ਲੰਡਨ-8 ਅਪ੍ਰੈਲ (ਰਾਜਵੀਰ ਸਮਰਾ )ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਾਲ ਪਾਰਕ ਐਵੇਨਿਊ ਤੋਂ ਹਰ ਸਾਲ ਵਾਂਗ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ| ਯੂ.ਕੇ ਤੇ ਯੂਰਪ ਤੋਂ ਵੱਡੀ ਗਿਣਤੀ ਚ ਸਿੱਖ ਸੰਗਤ ਨੇ ਹਾਜਰੀ ਭਰ ਕੇ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਕੀਤਾ| ਨਗਰ ਕੀਰਤਨ ਦੀ ਆਰੰਭਤਾ ਮੌਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਸਹਿਤ ਭਾਈ ਸੁਖਜਿੰਦਰ ਸਿੰਘ ਸ਼੍ਰੀ ਦਰਬਾਰ ਸਾਹਿਬ ਵਾਲੇ ਪਾਲਕੀ ਸਾਹਿਬ ਤੱਕ ਲੈ ਕੇ ਆਏ ਅਤੇ ਸਿੱਖ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ |ਨਗਰ ਕੀਰਤਨ ਦਾ ਆਰੰਭ ਖਾਲਸਾਈ ਸਿਧਾਂਤਾਂ ਮੁਤਾਬਿਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਸੁਚੱਜੀ ਅਗਵਾਈ ਚ ਹੋਇਆ| ਗੁਰਦੁਆਰਾ ਪਾਰਕ ਐਵੇਨਿਊ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਕਿੰਗ ਸਟਰੀਟ ,ਨੋਰਵੁਡ ਰੋਡ ਤੋਂ ਹੁੰਦਾ ਹੋਇਆ ਨੋਰਵੁਡ ਹਾਲ ,ਖਾਲਸਾ ਪ੍ਰਾਇਮਰੀ ਸਕੂਲ ਦੀ ਗਰਾਉਂਡ ਚ ਪਹੁੰਚਿਆ ,ਜਿੱਥੇ ਚਾਰ ਦਿਨ ਤੋਂ ਚੱਲ ਰਹੇ ਗੁਰਮਿਤ ਸਮਾਗਮ ਚ ਸੰਗਤਾਂ ਨੇ ਹਾਜਰੀ ਭਰੀ |ਨਗਰ ਕੀਰਤਨ ਚ ਸ਼ਾਮਿਲ ਸੰਗਤਾਂ ਦੇ ਛਕਣ ਲਈ ਫਲ ,ਦੁੱਧ ,ਚਾਹ ਪਕੌੜਿਆਂ ਆਦਿ ਦੇ ਲੰਗਰ ਲਗਾਏ ਗਏ| ਨਗਰ ਕੀਰਤਨ ਵਿਚ ਵੱਖ -ਵੱਖ ਗੁਰਦੁਆਰਿਆਂ ਦੀਆ ਸਭਾਵਾਂ,ਸੋਸਾਇਟੀਆਂ ਤੇ ਪ੍ਰਬੰਧਕ ਕਮੇਟੀਆਂ ਨੇ ਪੂਰਨ ਸਹਿਯੋਗ ਦਿੱਤਾ| ਇਸ ਮੌਕੇ ਗੱਤਕਾ ਅਖਾੜੇ ਦੇ ਬੱਚੇ ਬੱਚੀਆਂ ਵਲੋਂ ਸਿੱਖ ਧਰਮ ਦੀ ਰਿਵਾਇਤੀ ਖੇਡ ਗੱਤਕੇ ਦੇ ਪ੍ਰਭਾਵਸ਼ਾਲੀ ਜੌਹਰ ਦਿਖਾਏ ਗਏ |ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆ ਦਾ ਥਾਂ-ਥਾਂ ਸਿਰੋਪੇ ਦੇ ਕੇ ਸਨਮਾਨ ਕੀਤਾ ਗਿਆ| ਇਸ ਮੌਕੇ ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ ,ਸੋਹਣ ਸਿੰਘ ਸਮਰਾ,ਡਾ ਦਵਿੰਦਰ ਕੂਨਰ ,ਡਾ ਪਲਵਿੰਦਰ ਸਿੰਘ ਗਰਚਾ ,ਬਿੰਦੀ ਸੋਹੀ ਰਣਜੀਤ ਵੜੈਚ ,ਹਰਮੀਤ ਸਿੰਘ ਗਿੱਲ,ਸੁਖਦੇਵ ਸਿੰਘ ਔਜਲਾ ,ਭਿੰਦਾ ਸੋਹੀ ,ਮੇਅਰ ਤਜਿੰਦਰ ਧਾਮੀ ,ਐਮ.ਪੀ ਵਰਿੰਦਰ ਸ਼ਰਮਾ ,ਐਮ.ਪੀ ਪੋਲ ਸਕੱਲੀ ਆਦਿ ਵੀ ਸੰਗਤਾਂ ਵਿਚ ਮੌਜੂਦ ਸਨ| ਜਿਨ੍ਹਾਂ ਵਲੋਂ ਨਗਰ ਕੀਰਤਨ ਲਈ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ |
UK ਸਾਊਥਾਲ ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਵਿਸ਼ਾਲ ਨਗਰ ਕੀਰਤਨ