ਕਾਂਗਰਸ ਨੇ ਅੱਜ ਪਾਰਟੀ ਦੇ 135ਵੇਂ ਸਥਾਪਨਾ ਦਿਵਸ ਮੌਕੇ ਕਿਹਾ ਕਿ ਪਾਰਟੀ ਲਈ ਹਮੇਸ਼ਾ ਭਾਰਤ ਪਹਿਲਾਂ ਹੈ ਅਤੇ ਦੇਸ਼ ਲਈ ਬਲੀਦਾਨ ਵਾਸਤੇ ਉਹ ਸਭ ਤੋਂ ਅੱਗੇ ਰਹੇ ਹਨ। ਇਸ ਮੌਕੇ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਦੇ ਹੈੱਡਕੁਆਰਟਰ 24, ਅਕਬਰ ਰੋਡ ’ਤੇ ਪਾਰਟੀ ਦਾ ਝੰਡਾ ਲਹਿਰਾਇਆ। ਪਾਰਟੀ ਨੇ ਟਵਿੱਟਰ ’ਤੇ ਕਿਹਾ,‘‘ਮੁਲਕ ਲਈ ਬਲਿਦਾਨ ਕਾਂਗਰਸ ਪਾਰਟੀ ਲਈ ਸਭ ਤੋਂ ਉਪਰ ਹੈ। ਸਾਡੀ ਸਥਾਪਨਾ ਤੋਂ ਬਾਅਦ, ਆਜ਼ਾਦੀ ਦੇ ਅੰਦੋਲਨ ਦੌਰਾਨ ਅਤੇ ਅੱਗੇ ਵੀ ਹਮੇਸ਼ਾ ਸਭ ਤੋਂ ਪਹਿਲਾਂ ਭਾਰਤ ਰਹੇਗਾ। ਏਕਤਾ ਦੇ 135 ਵਰ੍ਹੇ, ਨਿਆਂ ਦੇ 135 ਵਰ੍ਹੇ, ਬਰਾਬਰੀ ਦੇ 135 ਵਰ੍ਹੇ, ਅਹਿੰਸਾ ਦੇ 135 ਵਰ੍ਹੇ, ਆਜ਼ਾਦੀ ਦੇ 135 ਵਰ੍ਹੇ। ਅਸੀਂ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਦਾ 135ਵਾਂ ਵਰ੍ਹਾ ਮਨਾ ਰਹੇ ਹਾਂ।’’ ਸਮਾਗਮ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੀਨੀਅਰ ਕਾਂਗਰਸ ਆਗੂਆਂ ਏ ਕੇ ਐਂਟਨੀ, ਮੋਤੀਲਾਲ ਵੋਹਰਾ ਅਤੇ ਆਨੰਦ ਸ਼ਰਮਾ ਸਮੇਤ ਹੋਰ ਕਈ ਆਗੂਆਂ ਨੇ ਹਿੱਸਾ ਲਿਆ। ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਨੇ ਸਮਾਗਮ ਦੌਰਾਨ ਹਾਜ਼ਰ ਬੱਚਿਆਂ ਨੂੰ ਮਠਿਆਈਆਂ ਵੀ ਵੰਡੀਆਂ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਲੱਖਾਂ ਕਾਂਗਰਸ ਵਰਕਰਾਂ ਵੱਲੋਂ ਪਾਰਟੀ ਲਈ ਦਿੱਤੇ ਗਏ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ। ਸੋਧੇ ਹੋਏ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨਾਂ ਦਰਮਿਆਨ ਕਾਂਗਰਸ ਵੱਲੋਂ ‘ਸੰਵਿਧਾਨ ਬਚਾਓ-ਭਾਰਤ ਬਚਾਓ’ ਦਾ ਸੁਨੇਹਾ ਦੇਣ ਲਈ ਮੁਲਕ ਭਰ ’ਚ ਮਾਰਚ ਕੱਢੇ ਜਾਣਗੇ।