ਸਾਡੇ ਸਮਾਜ ਲਈ ਘਾਤਕ ਬਣਦਾ ਜਾ ਰਿਹਾ “ਸਨੈਪ-ਚੈਟ”

(ਸਮਾਜਵੀਕਲੀ)

ਇਹ ਸ਼ਾਇਦ ਆਪਣੇ ਢੰਗ ਦਾ ਪਹਿਲਾ ਅਤੇ ਹੈਰਾਨ ਕਰਨ ਵਾਲਾ ਯੰਤਰ ਹੈ। ਇਸ ਲਈ, ਕਿਉਂਕਿ ਸਾਡੇ ਦੇਸ਼ ਵਿਚ ਇਕ ਪਾਸੇ ਤਾਂ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜਾਈ ਲੜ ਰਿਹਾ ਹੈ, ਦੂਜੇ ਪਾਸੇ ਕੋਰੋਨਾ ਦੀ ਪਿੱਠ ਪਿੱਛੇ ਇੰਕਾਤ ਵਿਚ ਸਾਡੀ ਅਲੜ੍ਹ ਉਮਰ ਦੀ ਪੀੜ੍ਹੀ ਕੀ ਕਰ ਰਹੀ ਹੈ। ਇਹ ਤਾਂ ਸਿਰਫ ਇਕ ਨਮੂਨਾ ਹੈ ਕਿ ਦਿਲੀ ਵਿਚ ਇਕ ਨਵੇ ‘ਬੁਆਇਜ਼ ਲੌਕਰ ਰੂਮ’ ਕੇਸ ਵਿਚ ਪੁਲਿਸ ਵਲੋਂ ਇਕ ਵੱਡਾ ਸੰਨਸਨੀ ਖੇਜ ਖੁਲਾਸਾ ਹੋਇਆ ਹੈ? ਸੱਚਮੁਚ ਇਹ ਹੈਰਾਨ ਕਰ ਦੇਣ ਵਾਲਾ ਹੈ। ਕਿਉਕਿ ਸ਼ੋਸ਼ਲ ਮੀਡੀਆ ਤੇ ਇਕ ਨਾਬਾਲਿਗ ਲੜਕੀ ਦੇ ਨਾਲ ਗੈਗਰੇਪ ਦੀ ਸਨੈਪਚੈਟ ਕਰਨ ਵਾਲੇ ਅਲੜ੍ਹ ਉਮਰ ਦੀ ਅਵਸਥਾ ਵਿਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹੀ ਮੰਨਿਆ ਜਾ ਰਿਹਾ ਹੈ ਕਿ ਇਹ ਔਰਤਾਂ ਦੇ ਪ੍ਰਤੀ ਮਰਦਾ ਦੀ ਮਾਨਸਿਕਤਾ ਦੀ ਗਿਣਤੀ ਵਿਚ ਇਕ ਹੋਰ ਉਦਾਹਰਣ ਜੁੜ ਗਈ ਹੈ। ਇਸ ਦੇ ਲਈ ਸ਼ੋਸ਼ਲ ਮੀਡੀਆ ਨੇ ਪੂਰੇ ਮਰਦ ਸਮਾਜ ਨੂੰ ਵੀ ਟ੍ਰੋਲ ਕੀਤਾ ਹੈ।

ਇਸ ਮਾਮਲੇ ਦੀ ਗਹਿਰਾਈ ਤੋਂ ਪਤਾ ਲੱਗਾ ਕਿ ਇਕ ਲੜਕੀ ਨੇ ਹੀ ‘ਸਿਧਾਰਥ’ ਨਾਮ ਦੇ ਲੜਕੇ ਦੇ ਨਾਮ ਤੇ ਇਕ ਜਾਅਲੀ ਅਕਾਊਟ ਬਣਾਇਆ ਅਤੇ ਉਹੀ ਲੜਕੀ ਸਨੈਪ-ਚੈਟ ਤੇ ਗੈਗਰੇਪ ਨੂੰ ਲੈ ਕੇ ਗੱਲਬਾਤ ਦੇ ਲਈ ਲੜਕਿਆ ਨੂੰ ਉਤਸਾਹਿਤ ਕਰਦੀ ਸੀ। ਪੁਲਿਸ ਨੇ ਉਸ ਲੜਕੀ ਦਾ ਨਾਮ ਉਜਾਗਰ ਨਹੀ ਕੀਤਾ, ਪਰ ਦੱਸਿਆ ਇਹ ਜਾ ਰਿਹਾ ਹੈ ਕਿ ਲੜਕੀ ਨੇ ਇਹ ਸੱਭ ਕੁਝ ਇਸ ਲਈ ਕੀਤਾ ਹੈ ਕਿ ਉਹ ਗੈਗਰੇਪ ਨੂੰ ਲੈ ਕੇ ਲੜਕਿਆਂ ਦੀ ਪ੍ਰਤੀਕਰਿਆ ਜਾਨਣਾ ਚਾਹੁੰਦੀ ਸੀ। ਸ਼ਾਇਦ ਇਹ ਉਸ ਲੜਕੀ ਦੇ ਲਈ ਮਨੋਰੰਜਨ ਦਾ ਹੀ ਇਕ ਸਾਧਨ ਸੀ। ਦਿਲੀ ਪੁਲਿਸ ਦੇ ਡੀਸੀਪੀ ਸਾਇਬਰ ਸੈਲ ਦੇ ਅਨੁਸਾਰ ਉਹ ਲੜਕੀ ਗੈਗਰੇਪ ਦੀ ਗੱਲਬਾਤ ਦੇ ਜ਼ਰੀਏ ਇਕ ਲੜਕੇ ਦੇ ਵਿਵਹਾਰ ਅਤੇ ਚਰਿਤਰ ਦੇ ਬਾਰੇ ਪਤਾ ਲਗਾਉਣਾ ਚਾਹੁੰਦੀ ਸੀ, ਅਤੇ ਗੈਗਰੇਪ ਪ੍ਰਤੀ ਲੜਕਿਆਂ ਦੀਆਂ ਭਾਵਨਾਵਾਂ ਨੂੰ ਜਾਨਣਾ ਚਾਹੁੰਦੀ ਸੀ। ਦਰਅਸਲ ਇਹ ਦੋ ਲੋਕਾਂ ਦੇ ਵਿਚ ਦੀ ਗੱਲਬਾਤ ਸੀ ਅਤੇ ਉਸ ਲੜਕੀ ਦਾ ਨਿਸ਼ਾਨਾ ਸਿਰਫ ਧੋਖਾ ਕਰਨਾ ਸੀ। ਇਸ ਲਈ ਕਨੂੰਨ ਦੇ ਅਨੁਸਾਰ ਉਸ ਦੇ ਖਿਲਾਫ ਕੋਈ ਅਪਰਾਧ ਨਹੀ ਬਣਦਾ, ਆਓ ਪਹਿਲਾਂ ਇਸ ਮਾਮਲੇ ਨੂੰ ਪੂਰਾ ਸਮਝਈਏ ਕਿ ਅਸਲ ਮਾਮਲਾ ਕੀ ਹੈ।

ਦੇਸ਼ ਵਿਚ ਸਖਤ ਲੌਕਡਾਊਨ ਦੇ ਦੌਰਾਨ ਇਕ ਸ਼ੋਸ਼ਲ ਮੀਡੀਆ ਯੂਜਰ ਨੇ 3 ਮਈ ਨੂੰ ਇਕ ਇੰਸਟਾਗ੍ਰਾਮ ਚੈਟ ਦੇ ਬਾਰੇ ਵਿਚ ਬੜਾ ਵੱਡਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਇਕ ਇੰਸਟਾਗ੍ਰਾਮ ਆਈ ਡੀ ਗਰੁਪ ਬਣਿਆ ਹੋਇਆ ਹੈ ਜਿਸ ਗਰੁਪ ਵਿਚ ਸਾਊਥ ਦਿਲੀ ਦੇ ਸੈਕੜੇ ਲੜਕੇ ਜੁੜੇ ਹੋਏ ਹਨ, ਜੋ ਕਿ ਅਕਸਰ ਗਰੁਪ ਵਿਚ ਲੜਕੀਆ ਦੀਆਂ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ।