ਸਾਊਦੀ ਅਰਬ ’ਚ ਤੇਲ ਕੰਪਨੀ ਅਰਾਮਕੋ ’ਤੇ ਡਰੋਨ ਹਮਲੇ

ਸਾਊਦੀ ਅਰਬ ’ਚ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਪ੍ਰੋਸੈਸਿੰਗ ਕੰਪਨੀ ਅਰਾਮਕੋ ਦੇ ਦੋ ਪਲਾਂਟਾਂ ’ਤੇ ਸ਼ਨਿਚਰਵਾਰ ਤੜਕੇ ਡਰੋਨਾਂ ਰਾਹੀਂ ਹਮਲੇ ਕੀਤੇ ਗਏ। ਸਾਊਦੀ ਅਰਬ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਹਮਲੇ ਕਾਰਨ ਆਲਮੀ ਪੱਧਰ ’ਤੇ ਤੇਲ ਸਪਲਾਈ ਲਈ ਅਹਿਮ ਪ੍ਰੋਸੈਸਰ ’ਚ ਭਿਆਨਕ ਅੱਗ ਲੱਗ ਗਈ। ਇਹ ਹਮਲੇ ਅਬਕੈਕ ਅਤੇ ਖੁਰਾਇਸ ਤੇਲ ਰਿਫਾਇਨਰੀਆਂ ’ਚ ਹੋਏ ਹਨ। ਯਮਨ ਦੇ ਹੂਥੀ ਬਾਗ਼ੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਹੈ। ਗੁੱਟ ਦੇ ਅਲ-ਮਸੀਰਾ ਟੀਵੀ ਨੇ ਕਿਹਾ ਕਿ ਬਾਗ਼ੀਆਂ ਨੇ 10 ਡਰੋਨਾਂ ਨਾਲ ਵੱਡਾ ਹਮਲਾ ਕੀਤਾ ਅਤੇ ਪੂਰਬੀ ਸਾਊਦੀ ਅਰਬ ’ਚ ਅਬਕੈਕ ਅਤੇ ਖੁਰਾਇਸ ’ਚ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਇਆ। ਹਮਲੇ ’ਚ ਕਿਸੇ ਜਾਨੀ ਜਾਂ ਤੇਲ ਉਤਪਾਦਨ ’ਚ ਨੁਕਸਾਨ ਬਾਰੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ।

ਇਸ ਹਮਲੇ ਨਾਲ ਫਾਰਸ ਦੀ ਖਾੜੀ ’ਚ ਤਣਾਅ ਵਧਣ ਦੇ ਆਸਾਰ ਹਨ ਕਿਉਂਕਿ ਅਮਰੀਕਾ ਵੱਲੋਂ ਇਰਾਨ ਨਾਲ ਕੀਤੇ ਪਰਮਾਣੂ ਸਮਝੌਤੇ ਨੂੰ ਰੱਦ ਕਰਨ ਮਗਰੋਂ ਦੋਵੇਂ ਮੁਲਕਾਂ ਵਿਚਕਾਰ ਪਹਿਲਾਂ ਤੋਂ ਹੀ ਟਕਰਾਅ ਚੱਲ ਰਿਹਾ ਹੈ। ਅਬਕੈਕ ’ਚ ਬਣਾਏ ਗਏ ਆਨਲਾਈਨ ਵੀਡੀਓਜ਼ ’ਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ। ਅਸਮਾਨ ’ਚ ਧੂੰਏਂ ਦਾ ਗੁਬਾਰ ਵੀ ਉਡਦਾ ਦੇਖਿਆ ਜਾ ਸਕਦਾ ਹੈ। ਅਮਰੀਕੀ ਜਾਂਚਕਾਰਾਂ ਮੁਤਾਬਕ ਬਾਗ਼ੀਆਂ ਦੇ ਨਵੇਂ ਯੂਏਵੀ-ਐਕਸ ਡਰੋਨ ਦੀ ਮਾਰ 1500 ਕਿਲੋਮੀਟਰ ਤਕ ਹੈ। ਸਰਕਾਰੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਹਮਲੇ ਲਈ ਕਿਸ ਕਿਸਮ ਦੇ ਡਰੋਨ ਦੀ ਵਰਤੋਂ ਕੀਤੀ ਗਈ ਹੈ। ਦੋਵਾਂ ਥਾਵਾਂ ’ਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਨ੍ਹਾਂ ਹਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੂਥੀ ਬਾਗੀਆਂ ’ਤੇ ਇਸ ਪਹਿਲਾਂ ਅਗਸਤ ਵਿੱਚ ਸ਼ਾਇਬਾਹ ਕੁਦਰਤੀ ਗੈਸ ਪਲਾਂਟ ’ਤੇ ਅਤੇ ਮਈ ’ਚ ਹੋਰਨਾਂ ਤੇਲ ਪਲਾਂਟਾਂ ’ਤੇ ਹਮਲੇ ਕਰਨ ਦੇ ਦੋਸ਼ ਵੀ ਲੱਗੇ ਸੀ। ਇਹ ਬਾਗੀ ਯਮਨ ਸਰਕਾਰ ਅਤੇ ਸਾਊਦੀ ਅਰਬ ਦੀ ਅਗਵਾਈ ਹੇਠਲੇ ਗੱਠਜੋੜ ਖ਼ਿਲਾਫ਼ ਜੰਗ ਲੜ ਰਹੇ ਹਨ।

Previous articleJohnson compares himself to ‘The Incredible Hulk’
Next article44 bodies found in Mexico well, victims identified