ਸਾਕਿਬ ਅਲ ਹਸਨ ਦੇ ਲਗਾਤਾਰ ਦੂਜੇ ਸੈਂਕੜੇ ਤੇ ਲਿਟਨ ਦਾਸ ਨਾਲ ਉਹਦੀ ਸੈਂਕੜੇ ਵਾਲੀ ਭਾਈਵਾਲੀ ਦੀ ਬਦੌਲਤ ਬੰਗਲਾਦੇਸ਼ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇਥੇ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਬੰਗਲਾਦੇਸ਼ ਨੇ ਸੈਮੀ ਫਾਈਨਲ ਵਿੱਚ ਦਾਖ਼ਲੇ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਵਿੰਡੀਜ਼ ਖ਼ਿਲਾਫ਼ ਬੰਗਲਾਦੇਸ਼ ਦੀ ਇਕ ਰੋਜ਼ਾ ਕ੍ਰਿਕਟ ਵਿੱਚ ਲਗਾਤਾਰ ਪੰਜਵੀਂ ਜਿੱਤ ਹੈ। ਵੈਸਟ ਇੰਡੀਜ਼ ਵੱਲੋਂ ਦਿੱਤੇ 322 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਾਕਿਬ ਨੇ 99 ਗੇਂਦਾਂ ਵਿੱਚ 16 ਚੌਕਿਆਂ ਦੀ ਮਦਦ ਨਾਲ ਨਾਬਾਦ 124 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਲਿਟਨ ਦਾਸ ਨਾਬਾਦ (94) ਨਾਲ ਚੌਥੇ ਵਿਕਟ ਲਈ 189 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਬੰਗਲਾਦੇਸ਼ ਨੇ 41.3 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 322 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਵਿੰਡੀਜ਼ ਲਈ ਆਂਦਰੇ ਰਸਲ ਤੇ ਓਸ਼ਾਨੇ ਥੌਮਸ ਨੇ ਇਕ ਇਕ ਵਿਕਟ ਲਈ। ਅੱਜ ਦੀ ਜਿੱਤ ਨਾਲ ਬੰਗਲਾਦੇਸ਼ ਦੇ ਪੰਜ ਮੈਚਾਂ ਵਿੱਚ ਦੋ ਜਿੱਤਾਂ, ਦੋ ਹਾਰਾਂ ਤੇ ਇਕ ਮੈਚ ਦੇ ਅੰਕ ਵੰਡੇ ਜਾਣ ਨਾਲ ਪੰਜ ਅੰਕ ਹਨ। ਬਿਹਤਰੀਨ ਲੈਅ ਵਿੱਚ ਚੱਲ ਰਹੇ ਸ਼ਾਈ ਹੋਪ ਚਾਰ ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਿਆ, ਪਰ ਉਸ ਦੀ ਅਗਵਾਈ ਵਿੱਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟ ਇੰਡੀਜ਼ ਨੇ ਬੰਗਲਾਦੇਸ਼ ਖ਼ਿਲਾਫ਼ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇੱਥੇ ਅੱਠ ਵਿਕਟਾਂ ’ਤੇ 321 ਦੌੜਾਂ ਬਣਾਈਆਂ। ਹੋਪ ਨੇ 121 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 96 