ਸਰਹੱਦ ‘ਤੇ ਨਾਲ਼ੇ ‘ਚ ਹੜ੍ਹ, ਰੁੜ੍ਹ ਗਿਆ ਬੀਐੱਸਐੱਫ ਅਧਿਕਾਰੀ

ਜੰਮੂ : ਇਲਾਕੇ ‘ਚ ਦੋ ਦਿਨ ਹੋਈ ਬਾਰਸ਼ ਨਾਲ ਕੌਮਾਂਤਰੀ ਸਰਹੱਦ ਨੇੜੇ ਇਕ ਨਾਲ਼ੇ ‘ਚ ਸ਼ਨਿਚਰਵਾਰ ਦੇਰ ਰਾਤ ਆਏ ਹੜ੍ਹ ਕਾਰਨ ਬੀਐੱਸਐÎਫ ਦਾ ਇਕ ਅਧਿਕਾਰੀ ਰੁੜ੍ਹ ਗਿਆ। ਸ਼ਨਿਚਰਵਾਰ ਰਾਤ ਤੇ ਫਿਰ ਐਤਵਾਰ ਨੂੰ ਪੂਰੇ ਦਿਨ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਭਾਰਤ ਤੇ ਪਾਕਿਸਤਾਨ ਦੋਵਾਂ ਖੇਤਰਾਂ ‘ਚ ਤਲਾਸ਼ੀ ਜਾਰੀ ਹੈ। ਉਨ੍ਹਾਂ ਦੇ ਪਾਕਿਸਤਾਨ ਵੱਲ ਰੁੜ੍ਹ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਬੀਐੱਸਐੱਫ ਦੀ 36 ਵਾਹਿਨੀ ਦੇ 54 ਸਾਲਾ ਸਬ ਇੰਸਪੈਕਟਰ ਪਰਿਤੋਸ਼ ਮੰਡਲ (ਨਿਵਾਸੀ ਬੰਗਾਲ) ਸ਼ਨਿਚਰਵਾਰ ਦੇਰ ਰਾਤ ਇਕ ਨਾਲ਼ੇ ‘ਚ ਕਿਸ਼ਤੀ ਰਾਹੀਂ ਪੈਟਰੋਲਿੰਗ ਕਰ ਰਹੇ ਸਨ। ਜੋੜਾ ਫਾਰਮ ਕੋਲ ਸਥਿਤ ਜੈ ਕਿਸ਼ਨ ਪੋਸਟ ਕੋਲ ਉਨ੍ਹਾਂ ਦੀ ਤਾਇਨਾਤੀ ਹੈ।
ਪੈਟਰੋਲਿੰਗ ਦੌਰਾਨ ਹੜ੍ਹ ਕਾਰਨ ਮੰਡਲ ਤੇ ਉਨ੍ਹਾਂ ਦੇ ਦੋ ਸਾਥੀ ਪਾਣੀ ‘ਚ ਰੁੜ੍ਹਣ ਲੱਗੇ। ਹੋਰ ਜਵਾਨਾਂ ਨੇ ਮੰਡਲ ਦੇ ਸਾਥੀਆਂ ਨੂੰ ਤਾਂ ਟ੍ਰੈਕਟਰ ਦੀ ਮਦਦ ਨਾਲ ਬਚਾ ਲਿਆ, ਪਰ ਹਨੇਰਾ ਹੋਣ ਕਾਰਨ ਮੰਡਲ ਨੂੰ ਲੱਭਿਆ ਨਹੀਂ ਜਾ ਸਕਿਆ। ਰਾਤ ਭਰ ਉਨ੍ਹਾਂ ਦੀ ਭਾਲ ਜਾਰੀ ਰਹੀ।
ਐਤਵਾਰ ਸਵੇਰੇ ਫਲੈਗ ਮੀਟਿੰਗ ‘ਚ ਬੀਐੱਸਐੱਫ ਨੇ ਆਰਐੱਸਪੁਰਾ ਦੇ ਸੁਚੇਤਗੜ੍ਹ ‘ਚ ਆਪਣੇ ਅਧਿਕਾਰੀ ਦੇ ਹੜ੍ਹ ‘ਚ ਰੁੜ੍ਹ ਜਾਣ ਦਾ ਮੁੱਦਾ ਪਾਕਿਸਤਾਨ ਰੇਂਜਰਸ ਨਾਲ ਚੁੱਕਿਆ। ਇਸ ਤੋਂ ਬਾਅਦ ਸਰਹੱਦ ਦੇ ਦੋਵਾਂ ਪਾਸੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਬੀਐੱਸਐੱਫ ਦੇ ਆਈਜੀ ਐੱਨਐੱਸ ਜੰਮਵਾਲ ਨੇ ਦੱਸਿਆ ਕਿ ਆਰਐੱਸਪੁਰਾ ਖੇਤਰ ‘ਚ ਤਲਾਸ਼ੀ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਵੀ ਮਦਦ ਲਈ ਜਾ ਰਹੀ ਹੈ। ਡੀਆਈਜੀ ਰੈਂਕ ਦਾ ਇਕ ਅਧਿਕਾਰੀ ਇਸ ਰਾਹਤ ਤੇ ਬਚਾਅ ਮੁਹਿੰਮ ‘ਤੇ ਪੂਰੀ ਨਜ਼ਰ ਰੱਖ ਰਿਹਾ ਹੈ।

Previous articleਬੇਅੰਤ ਸਿੰਘ ਦੀ ਹੱਤਿਆ ‘ਚ ਸ਼ਾਮਲ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ
Next articleਸਿਡਨੀ ਤੇ ਤਾਈਪੇ ‘ਚ ਹਾਂਗਕਾਂਗ ਅੰਦੋਲਨ ਦੀ ਹਮਾਇਤ ਦੀ ਗੂੰਜ