ਇਸ ਗਰੁਪ ਵਿਚ ਲੜਕੀਆਂ ਦੀਆਂ ਫੋਟੋਆਂ ਨੂੰ ਦੇਖ ਕੇ “ਗੈਗਰੇਪ” ਪਲੈਨ ਕੀਤੇ ਜਾਂਦੇ ਹਨ। ਇਹ ਖਬਰ ਅੱਗ ਵਾਂਗ ਫੈਲਣ ਤੋਂ ਬਾਅਦ ਸ਼ੋਸ਼ਲ ਮੀਡੀਆਂ ਵਿਚ ਹਫੜਾ-ਦਫੜੀ ਮਚ ਗਈ। ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਮਹਿਲਾਂ ਪੁਲਿਸ ਦੇ ਇੰਚਾਰਜ ਨੇ ਇਸ ਕੇਸ ਨੂੰ ਗੰਭੀਰਤਾ ਨਾਲ ਲੈਦੇ ਹੋਏ ਖੁਦ ਇੰਨਕੁਆਰੀ ਕਰਨ ਲਈ ਕੁਝ ਖਾਸ ਮੁਲਾਜ਼ਮਾ ਦੀਆਂ ਡਿਊਟੀਆਂ ਲਗਾਈਆ।ਉਹਨਾ ਨੇ ਖੁਦ ਟਵੀਟ ਕਰਕੇ ਇਹ ਵੀ ਕਿਹਾ ਕਿ ਇੰਸਟਾਗ੍ਰਾਮ ਆਈ ਡੀ ਤੇ ਇਹ ਹਰਕਤ ਇਕ ਘਨੌਣੀ, ਅਪਰਾਧੀ ਅਤੇ ਬਲਾਤਕਾਰੀ ਮਾਨਸਿਕਤਾ ਦਾ ਪ੍ਰਮਾਣ ਹੈ।ਇਸ ਤੋਂ ਬਾਅਦ ਉਹਨਾਂ ਨੂੰ ਵੀ ਮਾਰ ਦੇਣ ਦੀਆਂ ਧਮਕੀਆ ਮਿਲੀਆ।

ਦਰਅਸਲ ਸ਼ੋਸ਼ਲ ਨੈਟਵਰਕਿੰਗ ਦੀ ਸਾਇਟ ਇੰਸਟਾਗ੍ਰਾਮ ਤੇ ‘ਬੁਆਇਜ਼ ਲੌਕਰ ਰੂਮ’ ਨਾਲ 17-18 ਸਾਲ ਦੇ ਮੁੰਡਿਆ ਦਾ ਇਕ ਗਰੁਪ ਬਣਿਆ ਹੋਇਆ ਸੀ। ਇਸ ਗਰੁਪ ਵਿਚ ਲੜਕੀਆਂ ਦੇ ਮੌਡੀਫਾਈਡ (ਕੱਟ ਪੇਸਟ ਨਾਲ ਬਣਾਈਆਂ ਗਈਆਂ ਨਕਲੀ ਫੋਟੋਆਂ) ਫੋਟੋ ਅਪਲੋਡ ਕਰਕੇ ਅਸ਼ਲੀਲ ਗੱਲਾਂ (ਚੈਟ) ਕੀਤੀਆਂ ਜਾਂਦੀਆਂ ਸਨ। ਇਸ ਦੇ ਨਾਲ ਨਾਲ ਨਾਬਾਲਿਗ ਲੜਕੀਆਂ ਦੇ ਨਾਲ ਘਿਨੌਣੇ ਅਪਰਾਧ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ। ਸ਼ੋਸ਼ਲ ਮੀਡੀਆ ਤੇ ਚੈਟ ਦੇ ਸਕਰੀਨ ਸ਼ੌਟ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿਚ ਆਈ। ਉਹਦੇ ਵਿਚ ਸਾਇਬਰ ਸੈਲ ਨੇ ਇਕ 18 ਸਾਲ ਦੇ ਲੜਕੇ ਨੂੰ ਫੜਿਆ ਉਹ ਲੜਕਾ ਇਸ ਗਰੁਪ ਦਾ ਐਡਮਿਨ ਸੀ। ਉਧਰ ਪੁਲਿਸ ਨੇ ਜਦੋਂ ਉਸ ਕੋਲੋ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਬਹੁਤ ਕੁਝ ਸਾਹਮਣੇ ਆਇਆ, ਉਸ ਦੇ ਕੋਲੋ ਕਈ ਡਵਾਇਜ (ਇਲੈਕਟ੍ਰੌਨਿਕ ਯੰਤਰ) ਮਿਲੇ ਪੁਲਿਸ ਨੇ ਉਹਨਾਂ ਦੇ ਸਾਰੇ ਡਵਾਇਸਜ (ਇਲੈਕਟ੍ਰੌਨਿਕ ਯੰਤਰ) ਆਪਣੇ ਕਬਜ਼ੇ ਵਿਚ ਲੈ ਕੇ ਫੋਰੈਸਿਕ ਜਾਂਚ ਦੇ ਲਈ ਭੇਜ਼ ਦਿੱਤੇ। ਇਸ ਦੇ ਦੌਰਾਨ ਗਰੁਪ ਵਿਚ ਹੋਈਆਂ ਅਸ਼ਲੀਲ ਗੱਲਾਂ-ਬਾਤਾਂ ਦੇ ਬਹੁਤ ਸਾਰੇ ਸਕਰੀਨ ਸ਼ੌਟ ਪਬਲਿਕ ਦੇ ਸਾਹਮਣੇ ਆ ਚੁੱਕੇ ਸਨ। ਉਨਾਂ ਦੇ ਅਧਾਰ ਤੇ ਇਕ ਨਾਬਾਲਿਗ ਲੜਕੀ ਦੀ ਪਛਾਣ ਹੋ ਗਈ।

ਪੁਲਿਸ ਦੇ ਦੱਸਣ ਦੇ ਮੁਤਾਬਕ “ਸਿਧਾਰਥ’ ਨਾਮ ਦੀ ਆਈ ਡੀ ਗਰੁਪ ਤੋਂ ਇਕ ਨਾਬਾਲਿਗ ਲੜਕੀ ਨੇ ਇਕ ਨਾਬਾਲਿਗ ਲੜਕੇ ਨੂੰ ਆਪਣੇ ਗੈਗਰੇਪ ਦੀ ਪਲਾਨਿੰਗ ਸਮਝਾਈ। ਪਰ ਉਸ ਨਾਬਾਲਿਗ ਲੜਕੇ ਨੇ ‘ਸਿਧਾਰਥ’ ਦੇ ਸੁਝਾਓ ਪਲਾਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਲੜਕੇ ਨੇ ਉਸ ਗਰੁਪ ਵਿਚ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਪਰ ਉਸ ਲੜਕੇ ਨੇ ਗੱਲਬਾਤ ਦਾ ਸਕਰੀਨ ਸ਼ੌਟ ਆਪਣੇ ਦੋਸਤਾਂ ਦੇ ਗਰੁਪ ਵਿਚ ਭੇਜ ਦਿੱਤਾ, ਉਸ ਗਰੁਪ ਵਿਚ ਉਹ ਲੜਕੀ ਵੀ ਸ਼ਾਮਲ ਸੀ, ਜਿਹੜੀ ਕਿ ਜਾਅਲੀ ਆਈ ਡੀ ਇੰਸਟਾਗ੍ਰਾਮ “ਸਿਧਾਰਥ’ ਦੇ ਨਾਮ ਤੇ ਚਲਾ ਰਹੀ ਸੀ। ਪਰ ਇਹ ਸਿਰਫ ਲੜਕੀ ਨੂੰ ਹੀ ਪਤਾ ਸੀ ਕਿ ‘ਸਿਧਾਰਥ’ ਨਾਮ ਦੀ ਜੋ ਆਈ ਡੀ ਚਲ ਰਹੀ ਹੈ, ਜਾਂ ਪ੍ਰੋਫਾਇਲ ਹੈ ਉਹ ਨਕਲੀ ਹੈ, ਜੋ ਕਿ ਉਸ ਨੇ ਆਪ ਹੀ ਦੱਸਿਆ ਸੀ। ਉਸ ਗਰੁਪ ਵਿਚਲੇ ਦੋਸਤਾਂ ਵਿਚੋ ਇਕ ਨੇ ਇੰਸਟਾਗ੍ਰਾਮ ਸਟੋਰੀ ਦੇ ਤੌਰ ਤੇ ਪੋਸਟ ਕਰ ਦਿੱਤਾ, ਏਥੋਂ ਇਹ ਸ਼ੋਸ਼ਲ ਮੀਡੀਆ ਅਕਾਊਟ ਵਿਚ ਵਾਇਰਲ ਹੋ ਗਿਆ। ਇਸ ਪੂਰੇ ਘਟਨਾ-ਕਰਮ ਵਿਚ ਪੁਲਿਸ ਦੇ ਖੁਲਾਸੇ ਤੋਂ ਬਾਅਦ ਪ੍ਰਤੀਕਿਰਿਆਵਾਂ ਦਾ ਰੁੱਖ ਬਦਲ ਗਿਆ। ਇਸ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਆਪਣੇ ਆਪ ਵਿਚ ਬਹੁਤ ਸ਼ਰਮਸਾਰ ਹੋਈਆਂ ਤਾਂ ਪੁਰਸ਼ ਯੂਜਰਾਂ ਨੇ ਉਸ ਲੜਕੀ ਨੂੰ ਸਖਤ ਸਜਾ ਦੇਣ ਦੀ ਮੰਗ ਸ਼ੁਰੂ ਕਰ ਦਿੱਤੀ। ਉਹਨਾ ਦਾ ਕਹਿਣਾ ਸੀ ਕਿ ਸਜਾ ਦੇ ਮਾਮਲੇ ਵਿਚ ਚਾਹੇ ਕੋਈ ਲੜਕੀ ਹੈ ਜਾਂ ਕੋਈ ਲੜਕਾ ਹੈ ਕੋਈ ਵੀ ਭੇਦਭਾਵ ਮੰਜੂਰ ਨਹੀ ਹੈ ਉਸ ਨੂੰ ਸਜਾ ਮਿਲਣੀ ਹੀ ਚਾਹੀਦੀ ਹੈ। ਇਸ ਮਾਮਲੇ ਵਿਚ ਕਨੂੰਨ ਕੀ ਕਰੇਗਾ ਇਹ ਤਾਂ ਬਾਅਦ ਦੀ ਗੱਲ ਹੈ, ਪਰ ਇਸ ਤੋਂ ਵੀ ਜਿਆਦਾ ਅਹਿਮ ਇਹ ਹੈ ਕਿ ਸਾਡੇ ਸਮਾਜ ਵਿਚ ਸੁਨੇਹਾ ਕੀ ਜਾਏਗਾ।