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਸਲਾਮੀ ਬੱਲੇਬਾਜ਼ ਐਵਿਨ ਲੂਈ (70 ਦੌੜਾਂ) ਨਾਲ ਦੂਜੀ ਵਿਕਟ ਲਈ 116 ਦੌੜਾਂ ਅਤੇ ਸ਼ਿਮਰੋਨ ਹੈਟਮਾਇਰ (50 ਦੌੜਾਂ) ਨਾਲ ਚੌਥੀ ਵਿਕਟ ਲਈ 83 ਦੌੜਾਂ ਦੀ ਭਾਈਵਾਲੀ ਵੀ ਕੀਤੀ। ਹੈਟਮਾਇਰ ਨੇ ਤੂਫ਼ਾਨੀ ਅੰਦਾਜ਼ ਵਿੱਚ ਬੱਲੇਬਾਜ਼ੀ ਕਰਦਿਆਂ 26 ਗੇਂਦਾਂ ਦੀ ਆਪਣੀ ਪਾਰੀ ਦੌਰਾਨ ਤਿੰਨ ਛੱਕੇ ਅਤੇ ਚਾਰ ਚੌਕੇ ਮਾਰੇ। ਵੈਸਟ ਇੰਡੀਜ਼ ਦੀ ਟੀਮ ਆਖ਼ਰੀ 18 ਓਵਰਾਂ ਵਿੱਚ 163 ਜੋੜਨ ਵਿੱਚ ਸਫਲ ਰਹੀ। ਬੰਗਲਾਦੇਸ਼ ਵੱਲੋਂ ਮੁਸਤਾਫ਼ਿਜ਼ੁਰ ਰਹਿਮਾਨ ਅਤੇ ਮੁਹੰਮਦ ਸੈਫ਼ਦੀ ਨੇ ਕ੍ਰਮਵਾਰ 59 ਅਤੇ 72 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂਕਿ ਸਾਕਿਬ-ਅਲ-ਹਸਨ ਨੇ 54 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ।ਬੰਗਲਾਦੇਸ਼ ਨੇ ਟਾਸ ਜਿੱਤ ਕੇ ਵੈਸਟ ਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ, ਜਿਸ ਮਗਰੋਂ ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ 13 ਗੇਂਦਾਂ ਵਿੱਚ ਖਾਤਾ ਵੀ ਨਹੀਂ ਖੋਲ੍ਹ ਸਕਿਆ ਅਤੇ ਤੇਜ਼ ਗੇਂਦਬਾਜ਼ ਸੈਫ਼ੂਦੀਨ ਦੀ ਗੇਂਦ ’ਤੇ ਵਿਕਟਕੀਪਰ ਮੁਸ਼ਫਿਕੁਰ ਰਹੀਮ ਨੂੰ ਕੈਚ ਦੇ ਦਿੱਤਾ। ਲੁਈ ਅਤੇ ਹੋਪ ਨੇ ਇਸ ਮਗਰੋਂ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਦਸ ਓਵਰਾਂ ਵਿੱਚ ਟੀਮ ਦਾ ਸਕੋਰ ਇੱਕ ਵਿਕਟ ’ਤੇ 32 ਦੌੜਾਂ ਤੱਕ ਪਹੁੰਚਾਇਆ। ਲੁਈ ਨੇ 11ਵੇਂ ਓਵਰ ਵਿੱਚ ਬੰਗਲਾਦੇਸ਼ ਦੇ ਕਪਤਾਨ ਮਸ਼ਰਫ਼ੇ ਮੁਰਤਜ਼ਾ ਨੂੰ ਪਾਰੀ ਦਾ ਪਹਿਲਾ ਛੱਕਾ ਜੜਿਆ। ਉਸ ਨੇ ਸਾਕਿਬ ਦੀ ਗੇਂਦ ’ਤੇ ਇੱਕ ਦੌੜ ਨਾਲ 58 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਅਤੇ ਫਿਰ ਇਸੇ ਓਵਰ ਵਿੱਚ ਲਗਾਤਾਰ ਦੋ ਚੌਕੇ ਮਾਰੇ। ਲੂਈ ਨੇ ਸਾਕਿਬ ਦੇ ਅਗਲੇ ਓਵਰ ਵਿੱਚ ਛੱਕਾ ਮਾਰਿਆ, ਪਰ ਇਸੇ ਓਵਰ ਵਿੱਚ ਸ਼ੱਬੀਰ ਰਹਿਮਾਨ ਨੂੰ ਕੈਚ ਦੇ ਦਿੱਤਾ।
HOME ਸਾਕਿਬ ਦੇ ਸੈਂਕੜੇ ਨਾਲ ਬੰਗਲਾਦੇਸ਼ ਜੇਤੂ