ ’ਚ ਸਰਕਾਰ ਨੂੰ ਘੇਰਨ ਲਈ ਸੋਨੀਆ ਦੀ ਆਪਣੇ ਐੱਮਪੀਜ਼ ਨਾਲ ਮੀਟਿੰਗ