ਪੂਰਾ ਮਾਮਲਾ ਉਜਾਗਰ ਹੋਣ ਅਤੇ ਕਥਿਤ ਅਪਰਾਧੀ ਦਾ ਖੁਲਾਸਾ ਹੋਣ ਦੇ ਵਿਚ ਵਿਚਾਲੇ ਸਮਾਜ ਦੇ ਤਾਹਨੇ ਮਿਹਣੇ, ਪੁਰਸ਼ਾਂ ਦੀ ਔਰਤ ਦੇ ਪ੍ਰਤੀ ਰੂੜੀਵਾਦੀ ਸੋਚ, ‘ਪੁਰਸ਼, ਪੁਰਸ਼ ਹੀ ਰਹੇਗਾ’ ਵਰਗੇ ਕੁਮਿੰਟ ਅਤੇ ਔਰਤਾਂ ਦੀ ਦੇਸ਼ ਵਿਚ ਖਰਾਬ ਹੁੰਦੀ ਜਾ ਰਹੀ ਹਾਲਤ ਨੂੰ ਲੈ ਕੇ ਲੱਗਭਗ ਇਕ ਤਰਫਾ ਹੀ ਟਿੱਪਣੀਆ ਹੋਈਆ। ਕਿਉਂਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਔਰਤ ਹੀ ਪੁਰਸ਼ ਦੀ ਜਿਆਦਤੀ ਦਾ ਸ਼ਿਕਾਰ ਹੁੰਦੀ ਆਈ ਹੈ। ਜਦ ਕਿ ਇਸ ਪੂਰੇ ਮਾਮਲੇ ਦੀ ਕਸੂਰਵਾਰ ਇਕ ਨਾਬਾਲਿਗ ਲੜਕੀ ਨਿਕਲੀ, ਤਾਂ ਸਾਰਿਆਂ ਨੂੰ ਬੜੀ ਹੈਰਾਨੀ ਹੋਈ। ਇਹੀ ਇਸ ਸਾਰੇ ਮਾਮਲੇ ਦੀ ਅਹਿਮ ਕੜੀ ਸੀ। ਹੁਣ ਸਵਾਲ ਇਹ ਹੈ ਕਿ ਉਸ ਲੜਕੀ ਨੇ ਇਸ ਤਰ੍ਹਾਂ ਕਿਉਂ ਕੀਤਾ? ਜੇਕਰ ਇਹ ਸਭ ਮਨੋਰੰਜਨ ਦੇ ਲਈ ਸੀ ਤਾਂ ਵੀ ਸਾਡਾ ਸਮਾਜ ਇਹ ਸਭ ਹਾਜ਼ਮ ਕਰਨ ਦੇ ਕਾਬਲ ਨਹੀ ਹੈ। ਇਹ ਸੱਚ ਹੈ ਕਿ ਅੱਜ ਇੰਟਰਨੈਟ ਦੀ ਦੁਨੀਆ ਨੇ ਹਰ ਉਮਰ ਦੇ ਲਈ ਜੀਵਨ ਦੇ ਸਾਰੇ ਆਨੰਦ ਸੌਖੇ ਢੰਗ ਨਾਲ ਦਰਸਾ ਦਿੱਤੇ ਹਨ। ਅੱਜ ਤਾਂ ਨਵੀ ਪੀੜ੍ਹੀ ਅਲੜ੍ਹ ਉਮਰ ‘ਚੋ ਸਿੱਧੇ ਬੁਢਾਪੇ ਵਿਚ ਹੀ ਛਾਲ ਮਾਰਦੇ ਹਨ। ਅਲੜ੍ਹ ਉਮਰ, ਅਲੜਪੁਣਾ ਵਰਗੇ ਸ਼ਬਦ ਤਾਂ ਹੁਣ ਗੁੰਮ ਹੀ ਹੋ ਚੁੱਕੇ ਹਨ, ਜਾਂ ਫਿਰ ਇਹ ਸ਼ਬਦ ਸਿਰਫ ਕਲਪਨਾ ਵਿਚ ਹੀ ਰਹਿ ਗਏ ਹਨ। ਰੋਮਾਂਟਿਕ ਹੋਣ ਦਾ ਹੁਣ ਕੋਈ ਖਾਸ ਮਤਲਬ ਨਹੀ ਰਹਿ ਗਿਆ। ਹੋ ਸਕਦਾ ਹੈ ਕਿ ਉਸ ਨਾਬਾਲਿਗ ਲੜਕੀ ਨੇ ਸਿਰਫ ‘ਇੰਨਜੁਆਏ’ ਕਰਨ ਦੇ ਲਈ ਇਹ ਸਭ ਕੀਤਾ ਹੋਵੇ, ਪਰ ਇਸ ਤੋਂ ਇਹ ਸਾਫ ਸਿੱਧ ਹੋ ਰਿਹਾ ਹੈ ਕਿ ਇਹ ਸਾਡੀ ਅਲੜ੍ਹ ਉਮਰ ਵਾਲੀ ਪੀੜ੍ਹੀ ਦੇ ‘ਮਨੋਰੰਜਨ’ ਦਾ ਸਾਧਨ ਬਣ ਗਿਆ ਹੈ? ਨਹੀ ਤਾਂ ਕਿਸੇ ਲੜਕੀ ਦੇ ਨਾਲ ਗੈਗਰੇਪ ਵਰਗਾ ਘਿਨੌਣਾ ਕੰਮ ‘ਮਨੋਰੰਜਨ’ ਕਿਵੇ ਹੋ ਸਕਦਾ ਹੈ ਅਤੇ ਉਹ ਵੀ ਕਿਸੇ ਔਰਤ ਦੇ ਨਾਲ? ਨੈਤਿਕਤਾਵਾਦੀ ਅਤੇ ਸੰਸਕਾਰਵਾਦੀ ਇਸ ਸਮਾਜ ਨੂੰ ਸੰਗੀਨ ਅਪਰਾਧ ਦਾ ਨਾਮ ਦੇਣਗੇ, ਪਰ ਸਵਾਲ ਤੇ ਚੁਨੌਤੀ ਉਸ ਤੋਂ ਵੀ ਜਿਆਦਾ ਗੁੰਝਲਦਾਰ ਹੈ। ਉਹ ਇਹ ਕਿ ਸ਼ੋਸ਼ਲ ਮੀਡੀਆ ਤੇ ਅਸੀ ਇਸ ਅਪਰਾਧ ਨੂੰ ਕਿਵੇ ਰੋਕੀਏ, ਕੀ ਇਹ ਸੰਭਵ ਹੋ ਸਕਦਾ ਹੈ? ਕੀ ਬੱਚਿਆਂ ਨੂੰ ਸੈਕਸ ਸਿਖਿਆ ਦੇਣ ਦਾ ਹੁਣ ਵਕਤ ਆ ਗਿਆ ਹੈ? ਕੀ ਇਸ ਤਰ੍ਹਾਂ ਕਰਨ ਨਾਲ ਇਹੋ ਜਿਹੀਆਂ ਘਟਨਾਵਾਂ ਵਾਪਰਨ ਤੋਂ ਰੁਕ ਜਾਣਗੀਆਂ? ਔਰਤ ਤੇ ਮਰਦ ਦੇ ਵਿਚ ਹੁਣ ਗੂੜੇ ਰਿਸ਼ਤੇ ਕਿੰਨੀ ਕੁ ਦੇਰ ਤੱਕ ਬਚੇ ਰਹਿਣੇਗੇ? ਇਹਨਾਂ ਅਨੇਕਾਂ ਹੀ ਸਵਾਲਾਂ ਦੇ ਸਹੀ ਜਵਾਬ ਦੇਣਾ ਫਿਲਹਾਲ ਮੁਸ਼ਕਲ ਹੈ।

ਇਕ ਸਰਵੈ ਦੇ ਮੁਤਾਬਕ ਇਹ ਗੱਲ ਸਾਹਮਣੇ ਜਰੂਰ ਆਈ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦੇ ਇਕਾਂਤ ਦਾ ਉਪਯੋਗ ਕਰਕੇ, ਕਿਸ ਤਰ੍ਹਾਂ ਦਾ ਫਾਇਦਾ ਲੈ ਰਹੇ ਹੋ? ਇਸ ਦੌਰਾਨ ਸੈਕਸ ਅਪਰਾਧ ਦੀਆਂ ਘਟਨਾ ਵਿਚ ਵਾਧੇ ਦੀਆਂ ਖਬਰਾਂ ਵੀ ਆ ਰਹੀਆਂ ਹਨ। ਦਿਲੀ ਦੀ ਘਟਨਾ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਲੌਕਡਾਊਨ ਦੇ ਦੌਰਾਨ ਇਕ ਪਾਸੇ ਤਾਂ ਭੁੱਖਮਰੀ ਵਧਣ ਦਾ ਡਰ ਬਣਿਆ ਹੋਇਆ ਹੈ ਤਾਂ ਦੂਜੇ ਪਾਸੇ ਸੈਕਸ ਨੇ ਆਪਣਾ ਤਾਂਡਵ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਸਮ੍ਹੇਂ ਇਹ ਦੋਵੇਂ ਸਥਿਤੀਆਂ ਸਾਡੇ ਸਾਰੇ ਸਮਾਜ ਲਈ ਬੇਹੱਦ ਘਾਤਕ ਬਣ ਗਈਆਂ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਔਰਤਾ ਹੁਣ ਕਿਸੇ ਵੀ ਫੀਲਡ ਵਿਚ ਕਿਸੇ ਵੀ ਪਾਸਿਓ ਪਿੱਛੇ ਨਹੀ ਹਨ। ਉਹ ਬਿੰਨਾ ਲਾਜ, ਬਿੰਨਾਂ ਝਿਝਕ ਅਤੇ ਅਬਲਾ ਦੇ ਚੋਗਾ ਤੋਂ ਬਾਹਰ ਨਿਕਲ ਰਹੀਆਂ ਹਨ। ਭਲੇ ਹੀ ਉਹਨਾਂ ਦੀ ਮੌਜੂਦਗੀ ਗੈਗਰੇਪ ਚੈਟ ਕਾਂਡ ਵਿਚ ਵੀ ਹੈ। ਔਰਤਾਂ ਦੇ ਇਸ ਮਾਨਸਿਕ ਤਬਦੀਲੀ ਦਾ ਅਰਥ ਤੁਸੀ ਹੁਣ ਕੁਝ ਵੀ ਕੱਢ ਲਓ, ਪਰ ਇਹ ਸੱਭ ਸਮਾਜਿਕ ਬਰਾਬਰੀ ਦਾ ਦਾਅਵਾ ਜਾਂ ਔਰਤ ਹੋਣ ਦਾ ਭਾਵਨਾਤਮਕ ਰੋਹਬ ਹੈ। ਇਸ ਮਾਮਲੇ ਵਿਚ ਇਕ ਔਰਤ ਸ਼ੋਸ਼ਲ ਮੀਡੀਆ ਯੂਜਰ ਦਾ ਬੜਾ ਹੈਰਾਨ ਕਰ ਦੇਣ ਵਾਲਾ ਕਹਿਣਾ ਹੈ ਕਿ ‘ਸਾਡੇ ਸਮਾਜ ਵਿਚ ਲੜਕੀ ‘ਦੋਸ਼ੀ’ ਸਿੱਧ ਹੋਣ ਤੱਕ ਨਿਰਦੋਸ਼ ਰਹਿੰਦੀ ਹੈ ਅਤੇ ਲੜਕਾ ਨਿਰਦੋਸ਼ ਸਿੱਧ ਹੋਣ ਤੱਕ ਦੋਸ਼ੀ ਰਹਿੰਦਾ ਹੈ, ਕੀ ਤੁਸੀ ਸਾਰੇ ਇਸ ਨਾਲ ਸਹਿਮਤ ਹੋ?

ਪੇਸ਼ਕਸ਼:- ਅਮਰਜੀਤ ਚੰਦਰ, ਲੁਧਿਆਣਾ +91 94176 00014

Previous articleਸੈਕਟਰ-38 ਅਤੇ 52 ਕੰਟੇਨਮੈਂਟ ਜ਼ੋਨ ਵਿੱਚੋਂ ਬਾਹਰ
Next articleSee the plight of migrants, give them Rs 7,500: Sonia