ਸ਼ੋਸ਼ਲ ਮੀਡੀਆ ਕੀ ਹੈ ?

(ਸਮਾਜਵੀਕਲੀ)

ਸਵਾਲ ਜਿੰਨਾ ਸਿੱਧਾ ਤੇ ਸਧਾਰਨ ਲਗਦਾ ਹੈ, ਇਸ ਦਾ ਉੱਤਰ ਉਂਨਾਂ ਹੀ ਗੁੰਝਲਦਾਰ ਹੈ । ਸਿੱਧੇ ਸ਼ਬਦਾਂ ਚ ਕਹਿ ਸਕਦੇ ਹਾ ਕਿ ਸ਼ੋਸ਼ਲ ਮੀਡੀਆ ਜਿਸ ਨੂੰ Floating Media ਵੀ ਕਿਹਾ ਜਾਂਦਾ ਹੈ 21ਵੀਂ ਸਦੀ ਦਾ ਇਕ ਉਹ ਤੇਜ਼ ਤਰਾਰ ਸੰਚਾਰ ਸਾਧਨ ਹੈ, ਜੋ ਮਨੁੱਖੀ ਜੀਵਨ ਨੂੰ  ਪੂਰੇ ਸੰਸਾਰ ਨਾਲ ਜੋੜਦਾ ਵੀ ਹੈ ਤੇ ਇਸ ਨਾਲ਼ੋਂ ਤੋੜਦਾ ਵੀ ਹੈ ।

ਇਹ ਉਹ ਸਾਧਨ ਹੈ, ਜੋ ਬਹੁਤਿਆਂ ਨੂੰ ਮਾਨਸਿਕ ਤਨਾਅ ਤੋਂ ਮੁਕਤ ਕਰਦਾ ਹੈ ਤੇ ਬਹੁਤਿਆਂ ਨੂੰ  ਮਾਨਸਿਕ ਤਨਾਅ ਗ੍ਰਸਤ, ਖੁਸ਼ੀਆਂ ਵੀ ਦੇਂਦਾ ਹੈ ਸੰਤਾਪ ਵੀ ਪੈਦਾ ਕਰਦਾ ਹੈ ।

ਇਸ  ਸਾਧਨ ਨਾਲ ਸਮਾਜਿਕ ਤੇ ਪਰਿਵਾਰਕ ਰਿਸ਼ਤੇ ਜੁੜ ਵੀ ਰਹੇ ਹਨ ਤੇ ਟੁੱਟ ਤੇ ਤਿੜਕ ਵੀ ਬਹੁਤ ਰਹੇ ਹਨ ।

ਇਹ ਸੰਚਾਰ ਸਾਧਨ ਸਾਨੂੰ ਜਿੱਥੇ ਪੂਰੀ ਦੁਨੀਆ ਦੀ ਜਾਣਕਾਰੀ ਫਰਾਹਮ ਕਰਦਾ ਹੈ, ਉੱਥੇ ਕੱਚ ਘਰੜ ਜਾਣਕਾਰੀ ਸਮੇਤ ਗੰਦ ਮੰਦ ਵੀ ਬਹੁਤ ਪਰੋਸਦਾ ਹੈ । ਕਈਆਂ ਦੀ ਤਾਂ ਨੈਤਿਕਤਾ ਦੀਆਂ ਹੱਦਾਂ ਤੋਂ ਗਿਰੀ ਹੋਈ ਬੋਲਬਾਣੀ, ਇਕ ਦੂਸਰੇ ਨੂੰ ਕੀਤੀ ਗਾਲੀ ਗਲੋਚ, ਹੱਦ ਦਰਜੇ ਦੀ ਵਰਤੀ ਗਈ ਘਟੀਆ ਤੇ ਭੱਦੀ ਸ਼ਬਦਾਵਲੀ, ਉਹਨਾਂ ਦੀਆਂ ਸੱਤ ਪੁਸ਼ਤਾਂ ਦੀ ਖ਼ਾਨਦਾਨੀ ਤੇ ਓਕਾਤ ਦੇ ਪੜਦੇ ਪਾੜ ਕੇ ਬਾਹਰ ਆ ਜਾਂਦੀ ਹੈ, ਤੇ ਚੀਕ ਚੀਕ ਕੇ ਕਹਿੰਦੀ ਹੈ ਕਿ ਸਾਡੇ ਵੱਡੇ ਵਡੇਰੇ ਵੀ ਕੰਜਰ ਸਨ ਤੇ ਅਸੀਂ ਉਹਨਾਂ ਦੀ ਔਲਾਦ ਵੀ ਉਸੇ ਪਰੰਪਰਾ ‘ਤੇ ਚੱਲਦੇ ਹੋਏ,  ਆਪਣੇ ਕੰਜਰਾਂ  ਦੇ ਖ਼ਾਨਦਾਨ ਦੇ ਹੋਣ ਦੀ ਪਰੰਪਰਾ ਜਾਰੀ ਰੱਖ ਰਹੇ ਹਾਂ।

ਸ਼ੋਸ਼ਲ ਮੀਡੀਆ ਮਨੋਂਰੰਜਨ ਦਾ ਭਰਪੂਰ ਖ਼ਜ਼ਾਨਾ ਵੀ ਹੈ ਤੇ ਨੌਜਵਾਨੀ ਵਿੱਚ ਉਕਸਾਹਤ ਪੈਦਾ ਕਰਕੇ ਉਹਨਾਂ ਨੂੰ ਰਾਹੋਂ ਕੁਰਾਹੇ ਪਾਉਣ ਦਾ ਵੱਡਾ ਸਾਧਨ ਵੀ ।

ਇਸ ਨੂੰ ਪਲੱਗ ਇਨ ਡਰੱਗ (Plug in drug) ਨਾਮ ਦੀ ਮਾਨਸਿਕ ਬੀਮਾਰੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਬਹੁਤੇ ਲੋਕ ਇਸ ਦੀ ਅਡਿਕਸ਼ਨ (Addiction) ਦਾ ਸ਼ਿਕਾਰ ਹੋ ਕੇ ਅਣਜਾਣੇ ਵਿੱਚ ਹੀ ਕਈ  ਤਰਾਂ ਦੀਆ ਮਾਨਸਿਕ ਬੀਮਾਰੀਆਂ ਦੀ ਉਲਝਣ ਵਿੱਚ ਫਸ ਰਹੇ ਹਨ ।

ਸ਼ੋਸ਼ਲ ਮੀਡੀਆ ਦੇ ਬਾਰੇ ਹੋਰ ਵੀ ਕਈ ਪਰਿਭਸ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ, ਮਸਲਨ ਇਹ ਕਿਸੇ ਵੀ ਐਰੇ ਗੇਰੇ ਨੂੰ ਨੱਥੂ ਖਹਿਰਾ ਬਣਾ ਦਿੰਦਾ ਹੈ, ਹੀਰੋ ਨੂੰ ਜੀਰੋ ਤੇ ਜੀਰੋ ਨੂੰ ਹੀਰੋ ਬਣਾ ਸਕਣ ਦੀ ਸਮਰੱਥਾ ਰੱਖਦਾ ਹੈ ।

ਇਹ ਮੀਡੀਆ ਉਹ ਬੱਕਰਾ ਜਾਂ ਸਾਹਨ ਹੈ, ਜੋ ਢੁੱਡ ਮਾਰਕੇ ਕਿਸੇ ਦੀ ਵੀ ਵੱਖੀ ਪਾੜ ਸਕਦਾ ਹੈ, ਇਹ ਉਹ ਭੂਤਰਿਆ ਹੋਇਆ ਝੋਟਾ ਹੈ ਜੋ ਕਿਸੇ ਨੂੰ ਵੀ ਸਿੰਗਾਂ ‘ਤੇ ਚੁੱਕ ਕੇ ਪਟਕਾ ਸਕਦਾ ਹੈ ਜਾਂ ਫੇਰ ਇਹ ਉਹ ਹਲਕ ਮਾਰਿਆ ਪਾਗਲ ਕੁੱਤਾ ਹੈ ਜੋ ਕਿਸੇ ਨੂੰ ਵੀ ਚੱਕ ਮਾਰ ਸਕਦਾ ਹੈ।

ਇਸ ਮੀਡੀਏ ‘ਤੇ ਹਰ ਕੋਈ ਆਪਣੇ ਆਪ ਨੂੰ ਕਵੀ/ਸਾਹਿਤਕਾਰ/ ਕਲਾਕਾਰ ਤੇ ਬੁੱਧੀਜੀਵੀ ਸਮਝਣ ਦਾ ਭਰਮ ਪਾਲ ਸਕਦਾ ਹੈ । ਇਸ  ਰਾਹੀਂ  ਸਾਹਿਤਕ  ਚੋਰ  ਵੀ  ਬਹੁਤ  ਬਹੁਤ ਪਨਪ ਰਹੇ  ਹਨ ।ਇਸ ਰਾਹੀਂ ਹਰ ਕੋਈ ਕਿਸੇ ਨੂੰ ਵੀ ਬਿਨਾ ਮੰਗੇ ਸਲਾਹ ਦੇਂਦਾ ਹੈ , ਕਿਸੇ ਨਾਲ ਵੀ ਬਿਨਾ ਵਜ੍ਹਾ ਸਿੰਗ ਫਸਾਉਂਦਾ ਹੈ ।

ਇਹ  ਉਹ ਮੀਡੀਆ ਹੈ ਜੋ ਕਈਆਂ ਦੀ ਬਲੱਡ ਸ਼ੂਗਰ ਉਤੇ ਥੱਲੇ ਕਰਦਾ ਹੈ, ਕਈ ਲੜਾਈ ਝਗੜੇ ਤੇ ਬਹਿਸਬਾਜੀਆਂ ਕਾਰਨ ਸਿਰ ਪੜਵਾਉਂਦਾ ਹੈ ।

ਅਜੋਕੇ ਯੁਗ ਦਾ ਇਹ ਇਕ ਅਜਿਹਾ ਸਾਧਨ ਹੈ, ਜਿਸ ਦੀ ਵਰਤੋਂ ਨਾਲ ਹਰ ਕੋਈ ਆਪਣੇ ਆਪ ਨੂੰ ਪੱਤਰਕਾਰ ਸਮਝਣ ਲੱਗ ਜਾਂਦਾ ਤੇ ਜਿਥੇ ਜੀ ਚਾਹੇ ਕੈਮਰੇ ਨਾਲ ਲਾਈਵ ਰਿਕਾਰਡਿੰਗ ਸ਼ੁਰੂ ਕਰਕੇ ਰਿਪੋਰਟਿੰਗ ਸ਼ੁਰੂ ਕਰ ਦਿੰਦਾ ਹੈ, ਬਾਅਦ ਵਿਚ ਕਿਸੇ ਦੀ ਮਾਣਹਾਨੀ ਕਕਨ ਦੇ ਜ਼ੁਰਮ ਵਿਚ ਭਾਵੇਂ ਜੇਹਲ ਦੀ ਹਵਾ ਹੀ ਖਾਣੀ ਪਵੇ ।

ਕਈ ਇਸ ਉਤੇ ਆਪਸੀ ਤਕਰਾਰਬਾਜੀ ਤੋ ਬਾਅਦ ਇਕ ਦੂਜੇ ਨੂੰ ਬਲੌਕ ਕਰਦੇ ਹਨ ਤੇ ਕਈ ਸਾਹਮਣੇ ਆ ਕੇ ਦੋ ਦੋ ਹੱਥ ਕਰਨ ਦੀਆ ਸ਼ਰੇਆਮ ਧਮਕੀਆਂ  ਦਿੰਦੇ ਹਨ ।

ਇਹ ਉਹ ਮੀਡੀਆ ਹੈ, ਜੋ ਕਈ ਘਰਾਂ ਚ ਠੰਢ ਵਰਸਾਉਂਦਾ ਹੈ ਤੇ ਕਈਆਂ ਦੇ ਘਰਾਂ ਚ ਅੱਗ ਦੇ ਭਾਂਬੜ ਮਚਾਉੰਦਾ ਹੈ । ਇੱਜ਼ਤਾਂ ਬਣਾਉਣ ਤੇ ਉਤਾਰਨ ਚ ਮੋਹਰੀ ਦੀ ਭੂਮਿਕਾ ਵੀ ਨਿਭਾਉੰਦਾ ਹੈ ।

ਇਸ ਮੀਡੀਏ ਨਾਲ ਜੁੜੇ ਬਹੁਤੇ ਲੋਕ ਆਪਣੇ ਆਪ ਨੂੰ ਹਰਫ਼ਨ ਮੌਲਾ ਮੰਨਕੇ ਚੱਲਦੇ ਹਨ । ਏਹੀ ਕਾਰਨ ਹੈ ਕਿ ਹਰ ਜਣੇ ਖਾਣੇ ਦੇ ਫਟੇਲੇ ਚ ਟੰਗ ਅੜਾਉਣਾ ਆਪਣਾ ਪਰਮ ਧਰਮ ਜਾਂ ਫੇਰ ਜਨਮ ਸਿੱਧ ਅਧਿਕਾਰ ਸਮਝਦੇ ਹਨ ਤੇ ਅਜਿਹਾ ਸਭ ਕੁੱਝ ਸਿੱਟਿਆਂ ਤੋਂ ਬੇਪਰਵਾਹ ਹੋ ਕੇ ਕਰਦੇ ਹਨ ।

