ਮਠਿਆਈ ਤੇ ਘਿਉ ਦੇ 15 ਨਮੂਨੇ ਲਏ
ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ): ਫੂਡ ਵਿੰਗ ਕਪੂਰਥਲਾ ਵੱਲੋਂ ਸਵੀਟ ਸ਼ਾਪਸ, ਰੈਸਟੋਰੈਂਟਾਂ ਆਦਿ ਦੇ ਫੂਡ ਬਿਜਨਸ ਅਪਰੇਟਰਾਂ ਦੀ ਅੱਜ ਜਾਂਚ ਕੀਤੀ ਗਈ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਇਹ ਚੈਕਿੰਗ ਅੱਜ ਸਵੇਰੇ ਕੀਤੀ ਗਈ। ਸਹਾਇਕ ਕਮਿਸ਼ਨਰ ਸ੍ਰੀ ਹਰਜੋਤ ਦੀ ਅਗਵਾਈ ਹੇਠ ਟੀਮ ਵੱਲੋਂ ਨਾਕਾ ਲਗਾ ਕੇ ਦੁੱਧ ਲਿਜਾਉਣ ਵਾਲੇ ਵਾਹਨਾਂ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਕੁੱਝ ਸਵੀਟ ਸ਼ਾਪ ਮਾਲਕਾਂ ਵੱਲੋਂ ਮਠਿਆਈਆਂ ਦੀ “ਬੈਸਟ ਬਿਫੋਰ ਡੇਟ ” ਨਹੀਂ ਲਿਖੀ ਜਾ ਰਹੀ। ਸਵੀਟ ਸ਼ਾਪ ਮਾਲਕਾਂ ਨੂੰ ਇਹ ਹਦਾਇਤ ਕੀਤੀ ਗਈ ਕਿ ਉਹ ਖੁੱਲੀਆਂ ਮਠਿਆਈਆਂ ਤੇ ਐਫ.ਐਸ.ਐਸ.ਏ.ਆਈ. ਦੀਆਂ ਹਦਾਇਤਾਂ ਅਨੁਸਾਰ ਡਿਸਪਲੇ ਕਰਨ।
ਟੀਮ ਵੱਲੋਂ ਅੱਜ ਕੁੱਲ 15 ਸੈਂਪਲ ਭਰੇ ਗਏ, ਜਿਸ ਵਿੱਚ ਦੁੱਧ 2, ਦੇਸੀ ਘਿਉ, ਸਰੋਂ ਤੇਲ, ਵਨਸਪਤੀ, ਖੰਡ, ਰਾਜਮਾਹ, ਚਨਾ ਦਾਲ, ਚਾਵਲ, ਫੈਟ ਸਪਰੈਡ, ਬਣੀ ਹੋਈ ਦਾਲ, ਰਸ, ਬਿਸਕੁਟ, ਨਮਕੀਨ ਆਦਿ ਹਨ। ਇਹਨਾਂ ਲਏ ਗਏ ਸੈਂਪਲਾਂ ਨੂੰ ਸਟੇਟ ਫੂਡ ਲੈਬਾਰਟਰੀ ਖਰੜ, ਮੋਹਾਲੀ ਵਿਖੇ ਟੈਸਟ ਲਈ ਭੇਜਿਆ ਗਿਆ ਹੈ ਅਤੇ ਇਸ ਸਬੰਧੀ ਰਿਪੋਰਟ ਪ੍ਰਾਪਤ ਹੋਣ ਤੇ, ਉਲੰਘਣਾ ਕਰਨ ਵਾਲੇ ਫੂਡ ਬਿਜਨਸ ਅਪਰੇਟਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਹਾਇਕ ਕਮਿਸ਼ਨਰ ਫੂਡ ਵੱਲੋਂ ਫੂਡ ਬਿਜਨਸ ਅਪਰੇਟਰਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਆਮ ਜਨਤਾ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਲਾਵਟ ਰਹਿਤ ਖਾਦ ਪਦਾਰਥ ਉਪਲੱਬਧ ਹੋਣ ਸਕਣ।