ਸਰਾਭਾ ਆਸ਼ਰਮ ਦੇ ਸੇਵਾਦਾਰ ਡਾ. ਮਾਂਗਟ ਸਮਾਜ ਸੇਵਾ ਅਵਾਰਡ ਨਾਲ ਸਨਮਾਨਤ

13 ਫਰਵਰੀ 2019 ਨੂੰ ਰੋਟਰੀ ਕਲੱਬ ਲੁਧਿਆਣਾ ਵੱਲੋਂ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ ਦੇ ਸੇਵਾਦਾਰ ਡਾ. ਨੌਰੰਗ ਸਿੰਘ ਮਾਂਗਟ ਨੂੰ “ਐਵਾਰਡ ਆਫ਼ ਐਕਸੀਲੈਂਸ ਫ਼ਾਰ ਹਿਊਮੈਨਟਿੀ ਸਰਵਿਸਜ਼” ਨਾਲ ਸਨਮਾਨਤ ਕੀਤਾ ਗਿਆ। ਡਾ. ਮਾਂਗਟ ਨੂੰ ਇਹ ਸਨਮਾਨ ਰੋਟਰੀ ਭਵਨ ਵਿਖੇ ਹੋਏ ਸਾਲਾਨਾ ਸਮਾਗਮ ਵਿੱਚ ਉਹਨਾਂ ਵੱਲੋਂ ਪਿਛਲੇ 14 ਸਾਲਾਂ ਤੋਂ ਲਾਵਾਰਸਾਂ-ਅਪਾਹਜਾਂ ਦੀ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਨੂੰ ਮੁੱਖ ਰੱਖਦੇ ਹੋਏ ਦਿੱਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਡਿਸਟਿਰਿਕਟ ਗਵਰਨਰ ਬਰਜੇਸ਼ ਸਿੰਘਲ, ਪ੍ਰਧਾਨ ਮਹਿੰਦਰ ਸਿੰਘ ਧਾਲੀਵਾਲ, ਸੈਕਟਰੀ ਡਾ. ਆਰ. ਐਲ. ਨਾਰੰਗ, ਸਾਬਕਾ ਪ੍ਰਧਾਨ ਬਲਬੀਰ ਸਿੰਘ, ਡਾ. ਜਤਿੰਦਰ ਕੌਰ ਗਭੀਰ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਮੌਜੂਦ ਸਨ ।

ਪੀ. ਏ. ਯੂ. ਲੁਧਿਆਣਾ, ਯੂਨੀਵਰਸਿਟੀ ਆਫ਼ ਵਿੰਡਸਰ (ਕੈਨੇਡਾ) ਅਤੇ ਮੌਰੀਸਨ ਸਾਇੰਟਿਫਿਕ ਰੀਸਰਚ ਕੰਪਨੀ ਕੈਲਗਰੀ (ਕੈਨੇਡਾ) ਦੇ ਸਾਬਕਾ ਪ੍ਰੋਫੈਸਰ ਅਤੇ ਸਾਇੰਸਦਾਨ ਡਾ. ਨੌਰੰਗ ਸਿੰਘ ਮਾਂਗਟ ਨੇ ਕਈ ਸਾਲ ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਇਕਲ ਤੇ ਫਿਰਕੇ ਸੜਕਾਂ ਕੰਢੇ ਪਏ ਅਜਿਹੇ ਬੇਘਰ, ਲਾਵਾਰਸਾਂ, ਅਪਾਹਜਾਂ ਅਤੇ ਬਿਮਾਰ ਲੋੜਵੰਦਾਂ ਦੀ ਸੇਵਾ-ਸੰਭਾਲ ਕੀਤੀ ਜਿਹਨਾਂ ਦੀ ਹਾਲਤ ਹੇਠ ਲਿਖੀਆਂ ਕਾਵਿ ਸਤਰਾਂ ਜਿਹੀ ਹੁੰਦੀ ਹੈ ।

ਨਾ ਘਰ-ਬਾਰ, ਨਾ ਪੱਲੇ ਦਮੜਾ, ਨਾ ਕੋਈ ਲੈਂਦਾ ਸਾਰ । ਗਰਮੀ ਸਰਦੀ ਮੀਂਹ ਹਨੇਰੀ, ਲਈ ਸੜਕਾਂ ਤੇ ਗੁਜ਼ਾਰ ।
ਮੌਤ ਵੇਲੇ ਵੀ ਕੱਲਮ-ਕੱਲਾ, ਨਸੀਬ ਨਾ ਕੱਫ਼ਣ ਹੋਇਆ । ਲਾਸ਼ ਮੇਰੀ ਸੜਕਾਂ ਤੇ ਰੁਲ਼ ਗਈ, ਕੋਈ ਨਾ ਮੈਨੂੰ ਰੋਇਆ ।

ਅਜਿਹੇ ਲੋਕਾਂ ਦੀ ਹੋਰ ਬਿਹਤਰ ਢੰਗ ਨਾਲ ਸੇਵਾ-ਸੰਭਾਲ ਕਰਨ ਲਈ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਦੇ ਨਜ਼ਦੀਕ ਤਿੰਨ ਮੰਜ਼ਲਾ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਬਣਵਾਇਆ। ਆਪ ਨੇ ਚੈਰੀਟੇਬਲ (ਰਜ਼ਿ.) ਟਰਸਟ ਬਣਾ ਕੇ ਆਸ਼ਰਮ ਲਈ ਖ਼ਰੀਦੀ ਸਾਰੀ ਜਮੀਨ-ਜਾਇਦਾਦ ਆਸ਼ਰਮ ਦੇ ਨਾਉਂ ਲਗਵਾਈ ਅਤੇ ਆਪ ਇੱਕ ਨਿਸ਼ਕਾਮ ਸੇਵਾਦਾਰ ਵਜੋਂ ਆਸ਼ਰਮ ਵਿੱਚ ਰਹਿ ਰਹੇ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ।
ਇਸ ਆਸ਼ਰਮ ਵਿੱਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਤਕਰੀਬਨ 115 ਦੇ ਕਰੀਬ ਲਾਵਾਰਸ, ਬੇਘਰ, ਬੇਸਹਾਰਾ, ਅਪਾਹਜ, ਨੇਤਰਹੀਣ, ਅਧਰੰਗ ਦੀ ਬਿਮਾਰੀ ਨਾਲ ਪੀੜਤ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੇ ਲੋੜਵੰਦ ਰਹਿੰਦੇ ਹਨ । ਇਹਨਾਂ ਵਿੱਚੋਂ 30-32 ਅਜਿਹੇ ਹਨ ਜਿਹੜੇ ਪੂਰੀ ਹੋਸ਼-ਹਵਾਸ਼ ਨਾ ਹੋਣ ਕਾਰਨ ਆਪਣੇ ਵਾਰੇ ਕੁੱਝ ਵੀ ਦੱਸਣ ਤੋਂ ਅਸਮਰੱਥ ਹਨ । ਇਹ ਲੋੜਵੰਦ ਆਪਣੀ ਕਿਰਿਆ ਆਪ ਨਹੀਂ ਸੋਧ ਸਕਦੇ ਅਤੇ ਮਲ-ਮੂਤਰ ਆਦਿ ਕੱਪੜਿਆਂ ਵਿੱਚ ਹੀ ਕਰਦੇ ਹਨ । ਅਜਿਹੇ ਲੋੜਵੰਦਾਂ ਦੀ ਨਿਸ਼ਕਾਮ ਸੇਵਾ-ਸੰਭਾਲ ਕਰਨ ਦੇ ਨਾਲ-ਨਾਲ ਮੁਫ਼ਤ ਮੈਡੀਕਲ ਸਹਾਇਤਾ ਦੇ ਕੇ ਉਹਨਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ । ਆਸ਼ਰਮ ਵਿੱਚ ਰਹਿਣ ਵਾਲੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਗੁਰੂ ਦਾ ਲੰਗਰ, ਕੱਪੜੇ ਆਦਿ ਹਰ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ । ਕਿਸੇ ਵੀ ਲੋੜਵੰਦ ਕੋਲੋਂ ਕੋਈ ਵੀ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ। ਇੱਥੋਂ ਦਾ ਸਾਰਾ ਪ੍ਰਬੰਧ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਦਾ ਹੈ । ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਡਾ. ਮਾਂਗਟ ਨਾਲ ਮੋਬਾਇਲ 95018-42505 ਤੇ ਜਾਂ ਈ-ਮੇਲ [email protected]  ਤੇ ਸੰਪਰਕ ਕੀਤਾ ਜਾ ਸਕਦਾ ਹੈ

Previous articleANHAD BAAT CHEET in collaboration with  OXFORD BOOKSTORE
Next articleVadra appears for ED questioning in money laundering case