ਸਰਹੱਦੀ ਮਸਲੇ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਹਾਂ: ਰਾਜਨਾਥ

ਨਵੀਂ ਦਿੱਲੀ, (ਸਮਾਜ ਵੀਕਲੀ) : ਪੂਰਬੀ ਲੱਦਾਖ ’ਚ ਚੀਨੀ ਫੌਜ ਨਾਲ ਵਿਵਾਦ ਵਿਚਾਲੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲੋਕ ਸਭਾ ’ਚ ਕਿਹਾ ਕਿ ਭਾਰਤ ਅਮਨ-ਅਮਾਨ ਨਾਲ ਸਰਹੱਦੀ ਮਸਲੇ ਨੂੰ ਹੱਲ ਕਰਨ ਲਈ ਵਚਨਬੱਧ ਹੈ ਪਰ ਗੁਆਂਢੀ ਮੁਲਕ ਵੱਲੋਂ ਮੌਜੂਦਾ ਸਥਿਤੀ ’ਚ ਇੱਕਪਾਸੜ ਬਦਲਾਓ ਦੀ ਕੋਈ ਵੀ ਕੋਸ਼ਿਸ਼ ਸਵੀਕਾਰ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ, ‘ਅਸੀਂ ਪੂਰਬੀ ਲੱਦਾਖ ’ਚ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਮੁੱਦੇ ਦਾ ਸ਼ਾਂਤੀ ਪੂਰਨ ਢੰਗ ਨਾਲ ਹੱਲ ਕਰਨਾ ਚਾਹੁੰਦੇ ਹਾਂ ਅਤੇ ਸਾਡੇ ਹਥਿਆਰਬੰਦ ਦਸਤੇ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਰਾਖੀ ਲਈ ਡੱਟ ਕੇ ਖੜ੍ਹੇ ਹਨ।’ ਰੱਖਿਆ ਮੰਤਰੀ ਦੇ ਜਵਾਬ ਤੋਂ ਬਾਅਦ ਕਾਂਗਰਸ ਦੇ ਮੈਂਬਰ ਇਸ ਮੁੱਦੇ ’ਤੇ ਆਪਣੀ ਗੱਲ ਰੱਖਣਾ ਚਾਹੁੰਦੇ ਸੀ ਪਰ ਪ੍ਰਧਾਨ ਓਮ ਬਿਰਲਾ ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਿਸ ਦੇ ਰੋਸ ਵਜੋਂ ਕਾਂਗਰਸ ਮੈਂਬਰਾਂ ਨੇ ਸਦਨ ਤੋਂ ਵਾਕਆਊਟ ਕਰ ਦਿੱਤਾ।

ਰੱਖਿਆ ਮੰਤਰੀ ਨੇ ਕਿਹਾ, ‘ਮੈਂ ਇਸ ਸਦਨ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਇੱਕ ਮਤਾ ਪਾਸ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਫੌਜੀ ਜਵਾਨਾਂ ਨਾਲ ਕਦਮ ਮਿਲਾ ਕੇ ਖੜ੍ਹੇ ਹਾਂ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀਆਂ ਉੱਚੀਆਂ ਚੋਟੀਆਂ ’ਤੇ ਸਖਤ ਹਾਲਤਾਂ ਦੇ ਬਾਵਜੂਦ ਭਾਰਤ ਮਾਤਾ ਦੀ ਰਾਖੀ ਕਰ ਰਹੇ ਹਨ।’ ਉਨ੍ਹਾਂ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗ ਨਾਲ ਮਾਸਕੋ ’ਚ ਆਪਣੀ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਸ ਮੁੱਦੇ ਦਾ ਹੱਲ ਅਮਾਨ-ਅਮਾਨ ਨਾਲ ਚਾਹੁੰਦੇ ਹਾਂ ਤੇ ਉਹ ਚਾਹੁੰਦੇ ਹਨ ਕਿ ਚੀਨ ਵੀ ਉਨ੍ਹਾਂ ਨਾਲ ਮਿਲ ਕੇ ਕੰਮ ਕਰੇ।

ਉਨ੍ਹਾਂ ਕਿਹਾ, ‘ਮੈਂ ਇਸ ਗੱਲ ’ਤੇ ਜ਼ੋਰ ਦੇਵਾਂਗਾ ਕਿ ਭਾਰਤ ਸ਼ਾਂਤੀ ਪੂਰਨ ਗੱਲਬਾਤ ਤੇ ਵਿਚਾਰ ਚਰਚਾ ਨਾਲ ਸਰਹੱਦੀ ਮੁੱਦੇ ਸੁਲਝਾਉਣ ਲਈ ਵਚਨਬੱਧ ਹੈ ਤੇ ਇਸੇ ਮਕਸਦ ਨਾਲ ਮੈਂ ਚਾਰ ਸਤੰਬਰ ਨੂੰ ਚੀਨੀ ਰੱਖਿਆ ਮੰਤਰੀ ਨਾਲ ਗੱਲਬਾਤ ਕੀਤੀ ਸੀ।’ ਉਨ੍ਹਾਂ ਕਿਹਾ ਕਿ ਉਹ ਸਦਨ ਨੂੰ ਇਹ ਭਰੋਸਾ ਵੀ ਦੇਣਾ ਚਾਹੁੰਦੇ ਹਨ ਕਿ ਸਰਕਾਰ ਹਰ ਹਾਲਤ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਅਪਰੈਲ ਤੋਂ ਬਾਅਦ ਪੂਰਬੀ ਲੱਦਾਖ ’ਚ ਚੀਨ ਨਾਲ ਬਣੇ ਵਿਵਾਦ ਦੀਆਂ ਹਾਲਤਾਂ ਤੇ ਸਰਹੱਦੀ ਮਸਲੇ ਦੇ ਹੱਲ ਲਈ ਕੂਟਨੀਤਕ ਤੇ ਫੌਜੀ ਪੱਧਰ ’ਤੇ ਕੀਤੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ।

ਉਨ੍ਹਾਂ ਕਿਹਾ, ‘ਮੌਜੂਦਾ ਹਾਲਾਤ ’ਚ ਚੀਨੀ ਸੈਨਾ ਨੇ ਐੱਲਏਸੀ ਅੰਦਰ ਵੱਡੀ ਗਿਣਤੀ ’ਚ ਜਵਾਨ ਤੇ ਹਥਿਆਰ ਤਾਇਨਾਤ ਕੀਤੇ ਹਨ ਤੇ ਸਾਡੀ ਫੌਜ ਨੇ ਵੀ ਜਵਾਬੀ ਤਾਇਨਾਤੀਆਂ ਕੀਤੀਆਂ ਹੋਈਆਂ ਹਨ।’ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਸਾਲਾਂ ਦੌਰਾਨ ਚੀਨ ਨਾਲ ਲੱਗਦੀ ਸਰਹੱਦ ’ਚ ਸੜਕਾਂ ਤੇ ਪੁਲ ਬਣਾਉਣ ਦਾ ਬਜਟ ਦੁੱਗਣਾ ਕੀਤਾ ਹੈ।

Previous articleआर.सी.एफ इंंपलाईज यूनियन की एक अहम बैठक आयोजित
Next articleਖੇਤੀ ਆਰਡੀਨੈਂਸ: ਕਿਸਾਨਾਂ ਦੇ ਰੋਹ ਨਾਲ ਗੂੰਜਿਆ ਪੰਜਾਬ