“ਡੁੱਬਦੇ ਨੂੰ ਸਲਾਮ”

ਬਲਦੇਵ ਕ੍ਰਿਸ਼ਨ ਸ਼ਰਮਾ

(ਸਮਾਜ ਵੀਕਲੀ)

ਆਮਦ ‘ਤੇ ਤੇਲ ਚੋਣਾਂ;ਹੈ ਦਸਤੂਰ ਭਾਵੇਂ ਤੇਰਾ,
ਡੁੱਬਦੇ ਨੂੰ ਵੀ ਹੁੰਦਾ ਏ,ਝੁਕ ਕੇ ਸਲਾਮ ਮੇਰਾ।
ਭਾਵੇਂ ਆ ਰਿਹੈ ਕਲੰਡਰ,ਲੈ ਉਮੀਦਾਂ ਦੀ ਪੋਟਲੀ ਫਿਰ,
ਰੁਖਸਤ ਹੋ ਰਿਹਾ ਵੀ,ਨਿਭਿਐ;ਮੇਰੇ ਨਾਲ਼ ਹੈ ਬਥੇਰਾ।
ਪੰਨਿਆਂ ਦਾ ਪਰਤ ਜਾਣਾ,ਵੀ ਹੁੰਦੀ ਸਮੇਂ ਦੀ ਨਜ਼ਾਕਤ,
ਕੁਝ ਯਾਦਾਂ ਭੈੜੀਆਂ ਵੀ,ਪਾ ਲੈਂਦੀਆਂ ਨੇ ਡੇਰਾ।
ਦਿੱਤਾ ਸੀ ਹੱਕ ਜਿਸਨੂੰ;ਆਪਣੇ ਅੰਦਰ ਝਾਕਣੇ ਦਾ,
ਉਹ ਵੀ ਘੱਤ ਸਕਿਐ,ਚੁਫੇਰੇ ਹੀ,ਮੇਰੇ,ਘੇਰਾ ।
ਹੁੰਦੇ ਨੇ ਸਿੱਕੇ ਦੇ ਵੀ;ਪਹਿਲੂ ਹਮੇਸ਼ਾਂ ਦੋ ਹੀ,
ਰੁੱਖਾ ਵੀ ਹੁੰਦੈ ਕੋਮਲ;ਥੋੜ੍ਹਾ ਰੱਖਣਾ ਹੈ ਪੈਂਦਾ ਜੇਰਾ।
ਕਰਨੀ ਦੀਪਮਾਲ਼ਾ ਵੀ ਤਾਂ;ਹੈ ਭੁਲੇਖਾ ਹੀ ਖੁਦ ਨੂੰ ਪਾਉਣਾ,
ਬਿਨ ਆਤਿਸ਼ ਅੰਦਰਲੀ ਤੋਂ,ਮਿਟਦਾ ਨਹੀਂ ਹਨੇਰਾ।
ਆਮਦ ‘ਤੇ ਤੇਲ ਚੋਣਾਂ;ਹੈ ਦਸਤੂਰ ਭਾਵੇਂ ਤੇਰਾ,
ਡੁੱਬਦੇ ਨੂੰ ਵੀ ਹੁੰਦਾ ਏ,ਝੁਕ ਕੇ ਸਲਾਮ ਮੇਰਾ।
ਬਲਦੇਵ ਕ੍ਰਿਸ਼ਨ ਸ਼ਰਮਾ
Previous articleਸਹਾਇਕ ਫੂਡ ਕਮਿਸ਼ਨਰ ਵਲੋਂ ਫੂਡ ਬਿਜਨਸ ਅਪਰੇਟਰਾਂ ਦੀ ਜਾਂਚ
Next articleਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਲਈ ਸਰਗਰਮੀਆਂ ਕੀਤੀਆਂ ਤੇਜ਼