ਨਵੀਂ ਦਿੱਲੀ (ਸਮਾਜਵੀਕਲੀ) : ਐਲਏਸੀ ਨਾਲ ਗਲਵਾਨ ਵਾਦੀ ਵਿੱਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਹੋਈ ਝੜੱਪ ਤੋਂ ਵੀਹ ਦਿਨਾਂ ਬਾਅਦ ਮਾਮੁੂਲੀ ਸਫ਼ਲਤਾ ਮਿਲੀ ਹੈ, ਕਿਉਂਕਿ ਦੋਵਾਂ ਧਿਰਾਂ ਨੇ ਫਲੈਸ਼ ਪੁਆਇੰਟ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਾਲੇ ਘੱਟੋ ਘੱਟ 3 ਕਿਲੋਮੀਟਰ ਦਾ ਬਫਰ ਜ਼ੋਨ ਸੁਝਾਇਆ ਗਿਆ ਸੀ ਅਤੇ 2, 22 ਅਤੇ 30 ਜੂਨ ਨੂੰ ਲੈਫਟੀਨੈਂਟ ਜਨਰਲ-ਪੱਧਰ ਦੀ ਮੀਟਿੰਗ ਦੌਰਾਨ ਇਸ ’ਤੇ ਸਹਿਮਤੀ ਬਣੀ ਸੀ।
ਸੂਤਰਾਂ ਅਨੁਸਾਰ ਪਿੱਛੇ ਹਟਣ ਦੀ ਕਾਰਵਾਈ ਐਤਵਾਰ ਰਾਤ ਨੂੰ ਸ਼ੁਰੂ ਹੋਈ ਹੈ ਅਤੇ ਪੀਐਲਏ ਦੀ ਇਮਾਨਦਾਰੀ ਦਾ ਫੈਸਲਾ 72 ਘੰਟਿਆਂ ਬਾਅਦ ਜਾਂ ਬੁੱਧਵਾਰ ਤੱਕ ਕੀਤਾ ਜਾਵੇਗਾ। 17 ਜੂਨ ਨੂੰ ਵੀ ਚੀਨੀ ਫੌਜ ਪਹਿਲਾਂ ਪਿੱਛਾਂਹ ਹਟੀ ਸੀ ਤੇ ਮਗਰੋਂ ਉਸ ਨੇ ਮੁੜ ਮੋਰਚਾ ਸੰਭਾਲ ਲਿਆ ਸੀ। ਪੀਪੀ -14 ਵਿਖੇ ਦੋਵਾਂ ਪਾਸਿਆਂ ਤੋਂ ਕੁਝ ਹਿਲਜੁਲ ਹੋਈ ਹੈੇ। 15-16 ਜੂਨ ਦੀ ਰਾਤ ਨੂੰ ਇਥੇ ਝੜਪ ਹੋਈ ਸੀ। ਦੋਵੇਂ ਧਿਰਾਂ 72 ਘੰਟਿਆਂ ਬਾਅਦ ਸਥਿਤੀ ਦੀ ਸਮੀਖਿਆ ਕਰਨਗੀਆਂ। ਦੋਵਾਂ ਪਾਸਿਆਂ ਦੇ ਮੋਰਚੇ ਪਹਿਲਾਂ ਵਾਂਗ ਹੀ ਹਨ। ਗੋਗਰਾ ਹੌਟ ਸਪ੍ਰਿੰਗਜ਼ ਅਤੇ ਪੈਨਗੋਂਗ ਦੇ ਉੱਤਰੀ ਕੰਢੇ ’ਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ ਕੁਝ ਵਾਹਨ ਵਾਪਸ ਚਲੇ ਗਏ ਹਨ।
ਫੌਜਾਂ ਦੇ ਪਿੱਛੇ ਹਟਣ ਦੀ ਇਸ ਕਾਰਵਾਈ ਨੂੰ ‘ ਬੇਰੀ ਸਟੈਪ ’ ਵਜੋਂ ਦੇਖਿਆ ਜਾ ਰਿਹਾ ਹੈ। ਇਸ ਵਿੱਚ ਫੌਜ ਦੀ ਨਫਰ਼ੀ, ਜੰਗੀ ਸਾਜ਼ੋ ਸਾਮਾਨ ਅਤੇ ਭਾਰੀ ਹਥਿਆਰਾਂ ਨੂੰ ਅਪਰੈਲ 2020 ਵਾਲੇ ਪੱਧਰ ਤਕ ਘਟਾਉਣਾ ਸ਼ਾਮਲ ਹੋਵੇਗਾ। ਨਾਲ ਹੀ ਇਸ ਦਾ ਅਰਥ ਇਹ ਹੋਵੇਗਾ ਕਿ ਭਾਰਤ ਪੂਰਬੀ ਵਿਵਾਦਿਤ ਖੇਤਰ ‘ਫਿੰਗਰ-4’ ਤਕ ਗਸ਼ਤ ਕਰ ਸਕੇਗਾ, ਜਿਸ ’ਤੇ ਪੀਐਲਏ ਭਾਰਤ ਨੂੰ ਗਸ਼ਤ ਕਰਨ ਤੋਂ ਰੋਕਦਾ ਸੀ।
ਭਾਰਤੀ ਫੌਜ ਇੰਤਜ਼ਾਰ ਕਰ ਰਹੀ ਹੇੈ ਤੇ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ ਕਿਉਂਕਿ ਪੀਐਲਏ ਕਦੇ ਵੀ ਆਪਣਾ ਕਦਮ ਵਾਪਸ ਲੈ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਤੰਗ ਵਾਦੀ ਵਿੱਚ ਪਾਣੀ ਦੇ ਭਾਰੀ ਵਹਾਅ ਕਾਰਨ ਗਾਲਵਾਨ ਵਾਦੀ ਵਿੱਚੋਂ ਪਿੱਛੇ ਹੱਟਣਾ ਜ਼ਰੂਰੀ ਸੀ। ਉੱਚਾਈ ਵਾਲੇ ਸੁੱਕੇ ਪਠਾਰ ਵਿੱਚ ਇਹ ਬਰਫ ਪਿਘਲਣ ਦਾ ਸਮਾਂ ਹੈ ਅਤੇ ਪਹਾੜੀ ਖੇਤਰ ਵਿੱਚ ਦਰੱਖਤ ਘੱਟ ਹੋਣ ਕਾਰਨ ਬਰਫ ਪਿਘਲਣ ਦਾ ਪ੍ਰਵਾਹ ਨਿਰਵਿਘਨ ਹੈ।
ਡੋਵਾਲ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤਉਧਰ, ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸਰਹੱਦੀ ਵਿਵਾਦ ਮਾਮਲੇ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਐਤਵਾਰ ਨੂੰ ਟੈਲੀਫੋਨ ’ਤੇ ਗੱਲਬਾਤ ਕੀਤੀ। ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਨੇ ਸਰਹੱਦੀ ਖੇਤਰਾਂ ਵਿੱਚ ਹਾਲ ਹੀ ਵਿੱਚ ਹੋਈਆਂ ਗਤੀਵਿਧੀਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ।