ਪਰਵਾਸੀ ਲਾੜਿਆਂ ਹੱਥੋਂ ਸਤਾਈਆਂ ਧੀਆਂ ਵੱਲੋਂ ਮੁਜ਼ਾਹਰਾ

ਪਰਵਾਸੀ ਠੱਗ ਲਾੜਿਆਂ ਹੱਥੋਂ ਸਤਾਈਆਂ ਪੰਜਾਬ ਦੀਆਂ ਧੀਆਂ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਵਾਲੀਆਂ ਸਰਕਾਰਾਂ ਨੂੰ ਲਾਹਨਤਾਂ ਪਾਉਂਦਿਆਂ ਪਾਸਪੋਰਟ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ। ‘ਅਬ ਨਹੀਂ ਵੈਲਫੇਅਰ ਸੁਸਾਇਟ’ ਦੇ ਬੈਨਰ ਹੇਠ ਰੋਸ ਮੁਜ਼ਾਹਰਾ ਕਰਦਿਆਂ ਇਨ੍ਹਾਂ ਲੜਕੀਆਂ ਨੇ ਆਪਣੇ ਪਰਵਾਸੀ ਪਤੀਆਂ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕੀਤੀ, ਜਿਹੜੇ ਵਿਆਹ ਕਰਾਉਣ ਮਗਰੋਂ ਧੋਖਾ ਦੇ ਗਏ ਸਨ।
ਜਥੇਬੰਦੀ ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਨੇ ਦੱਸਿਆ ਕਿ ਸੰਸਥਾ ਨਾਲ 450 ਦੇ ਕਰੀਬ ਅਜਿਹੀਆਂ ਪੀੜਤ ਲੜਕੀਆਂ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 32 ਹਜ਼ਾਰ ਅਜਿਹੀਆਂ ਧੀਆਂ ਹਨ, ਜਿਨ੍ਹਾਂ ਨੂੰ ਐਨਆਰਆਈਜ਼ ਲਾੜਿਆਂ ਨੇ ਛੱਡਿਆ ਹੋਇਆ ਹੈ। ਇਨ੍ਹਾਂ ਵਿੱਚੋਂ ਕੁਝ ਦੇ ਤਾਂ ਬੱਚੇ ਵੀ ਜਵਾਨ ਹੋ ਚੁੱਕੇ ਹਨ, ਪਰ ਉਨ੍ਹਾਂ ਨੂੰ ਨਾ ਤਾਂ ਕੋਈ ਖਰਚਾ ਮਿਲਦਾ ਹੈ ਤੇ ਨਾ ਹੀ ਸਹੁਰੇ ਪਰਿਵਾਰ ਉਨ੍ਹਾਂ ਨੂੰ ਝੱਲਦੇ ਹਨ। ਰੋਸ ਮੁਜ਼ਾਹਰੇ ਵਿੱਚ 63 ਸਾਲਾ ਪ੍ਰੀਤਮ ਕੌਰ ਵੀ ਸ਼ਾਮਲ ਸੀ, ਜਿਸ ਦਾ 1977 ਵਿੱਚ ਵਿਆਹ ਹੋਇਆ ਸੀ। ਉਸ ਦੇ ਪਤੀ ਦਰਸ਼ਨ ਸਿੰਘ ਗਰਚਾ ਨੇ 1982 ਵਿੱਚ ਕੈਨੇਡਾ ’ਚ ਪੱਕਾ ਹੋਣ ਲਈ ਆਪਣੀ ਭਾਬੀ ਨਾਲ ਵਿਆਹ ਕਰਵਾ ਲਿਆ ਸੀ। ਪ੍ਰੀਤਮ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਵੀ ਉਹਦੇ ਪਤੀ ਨੇ ਇਕ ਹੋਰ ਵਿਆਹ ਕਰਵਾਇਆ। ਉਸ ਦੇ ਪਤੀ ਦੇ ਦੋ ਧੀਆਂ ਤੇ ਇਕ ਪੁੱਤਰ ਹੈ ਜਦਕਿ ਉਸ ਨੂੰ ਤਲਾਕ ਨਹੀਂ ਦਿੱਤਾ। ਜਗਰਾਓਂ ਦੇ ਐਨਆਰਆਈ ਥਾਣੇ ਵਿੱਚ ਜਾ ਜਾ ਕੇ ਇਹ ਬਿਰਧ ਔਰਤ ਥੱਕ-ਹਾਰ ਗਈ ਹੈ, ਪਰ ਉਸ ਦੀ ਉਡੀਕ ਅਜੇ ਤੱਕ ਨਹੀਂ ਮੁੱਕੀ। ਪੁਲੀਸ ਵਾਲੇ ਉਸ ਤੋਂ 1977 ਵਿੱਚ ਹੋਏ ਵਿਆਹ ਦਾ ਸਬੂਤ ਮੰਗਦੇ ਹਨ। ਸੰਸਥਾ ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਇਸ ਕੇਸ ਨੂੰ ਆਪਣੇ ਹੱਥਾਂ ਵਿੱਚ ਲੈਂਦਿਆਂ ਇਸ ਗੱਲ ’ਤੇ ਬਜ਼ਿੱਦ ਹੈ ਕਿ ਐਫਆਈਆਰ ਕਰਾ ਕੇ ਹੀ ਉਹ ਮਾਤਾ ਪ੍ਰੀਤਮ ਕੌਰ ਨੂੰ ਇਨਸਾਫ ਦਿਵਾਏਗੀ।
ਸਤਵਿੰਦਰ ਸੱਤੀ ਨੇ ਦੱਸਿਆ ਕਿ 150 ਦੇ ਕਰੀਬ ਠੱਗ ਪਰਵਾਸੀ ਲਾੜਿਆਂ ਤੋਂ ਸਤਾਈਆਂ ਲੜਕੀਆਂ ਨੇ ਅੱਜ ਪਾਸਪੋਰਟ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਪਾਸਪੋਰਟ ਅਫਸਰ ਤਾਂ ਮੰਗ ਪੱਤਰ ਲੈਣ ਨਹੀਂ ਆਇਆ, ਪਰ ਉਸ ਨੇ ਆਪਣੇ ਮਾਤਹਿਤ ਨੂੰ ਭੇਜ ਦਿੱਤਾ ਸੀ।
ਸਤਵਿੰਦਰ ਕੌਰ ਸੱਤੀ ਨੇ ਦੱਸਿਆ ਕਿ ਜਲੰਧਰ ਦਫਤਰ ਨੇ ਅਜੇ ਪੀੜਤ ਲੜਕੀਆਂ ਦੇ ਪਤੀਆਂ ਦੇ ਪਾਸਪੋਰਟ ਜ਼ਬਤ ਕਰਨੇ ਸ਼ੁਰੂ ਨਹੀਂ ਕੀਤੇ ਜਦਕਿ ਪੰਜਾਬ ਦੇ ਹੋਰ ਕਈ ਪਾਸਪੋਰਟ ਦਫਤਰਾਂ ਨੇ ਇਸ ਕਾਰਵਾਈ ਨੂੰ ਅਮਲ ’ਚ ਲਿਆਂਦਾ ਹੈ। ਉਸ ਨੇ ਦੱਸਿਆ ਕਿ ਉਹਦਾ ਪਤੀ ਉਸ ਨੂੰ ਛੱਡ ਕੇ ਯੂਕਰੇਨ ਚਲਾ ਗਿਆ ਸੀ। ਉਥੇ ਪੱਕਾ ਹੋਣ ਤੋਂ ਬਾਅਦ ਉਸ ਨੂੰ ਧੋਖੇ ਨਾਲ ਘਰ ’ਚੋਂ ਬੇਦਖਲ ਕਰ ਦਿੱਤਾ। ਉਹ ਆਪਣੇ ਪਤੀ ਦਾ ਵੀਜ਼ਾ ਰੱਦ ਕਰਵਾ ਚੁੱਕੀ ਹੈ। ਹੁਣ ਉਸ ਦਾ ਪਤੀ ਯੂਕਰੇਨ ਤੋਂ ਭੱਜ ਕੇ ਪੋਲੈਂਡ ਚਲਾ ਗਿਆ ਹੈ। ਸੱਸ ਸਹੁਰਾ ਵਿਰੁੱਧ ਕੀਤੇ ਕੇਸ ਵਿਚ ਉਹ ਜ਼ਮਾਨਤ ’ਤੇ ਬਾਹਰ ਹਨ।

