ਸਵਾ ਕਰੋੜ ਦੇ ਡੀਜ਼ਲ ਦੀ ਖਪਤ ਨਾਲ਼ ਹੜ੍ਹ ਪੀੜਤ ਕਿਸਾਨਾਂ ਨੇ ਗਿਦੱੜਪਿੰਡੀ ਰੇਲਵੇ ਪੁਲ ਹੇਠੋ ਮਿੱਟੀ ਕੱਢੀ

ਦੋ ਮਹੀਨਿਆਂ ਵਿੱਚ ਧੁੱਸੀ ਬੰਨ੍ਹ ਕੀਤਾ ਮਜ਼ਬੂਤ
ਡੀ.ਸੀ. ਤੇ ਐਸ.ਐਸ.ਪੀ. ਵੱਲੋਂ ਹੜ੍ਹਾਂ ਤੋਂ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ 
ਕਪੂਰਥਲਾ 28 ਮਈ (ਸਮਾਜ ਵੀਕਲੀ – ਕੌੜਾ) – ਦੋ ਮਹੀਨਿਆਂ ਤੋਂ ਚੱਲ ਰਹੇ ਲੋਕਡਾਊਨ ਦੌਰਾਨ ਹੜ੍ਹ ਪੀੜਤ ਕਿਸਾਨਾਂ ਨੇ ਹੰਭਲਾ ਮਾਰ ਕੇ ਭਵਿੱਖ ਵਿੱਚ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਇੱਕ ਵੱਡਾ ਮਿਸਾਲੀ ਕੰਮ ਕੀਤਾ ਹੈ। ਇਲਾਕੇ ਦੇ ਕਿਸਾਨਾਂ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਉਚਾ ਤੇ ਮਜ਼ਬੂਤ ਕੀਤਾ ਹੈ। ਜਲੰਧਰ, ਮੋਗਾ ਤੇ ਫਿਰੋਜ਼ਪੁਰ ਜ਼ਿਲਿ੍ਹਆਂ ਦੇ ਕਿਸਾਨਾਂ ਨੇ ਧੁੱਸੀ ਬੰਨ੍ਹ ਉਪਰ ਵੱਡੀ ਪੱਧਰ ‘ਤੇ ਮਿੱਟੀ ਪਾਈ ਹੈ। ਹੜ੍ਹਾਂ ਤੋਂ ਬਚਾਅ ਕਰਨ ਲਈ ਇਲਾਕੇ ਦੇ ਪੀੜਤ ਕਿਸਾਨਾਂ ਨੇ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਮਾਰੇ ਜਾ ਰਹੇ ਹੰਭਲੇ ਬਾਰੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਨੇ ਚੱਲ ਰਹੇ ਕੰਮ ਦਾ ਜ਼ਾਇਜ਼ਾ ਲਿਆ। ਸਤਲੁਜ ਦਰਿਆ ਦੇ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਮਿੱਟੀ ਕੱਢਣ ਦੀ ਕਾਰ ਸੇਵਾ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਹੈ। ਇਸ ਇਲਾਕੇ ਦੇ ਕਿਸਾਨਾਂ ਨੇ ਆਪ ਹੀ ਹਿੰਮਤ ਮਾਰਕੇ ਮਿੱਟੀ ਕੱਢਣ ਲਈ ਵਰਤੀਆਂ ਜਾ ਰਹੀਆਂ ਕਰੇਨਾਂ, ਟਿੱਪਰਾਂ ਅਤੇ ਟ੍ਰੈਕਟਰ ਟਰਾਲੀਆਂ ਵਿੱਚ ਰਲ-ਮਿਲ ਕੇ ਡੀਜ਼ਲ ਦਾ ਖਰਚਾ ਚੁੱਕਿਆ ਹੈ। ਇਸੇ ਦੌਰਾਨ ਹੁਣ ਤੱਕ ਸਵਾ ਕਰੋੜ ਦਾ ਡੀਜ਼ਲ ਲੱਗ ਚੁੱਕਾ ਹੈ। ਸਰਕਾਰ ਨੇ ਇਸ ਗਿੱਦੜਪਿੰਡੀ ਪੁੱਲ ਹੇਠੋਂ ਮਿੱਟੀ ਕੱਢਣ ਦਾ ਪ੍ਰੋਜੈਕਟ 17 ਕਰੋੜ ਦਾ ਬਣਾਇਆ ਸੀ।
     ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਸ੍ਰੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿੱਚ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪੁਲ ਹੇਠ ਮਿੱਟੀ ਕੱਢਣਾ ਸਮੇਂ ਦੀ ਲੋੜ ਹੈ ਤਾਂ ਕਿ ਜੇਕਰ ਜ਼ਿਆਦਾ ਪਾਣੀ ਛੱਡਿਆ ਜਾਂਦਾ ਹੈ ਤਾਂ ਉਹ ਇਸ ਪੁਲ ਹੇਠੋਂ ਬਿਨਾਂ ਕਿਸੇ ਰੁਕਾਵਟ ਦੇ ਲੰਘ ਸਕੇ। ਉਨਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਇਸ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਦੀ ਵੀ ਸ਼ਲਾਘਾ ਕੀਤੀ ਗਈ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਪਿੰਡ ਜਾਣੀਆ ਚਾਹਲ ਦਾ ਵੀ ਦੌਰਾ ਕੀਤਾ ਗਿਆ ਜਿਥੇ ਪਿਛਲੇ ਸਾਲ ਬੰਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਹੜ੍ਹਾਂ ਨੂੰ ਰੋਕਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
    ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱੱਸਿਆ ਕਿ ਦਰਿਆ ਸਤਲੁਜ ‘ਤੇ ਬਣੇ ਰੇਲਵੇ ਪੁਲ ਦੇ 12 ਸਪੈਨਾਂ ਵਿਚੋਂ ਮਿੱਟੀ ਕੱਢ ਲਈ ਗਈ ਹੈ ਤੇ ਹੁਣ ਇੰਨ੍ਹਾਂ ਵਿੱਚੋਂ ਦੀ ਪਾਣੀ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਉਣ ਵਾਲੇ ਸਮੇਂ ਦੌਰਾਨ ਹੜ੍ਹ ਨਾਲ ਹੋਣ ਵਾਲੇ ਭਾਰੀ ਨੁਕਸਾਨ ਤੋਂ ਬਚਾਅ ਹੋਵੇਗਾ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਖਾਸ ਕਰਕੇ ਸੂਬਾ ਸਰਕਾਰ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਪਾਬੰਦ ਹੈ ਅਤੇ ਇਸ ਸਬੰਧੀ ਕੀਤੇ ਜਾਣ ਵਾਲੇ ਹਰ ਉਪਰਾਲੇ ਨੂੰ ਅਮਲੀ ਜ਼ਾਮਾ ਪਹਿਨਾਇਆ ਜਾ ਰਿਹਾ ਹੈ।
    ਇਸ ਮੌਕੇ ਉਪ ਮੰਡਲ ਮੈਜਿਸਟਰੇਟ ਸੰਜੀਵ ਸ਼ਰਮਾ, ਡੀ.ਐਸ.ਪੀ. ਪਿਆਰਾ ਸਿੰਘ, ਕਾਰਜ਼ਕਾਰੀ ਇੰਜ਼ੀਨੀਅਰ ਅਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
Previous article240 जरूरतमंद परिवारों को गेहूं दाल तक्सीम की गई 
Next articleFederer edges out Ronaldo in Forbes’ list of highest paid athletes