ਕਾਂਗਰਸੀ ਕੌਂਸਲਰਾਂ ਨੂੰ ਚੜ੍ਹਿਆ ਸਰਕਾਰੀ ਕਣਕ-ਦਾਲ ਵੰਡਣ ਦਾ ਚਾਅ

ਲੁਧਿਆਣਾ,-ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਵਿਧਾਨਸਭਾ ਹਲਕੇ ਦੇ ‘ਕਾਂਗਰਸੀ ਕੌਂਸਲਰਾਂ’ ਨੂੰ ਅੱਜ ਕੱਲ੍ਹ ਸਰਕਾਰੀ ਕਣਕ ਤੇ ਦਾਲ ਵੰਡਣ ਦਾ ਚਾਅ ਚੜ੍ਹਿਆ ਹੋਇਆ ਹੈ। ਇਸ ਹਲਕੇ ਵਿੱਚ ਸਰਕਾਰੀ ਕਣਕ ਤੇ ਦਾਲ ਸਰਕਾਰੀ ਡਿੱਪੂਆਂ ’ਤੇ ਨਹੀਂ ਬਲਕਿ ਕਾਂਗਰਸੀ ਕੌਂਸਲਰਾਂ ਕੋਲੋਂ ਮਿਲ ਰਹੀ ਹੈ।
ਨੀਲੇ ਕਾਰਡ ਧਾਰਕਾਂ ਨੂੰ ਕਾਂਗਰਸੀ ਕੌਂਸਲਰ ਵੀ ਬੜੇ ਚਾਅ ਦੇ ਨਾਲ ਕਣਕ ਤੇ ਦਾਲ ਵੰਡ ਕੇ ਆਪਣੀਆਂ ਫੋਟੋਆਂ ਫੇਸਬੁੱਕ ਤੇ ਵਾਟਸਐਪ ’ਤੇ ਪਾ ਰਹੇ ਹਨ। ਸਰਕਾਰੀ ਕਣਕ ਤੇ ਦਾਲ ਵੰਡਣ ਦਾ ਕੰਮ ਇੱਕ ਕੌਂਸਲਰ ਨੇ ਨਹੀਂ ਬਲਕਿ ਇਸ ਹਲਕੇ ਦੇ ਕਈ ਕੌਂਸਲਰਾਂ ਵੱਲੋਂ ਕੀਤਾ ਗਿਆ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਫ਼ਸਰ ਵੀ ਕਾਂਗਰਸੀ ਕੌਂਸਲਰਾਂ ਦੀਆਂ ਦੱਸੀਆਂ ਥਾਵਾਂ ’ਤੇ ਰਾਸ਼ਨ ਵੰਡਣ ਲਈ ਜਾ ਰਹੇ ਹਨ।
ਭਾਵੇਂ ਸੂਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਘਾਟਨੀ ਪੱਥਰਾਂ ਲਗਵਾਉਣ ’ਤੇ ਰੋਕ ਲਗਾਈ ਹੋਏ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰੀ ਕੰਮਾਂ ਦੇ ਉਦਘਾਟਨ ਤੇ ਸਰਕਾਰੀ ਚੀਜ਼ਾਂ ਵੰਡਣ ਦੀ ਲੱਤ ਕਾਂਗਰਸੀਆਂ ਕੋਲੋਂ ਛੁੱਟ ਨਹੀਂ ਰਹੀ ਹੈ। ਲੁਧਿਆਣਾ ਵਿੱਚ ਫੰਡਾਂ ਦੀ ਕਮੀ ਹੋਣ ਕਾਰਨ ਸੜਕਾਂ ਤੇ ਹੋਰ ਕੰਮਾਂ ਦੇ ਉਦਘਾਟਨ ਤਾਂ ਨਹੀਂ ਹੋ ਰਹੇ ਹਨ ਪਰ ਕਾਂਗਰਸੀ ਕੌਂਸਲਰਾਂ ਨੇ ਹੁਣ ਸਰਕਾਰੀ ਕਣਕ ਤੇ ਦਾਲ ਵੰਡ ਕੇ ਹੀ ਵਾਹ ਵਾਹੀ ਲੁੱਟਣ ਦਾ ਰਾਹ ਚੁਣ ਲਿਆ ਹੈ। ਹਲਕਾ ਵਿਧਾਨ ਸਭਾ ਪੱਛਮੀ ਦੇ ਕਾਂਗਰਸੀ ਕੌਂਸਲਰਾਂ ਵੱਲੋਂ ਕਈ ਥਾਵਾਂ ’ਤੇ ਸਰਕਾਰੀ ਕਣਕ ਤੇ ਦਾਲ ਵੰਡੀ ਜਾ ਰਹੀ ਹੈ, ਇਨ੍ਹਾਂ ਹੀ ਨਹੀਂ ਰਾਸ਼ਨ ਵੰਡ ਕੇ ਕਾਂਗਰਸੀ ਕੌਂਸਲਰ ਮੌਕੇ ਤੋਂ ਹੀ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ’ਤੇ ਪੈ ਰਹੇ ਹਨ। ਇਸ ਵਿੱਚ ਮੇਅਰ ਬਲਕਾਰ ਸਿੰਘ ਸੰਧੂ ਦੀ ਪਤਨੀ ਵੀ ਪਿੱਛੇ ਨਹੀਂ, ਭਾਵੇਂ ਉਹ ਕੌਂਸਲਰ ਦੀਆਂ ਚੋਣਾਂ ਹਾਰ ਗਈ ਪਰ ਇਲਾਕੇ ਵਿੱਚ ਸਰਕਾਰੀ ਕਣਕ ਤੇ ਦਾਲ ਵੰਡਣ ਦਾ ਕੰਮ ਉਹ ਜ਼ੋਰਾਂ ਨਾਲ ਕਰਵਾ ਰਹੀ ਹੈ। ਵਾਰਡ ਨੰਬਰ 80 ਤੋਂ ਕਾਂਗਰਸੀ ਕੌਂਸਲਰ ਮਹਾਰਾਜ ਸਿੰਘ ਰਾਜੀ ਨੇ ਆਪਣੇ ਇਲਾਕੇ ਹੈਬੋਵਾਲ ਕਲਾਂ ਵਿੱਚ ਬੀਤੇ ਦਿਨੀਂ ਸਰਕਾਰੀ ਕਣਕ ਤੇ ਦਾਲ ਵੰਡੀ, ਜਿਸ ਦੀਆਂ ਪੰਜ ਫੋਟੋਆਂ ਉਨ੍ਹਾਂ ਨੇ ਫੇਸਬੁੱਕ ’ਤੇ ਅਪਲੋਡ ਕੀਤੀਆਂ।
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਕਾਂਗਰਸੀ ਕੌਂਸਲਰ ਸਰਕਾਰੀ ਕਣਕ ਵੰਡ ਰਹੇ ਹਨ, ਇਸ ਤੋਂ ਪਹਿਲਾਂ ਵੀ ਕਈ ਥਾਵਾਂ ’ਤੇ ਕਾਂਗਰਸੀ ਕੌਂਸਲਰ ਹੀ ਕਣਕ ਵੰਡ ਰਹੇ ਹਨ।

Previous article44 people shot within 14 hrs in Chicago
Next articleਸਾਂਝਾ ਅਧਿਆਪਕ ਮੋਰਚਾ ਨੇ ਸ਼ਾਹੀ ਸ਼ਹਿਰ ਕੀਤਾ ਜਾਮ