‘ਡੈਡ ਪਲੀਜ਼ ਕਮ ਟੂ ਇੰਡੀਆ’
ਇਨ੍ਹਾਂ ਪੀੜਤ ਲੜਕੀਆਂ ਨੇ ਸਵੇਰੇ 11.00 ਵਜੇ ਤੋਂ 3.00 ਵਜੇ ਤੱਕ ਆਪਣੇ ਦੁੱਖੜੇ ਸਾਂਝੇ ਕੀਤੇ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜਿਨ੍ਹਾਂ ਲੜਕੀਆਂ ਦੇ ਬੱਚੇ ਵੀ ਨਾਲ ਆਏ ਹੋਏ ਸਨ, ਉਨ੍ਹਾਂ ਦੇ ਹੱਥਾਂ ਵਿੱਚ ਵੀ ਤਖਤੀਆਂ ਫੜੀਆਂ ਹੋਈਆਂ ਸਨ। ਇਨ੍ਹਾਂ ’ਤੇ ਲਿਖਿਆ ਹੋਇਆ ਸੀ, ‘‘ਮਾਈ ਡੈਡ ਪਲੀਜ਼ ਕਮ ਟੂ ਇੰਡੀਆ’’। ਕਈ ਤਖਤੀਆਂ ’ਤੇ ਇਨ੍ਹਾਂ ਔਰਤਾਂ ਨੇ ਆਪਣੇ ਠੱਗ ਪਤੀਆਂ ਦੀਆਂ ਤਸਵੀਰਾਂ ਵੀ ਲਾਈਆਂ ਹੋਈਆਂ ਸਨ। ਪੀੜਤ ਲੜਕੀਆਂ ਨਾਲ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ।

Previous articleਸਵਪਨਾ ਦਾ ਵਿਸ਼ੇਸ਼ ਬੂਟਾਂ ਦਾ ਸੁਫ਼ਨਾ ਸਾਕਾਰ
Next articleਸਨਅਤਕਾਰਾਂ ਦੇ ਕਰਜ਼ੇ ਮੁਆਫ਼ ਕਰਕੇ ਮੋਦੀ ਨੇ ਕਿਸਾਨਾਂ ਦਾ ਮਖੌਲ ਉਡਾਇਆ: ਰਾਹੁਲ