ਸਾਬਕਾ ਡੀਜੀਪੀ ਸੁਮੇਧ ਸੈਣੀ ਤਲਬ

ਬੇਅਦਬੀ ਮਾਮਲੇ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਸੂਬੇ ਦੇ ਸਾਬਕਾ ਡੀਜੀਪੀ ਅਤੇ ਵਿਵਾਦਾਂ ’ਚ ਘਿਰੇ ਰਹਿਣ ਵਾਲੇ ਸੁਮੇਧ ਸਿੰਘ ਸੈਣੀ ਨੂੰ ਤਲਬ ਕਰ ਲਿਆ ਹੈ। ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਸਿਟ ਵੱਲੋਂ ਸਾਬਕਾ ਪੁਲੀਸ ਮੁਖੀ ਨੂੰ 25 ਫਰਵਰੀ ਨੂੰ ਆਈਪੀਐੱਸ ਅਧਿਕਾਰੀ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੈਣੀ ਨੂੰ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਤਲਬ ਕੀਤਾ ਗਿਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ’ਚ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ 14 ਅਕਤੂਬਰ 2015 ਨੂੰ ਕੋਟਕਪੂਰਾ ਦੇ ਚੌਕ ਵਿਚ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ’ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ ਤੇ ਗੋਲੀ ਵੀ ਚਲਾਈ ਗਈ ਸੀ। ਇਸ ਦੌਰਾਨ ਕਈ ਵਿਅਕਤੀ ਜ਼ਖ਼ਮੀ ਹੋ ਗਏ ਸਨ। ਕੈਪਟਨ ਸਰਕਾਰ ਵੱਲੋਂ ਗਠਿਤ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਅਗਸਤ 2018 ਨੂੰ ਕੋਟਕਪੂਰਾ ਥਾਣੇ ’ਚ ਕੇਸ ਦਰਜ ਕੀਤਾ ਗਿਆ ਸੀ। ਕਮਿਸ਼ਨ ਨੇ ਸਾਬਕਾ ਪੁਲੀਸ ਮੁਖੀ ਵੱਲੋਂ ਦਿੱਤੇ ਹਲਫ਼ੀਆ ਬਿਆਨ ਦੇ ਆਧਾਰ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੀ ਬਾਦਲ ਦੇ ਨਾਲ ਤਾਇਨਾਤ ਕਈ ਆਈਏਐੱਸ ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਸ਼ੱਕ ਦੀ ਉਂਗਲ ਧਰੀ ਸੀ। ਸਿਟ ਨਾਲ ਜੁੜੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸੁਮੇਧ ਸੈਣੀ ਖ਼ਿਲਾਫ ਕੋਟਕਪੂਰਾ ਗੋਲੀ ਕਾਂਡ ਸਬੰਧੀ ਪੁਖ਼ਤਾ ਸਬੂਤ ਹਨ। ਪੁਲੀਸ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਸਿਟ ਵੱਲੋਂ ਗ੍ਰਿਫ਼ਤਾਰ ਕੀਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਵੀ ਪੁੱਛਗਿੱਛ ਦੌਰਾਨ ਤਤਕਾਲੀ ਪੁਲੀਸ ਮੁਖੀ ਦੀ ਕੋਟਕਪੂਰਾ ਗੋਲੀ ਕਾਂਡ ਵਿੱਚ ਭੂਮਿਕਾ ਸਬੰਧੀ ਕੁੱਝ ਖੁਲਾਸੇ ਕੀਤੇ ਹਨ। ਪੁਲੀਸ ਦੇ ਸਾਬਕਾ ਤੇ ਮੌਜੂਦਾ ਸੀਨੀਅਰ ਅਧਿਕਾਰੀਆਂ ਨੂੰ ਤਲਬ ਕੀਤੇ ਜਾਣ ਕਰ ਕੇ ਅਕਾਲੀਆਂ ਖ਼ਾਸ ਕਰ ਕੇ ਬਾਦਲ ਪਰਿਵਾਰ ਵਿੱਚ ਘਬਰਾਹਟ ਪਾਈ ਜਾ ਰਹੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਚੰਡੀਗੜ੍ਹ ਵਿੱਚ ਪੱਤਰਕਾਰਾਂ ਸਾਹਮਣੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਤੇ ਪ੍ਰਗਟਾਵੇ ਕੀਤੇ ਗਏ ਹਨ ਉਸ ਤੋਂ ਕੋਟਕਪੂਰਾ ਗੋਲੀ ਕਾਂਡ ਦਾ ਸੇਕ ਬਾਦਲਾਂ ਤੱਕ ਪਹੁੰਚਣ ਦਾ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਮੇਧ ਸਿੰਘ ਸੈਣੀ ਵੱਲੋਂ ਦਾਇਰ ਇੱਕ ਪਟੀਸ਼ਨ ‘ਤੇ ਪੰਜਾਬ ਪੁਲੀਸ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਸਾਬਕਾ ਪੁਲੀਸ ਮੁਖੀ ਨੂੰ ਜੇਕਰ ਗ੍ਰਿਫ਼ਤਾਰ ਕਰਨਾ ਹੈ ਤਾਂ ਇੱਕ ਹਫ਼ਤੇ ਦਾ ਅਗਾਊਂ ਨੋਟਿਸ ਦਿੱਤਾ ਜਾਵੇ। ਇਸ ਪਟੀਸ਼ਨ ’ਤੇ ਸੁਣਵਾਈ 26 ਫ਼ਰਵਰੀ ਨੂੰ ਹੋਣੀ ਹੈ ਅਤੇ ਸਿਟ ਨੇ ਹਾਈ ਕੋਰਟ ’ਚ ਹੋਣ ਵਾਲੀ ਸੁਣਵਾਈ ਤੋਂ ਮਹਿਜ਼ ਇੱਕ ਦਿਨ ਪਹਿਲਾਂ ਹੀ ਸੈਣੀ ਨੂੰ ਤਲਬ ਕਰ ਲਿਆ ਹੈ।

Previous articleਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਵਿਧਾਨ ਸਭਾ ਵਿਚੋਂ ਵਾਕਆਊਟ
Next articleਮੁਲਕ ਸਦਮੇ ’ਚ ਸੀ ਤੇ ਮੋਦੀ ਸ਼ੂਟਿੰਗ ’ਚ ਰੁੱਝੇ ਸਨ: ਕਾਂਗਰਸ