ਸਵਪਨਾ ਦਾ ਵਿਸ਼ੇਸ਼ ਬੂਟਾਂ ਦਾ ਸੁਫ਼ਨਾ ਸਾਕਾਰ

ਏਸ਼ਿਆਈ ਖੇਡਾਂ ਵਿਚ ਹੈਪਟਾਥਲਨ ’ਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤੀ ਖਿਡਾਰਨ ਸਵਪਨਾ ਬਰਮਨ ਨੂੰ ਛੇ-ਛੇ ਉਂਗਲੀਆਂ ਵਾਲੇ ਪੈਰਾਂ ਵਿਚ ਫਿਟ ਆਉਣ ਵਾਲੇ ਬੂਟ ਦਿੱਤੇ ਗਏ ਹਨ। ਖੇਡ ਸਾਮਾਨ ਬਣਾਉਣ ਵਾਲੀ ਜਰਮਨੀ ਦੀ ਕੌਮਾਂਤਰੀ ਕੰਪਨੀ ‘ਐਡੀਡਾਸ’ ਨੇ ਸਵਪਨਾ ਲਈ ਇਹ ਬੂਟ ਤਿਆਰ ਕੀਤੇ ਹਨ।
ਦੋਵਾਂ ਪੈਰਾਂ ਵਿਚ ਛੇ-ਛੇ ਉਂਗਲੀਆਂ ਹੋਣ ਕਾਰਨ ਸਵਪਨਾ ਨੂੰ ਆਮ ਬੂਟਾਂ ਵਿਚ ਦੌੜਨ ਵਿਚ ਮੁਸ਼ਕਲ ਆਉਂਦੀ ਸੀ। ਸਵਪਨਾ ਨੇ ਕਿਹਾ ਕਿ ਉਹ ਵਿਸ਼ੇਸ਼ ਬੂਟ ਮਿਲਣ ’ਤੇ ਬਹੁਤ ਖੁਸ਼ ਹੈ। ਉਸ ਨੇ ਇਨ੍ਹਾਂ ਵਿਚ ਅਭਿਆਸ ਸ਼ੁਰੂ ਕਰ ਦਿੱਤਾ ਹੈ। ਸਵਪਨਾ ਨੇ ਕਿਹਾ ਕਿ ਹੁਣ ਉਹ ਦਰਦ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਅਭਿਆਸ ਉੱਤੇ ਧਿਆਨ ਦੇ ਸਕਦੀ ਹੈ। ਉਸ ਨੇ ਕਿਹਾ ਕਿ ਉਹ ਸਖ਼ਤ ਮਿਹਨਤ ਜਾਰੀ ਰੱਖੇਗੀ ਦੇ ਦੇਸ਼ ਲਈ ਤਗ਼ਮਾ ਜਿੱਤਣਾ ਹੀ ਉਸ ਦਾ ਇਕੋ ਇਕ ਮੰਤਵ ਹੈ। ਸਵਪਨਾ ਨੇ ਖ਼ਾਸ ਬੂਟ ਤਿਆਰ ਕਰਨ ਲਈ ਐਡੀਡਾਸ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਖੋਜ ਲੈਬ ਵਿਚ ਕੰਪਨੀ ਦੇ ਮਾਹਿਰਾਂ ਨੇ ਪੂਰੀ ਤਰ੍ਹਾਂ ਫਿਟ ਬੂਟ ਤਿਆਰ ਕੀਤੇ ਹਨ ਤੇ ਅਭਿਆਸ ਬਿਹਤਰ ਹੋ ਰਿਹਾ ਹੈ।
‘ਐਡੀਡਾਸ’ ਇਹ ਖ਼ਾਸ ਬੂਟ ਤਿਆਰ ਕਰਨ ਲਈ ਸਵਪਨਾ ਨੂੰ ਜਰਮਨੀ ਦੇ ਹੇਰਜੋਗੇਨਾਹੂਰਾਚ ਸਥਿਤ ਖ਼ੋਜ ਕੇਂਦਰ ਲੈ ਕੇ ਗਿਆ ਸੀ। ਭਾਰਤ ਵਿਚ ਕੰਪਨੀ ਦੇ ਡਾਇਰੈਕਟਰ, ਬਰਾਂਡ ਮਾਰਕੀਟਿੰਗ ਸ਼ਰਦ ਸਿੰਗਲਾ ਨੇ ਕਿਹਾ ਕਿ ਇਹ ਇਕ ਵਿਸ਼ੇਸ਼ ਤਰ੍ਹਾਂ ਦੀ ਚੁਣੌਤੀ ਸੀ ਤੇ ਕੰਪਨੀ ਨੂੰ ਸਵਪਨਾ ਲਈ ਖ਼ਾਸ ਬੂਟ ਤਿਆਰ ਕਰਨ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਬੂਟਾਂ ਨਾਲ ਉਸ ਨੂੰ ਹੈਪਟਾਥਲਨ ਦੇ ਸੱਤਾਂ ਮੁਕਾਬਲਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਿਚ ਮਦਦ ਮਿਲੇਗੀ। ਸਵਪਨਾ ਤੋਂ ਇਲਾਵਾ ਐਡੀਡਾਸ ਨੇ ਹਾਲ ਹੀ ਵਿਚ ਹਿਮਾ ਦਾਸ ਤੇ ਨਿਕਹਤ ਜ਼ਰੀਨ ਨਾਲ ਵੀ ਕਰਾਰ ਕੀਤਾ ਹੈ।

Previous articleਮਾਸਟਰਜ਼ ਗੋਲਫ਼: ਭੁੱਲਰ ਸਾਂਝੇ ਰੂਪ ’ਚ ਦਸਵੇਂ ਸਥਾਨ ’ਤੇ
Next articleਪਰਵਾਸੀ ਲਾੜਿਆਂ ਹੱਥੋਂ ਸਤਾਈਆਂ ਧੀਆਂ ਵੱਲੋਂ ਮੁਜ਼ਾਹਰਾ