ਕਈ ਵਾਰ ਇਹ  ਮੀਡੀਆ ਨਿਰਾ ਊਠ ਦਾ ਬੁੱਲ ਜਾਪਦਾ ਹੈ, ਜਿਸ ਦੇ ਡਿਗਣ ਦੀ ਇੰਤਜ਼ਾਰ ਤਾਂ ਹਰ ਕੋਈ ਕਰਦਾ ਹੈ, ਪਰ ਇਹ ਇੰਤਜਾਰ ਕਦੇ ਮੁਕਦੀ ਨਹੀਂ ।

ਇਹ ਬਹੁਪੱਖੀ ਜਾਣਕਾਰੀ ਦਾ ਖ਼ਜ਼ਾਨਾ ਵੀ ਹੈ ਤੇ ਕੂੜੇ ਕਰਕਟ ਨਾਲ ਭਰਿਆ ਗਾਰਬੇਜ ਵੀ । ਇਸ ਮੀਡੀਏ ਦੀ ਸਮਝਦਾਰੀ ਨਾਲ ਵਰਤੋ ਕਰਨ ਵਾਲੇ ਫਾਇਦਾ ਲੈ ਰਹੇ ਹਨ ਤੇ ਗਲਤ ਵਰਤੋ ਕਰਨ ਵਾਲੇ ਬਹੁਤੀ ਵਾਰ ਵੱਡਾ ਨੁਕਸਾਨ ਉਠਾ ਰਹੇ ਹਨ ।

ਵਪਾਰੀਆ ਵਾਸਤੇ ਇਹ ਵਪਾਰ ਦਾ ਵੱਡਾ ਸਾਧਨ ਹੈ ਤੇ ਸਵੈਸੇਵੀ ਸੰਸ਼ਥਾਵਾਂ ਵਾਸਤੇ ਵੱਡਾ ਸਹਾਰਾ ਵੀ ਏਹੀ ਹੈ ।

ਇਸੇ ਤਰਾਂ ਸ਼ੋਸ਼ਲ ਮੀਡੀਏ ਬਾਰੇ ਹੋਰ ਵੀ ਬਹੁਤ ਕੁੱਝ ਲਿਖਿਆ ਜਾਂ ਬੋਲਿਆ ਜਾ ਸਕਦਾ ਹੈ । ਹੁਣ ਸਵਾਲ ਇਹ ਹੈ ਕਿ ਤੁਸੀ ਇਸ ਮੀਡੀਏ  ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ, ਇਸ ਬਾਰੇ ਕੀ ਸੋਚਦੇ ਹੋ, ਇਸ ਦੀ ਵਰਤੋ ਕਿਵੇ ਕਰਦੇ ਹੋ ਜਾਂ ਫਿਰ ਇਸ ਦੀ ਪਰਿਭਾਸ਼ਾ ਕੀ ਕਰਦੇ ਹੋ । ਇਸ ਬਾਰੇ ਆਪੋ ਆਪਣੇ ਵਿਚਾਰ ਦਿਓ ਤਾਂ ਕਿ ਸਮੁੱਚੀ ਮਿੱਤਰ ਮੰਡਲੀ ਦੀ ਜਾਣਕਾਰੀ ਚ ਵਾਧਾ ਹੋਵੇ । ਆਸ ਹੈ ਕਿ ਬੇਨਤੀ ਪਰਵਾਨ ਕਰੋਗੇ।

– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

Previous articleਦੁਕਾਨਦਾਰਾਂ ਦੀ ਦੁਚਿੱਤੀ ਦੂਰ ਕਰਨ ਲਈ ਡੀਸੀ ਨੇ ਦੁਬਾਰਾ ਜਾਰੀ ਕੀਤੇ ਆਦੇਸ਼
Next articleਕੋਰੋਨਾ ਨਾਲ ਇਕ ਮੌਤ ਹੋਣ ਨਾਲ ਮ੍ਰਿਤਕ ਦੀ ਗਿਣਤੀ ਹੋਈ 7