ਸਾਤਵਿਕਸਾਈਰਾਜ ਰੰਕੀਰੈਡੀ ਅਤੇ ਅਸ਼ਵਿਨੀ ਪੋਨੱਪਾ ਦੀ ਭਾਰਤ ਦੀ ਮਿਕਸਡ ਡਬਲਜ਼ ਜੋੜੀ ਅੱਜ ਇੱਥੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਪਹੁੰਚ ਗਈ ਹੈ। ਉਸ ਨੇ ਪਹਿਲੇ ਗੇੜ ਵਿੱਚ ਪ੍ਰਵੀਨ ਜੌਰਡਨ ਅਤੇ ਮੇਲਾਤੀ ਦੇਈਵਾ ਓਕਤਾਵਿਆਂਤੀ ਦੀ ਇੰਡੋਨੇਸ਼ੀਆ ਦੀ ਦੁਨੀਆਂ ਦੀ ਸੱਤਵੇਂ ਨੰਬਰ ਦੀ ਜੋੜੀ ਨੂੰ ਹਰਾ ਕੇ ਉਲਟਫੇਰ ਕੀਤਾ।
ਸਾਤਵਿਕ ਅਤੇ ਅਸ਼ਵਿਨੀ ਦੀ ਦੁਨੀਆਂ ਦੀ 26ਵੇਂ ਨੰਬਰ ਦੀ ਜੋੜੀ ਨੇ ਇੱਕ ਗੇਮ ਗੁਆਉਣ ਦੇ ਬਾਵਜੂਦ 50 ਮਿੰਟ ਵਿੱਚ ਪ੍ਰਵੀਨ ਅਤੇ ਮੇਲਾਤੀ ਦੀ ਜੋੜੀ ਨੂੰ 22-20, 17-21, 21-17 ਨਾਲ ਸ਼ਿਕਸਤ ਦੇ ਕੇ ਦਸ ਲੱਖ ਡਾਲਰ ਇਨਾਮੀ ਵਿਸ਼ਵ ਟੂਰ ਸੁਪਰ 1000 ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ। ਜੌਰਡਨ ਅਤੇ ਮੇਲਾਤੀ ਦੀ ਜੋੜੀ ਇੰਡੀਆ ਓਪਨ-2018 ਸਣੇ ਪੰਜ ਵਾਰ ਫਾਈਨਲ ਵਿੱਚ ਥਾਂ ਬਣਾ ਚੁੱਕੀ ਹੈ, ਪਰ ਅੱਜ ਭਾਰਤੀ ਜੋੜੀ ਨੇ ਉਸ ਨੂੰ ਲਗਾਤਾਰ ਦਬਾਅ ਵਿੱਚ ਰੱਖਦਿਆਂ ਜਿੱਤ ਦਰਜ ਕੀਤੀ। ਸਾਤਵਿਕ ਅਤੇ ਅਸ਼ਵਿਨੀ ਦਾ ਸਾਹਮਣਾ ਹੁਣ ਅਗਲੇ ਗੇੜ ਵਿੱਚ ਯੂਕੀ ਕਾਨੈਕੋ ਤੇ ਮਿਸਾਕੀ ਮਾਤਸੁਤੋਮੋ ਦੀ ਜਾਪਾਨੀ ਜੋੜੀ ਜਾਂ ਸੈਮੀ ਮੈਗੀ ਅਤੇ ਕਲੋ ਮੈਗੀ ਦੀ ਆਇਰਲੈਂਡ ਜੋੜੀ ਨਾਲ ਹੋਵੇਗਾ।
ਭਾਰਤੀ ਜੋੜੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਹ 4-7 ਨਾਲ ਪੱਛੜ ਗਈ। ਲਗਾਤਾਰ ਪੰਜ ਅੰਕ ਦੀ ਬਦੌਲਤ ਸਾਤਵਿਕ ਅਤੇ ਅਸ਼ਵਿਨੀ ਹਾਲਾਂਕਿ ਬਰੇਕ ਤੱਕ 11-10 ਦੀ ਲੀਡ ਬਣਾਉਣ ਵਿੱਚ ਸਫਲ ਰਹੇ। ਬਰੇਕ ਮਗਰੋਂ ਜੌਰਡਨ ਅਤੇ ਮੇਲਾਤੀ ਦੀ ਜੋੜੀ ਨੇ 18-12 ਦੀ ਲੀਡ ਹਾਸਲ ਕਰ ਲਈ, ਪਰ ਭਾਰਤੀ ਜੋੜੀ ਨੇ ਜ਼ੋਰਦਾਰ ਵਾਪਸੀ ਕਰਦਿਆਂ ਸਕੋਰ 20-20 ਕੀਤਾ ਅਤੇ ਫਿਰ ਗੇਮ ਜਿੱਤ ਲਈ। ਤੀਜੇ ਅਤੇ ਫ਼ੈਸਲਾਕੁਨ ਗੇਮ ਵਿੱਚ ਸਾਤਵਿਕ ਅਤੇ ਅਸ਼ਵਿਨੀ ਨੇ ਚੰਗੀ ਸ਼ੁਰੂਆਤ ਕਰਦਿਆਂ ਬਰੇਕ ਤੱਕ 11-6 ਨਾਲ ਅੱਗੇ ਹੋ ਗਏ। ਜੌਰਡਨ ਅਤੇ ਮੇਲਾਤੀ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਜੋੜੀ ਨੇ ਲੀਡ ਬਰਕਰਾਰ ਰੱਖਦਿਆਂ ਗੇਮ ਅਤੇ ਮੈਚ ਆਪਣੇ ਨਾਮ ਕੀਤਾ।
Sports ਸਾਤਵਿਕ-ਅਸ਼ਵਿਨੀ ਨੇ ਚਾਈਨਾ ਓਪਨ ਦਾ ਪਹਿਲਾ ਗੇੜ ਜਿੱਤਿਆ