ਹਵਾਈ ਫ਼ੌਜ ਪ੍ਰਸ਼ਾਸਨ ਨੇ ਅੱਜ ਮਾਹੌਲ ਨੂੰ ਦੇਖਦਿਆਂ ਹਵਾਈ ਅੱਡਿਆਂ ਵਿਚ ਪੈਂਦੇ ਕੇਂਦਰੀ ਸਕੂਲਾਂ ਵਿਚ ਛੁੱਟੀ ਕਰ ਦਿੱਤੀ। ਭਿਸੀਆਣਾ ਹਵਾਈ ਅੱਡੇ ਵਿਚ ਕੇਂਦਰੀ ਵਿਦਿਆਲਿਆ ਵਿਚ ਅੱਜ ਛੁੱਟੀ ਕਰ ਦਿੱਤੀ ਗਈ। ਪਤਾ ਲੱਗਾ ਹੈ ਕਿ ਹੋਰ ਹਵਾਈ ਅੱਡਿਆਂ ‘ਤੇ ਸਕੂਲੀ ਬੱਚੇ ਵਾਪਸ ਭੇਜੇ ਗਏ ਹਨ। ਭਾਰਤ-ਪਾਕਿ ‘ਚ ਬਣੇ ਤਣਾਓ ਮਗਰੋਂ ਫ਼ੌਜ ਪ੍ਰਸ਼ਾਸਨ ਨੇ ਇਹ ਫ਼ੈਸਲਾ ਕੀਤਾ ਹੈ। ਇਸੇ ਦੌਰਾਨ ਬਠਿੰਡਾ ਦੇ ਸਿਵਲ ਟਰਮੀਨਲ ਤੋਂ ਬਠਿੰਡਾ-ਜੰਮੂ ਉਡਾਣ ਵੀ ਅੱਜ ਕੈਂਸਲ ਕਰ ਦਿੱਤੀ ਗਈ। ਭਾਵੇਂ ਜੰਮੂ ਅਤੇ ਲੇਹ ਦੀਆਂ ਸਾਰੀਆਂ ਉਡਾਣਾਂ ਰੱਦ ਹੋਈਆਂ ਹਨ ਪਰ ਇਸ ਦੇ ਨਾਲ ਹੀ ਬਠਿੰਡਾ ਜੰਮੂ ਉਡਾਣ ਨੂੰ ਕੈਂਸਲ ਕਰਨ ਦੀ ਸੂਚਨਾ ਇੱਕ ਦਿਨ ਅਗੇਤੀ ਹੀ ਆ ਗਈ ਸੀ। ਬਠਿੰਡਾ ਹਵਾਈ ਅੱਡੇ ਦੇ ਟਰਮੀਨਲ ਮੈਨੇਜਰ ਸਚਿਨ ਕੁਮਾਰ ਨੇ ਦੱਸਿਆ ਕਿ ਭਲਕੇ ਦੀ ਜੰਮੂ ਬਠਿੰਡਾ ਉਡਾਣ ਬਾਰੇ ਕੋਈ ਸੂਚਨਾ ਆਈ ਨਹੀਂ ਹੈ। ਬਠਿੰਡਾ ਦਿੱਲੀ ਉਡਾਣ ਵਿਚ ਕੋਈ ਅੜਚਨ ਨਹੀਂ ਆਈ ਹੈ। ਦੱਸਣਯੋਗ ਹੈ ਕਿ ਬਠਿੰਡਾ ਹਵਾਈ ਅੱਡੇ ਦੀਆਂ ਉਡਾਣਾਂ ਲਈ ਰਨ ਵੇਅ ਹਵਾਈ ਫ਼ੌਜ ਦਾ ਹੀ ਵਰਤਿਆ ਜਾ ਰਿਹਾ ਹੈ। ਹਵਾਈ ਅੱਡੇ ਦੇ ਨੇੜਲੇ ਪਿੰਡਾਂ ਦੇ ਲੋਕ ਵੀ ਚੌਕਸ ਹੋਏ ਹਨ। ਭਿਸੀਆਣਾ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਆਈਆਰਬੀ ਦੇ ਕਮਾਂਡੋ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਦੀ ਨਜ਼ਰ ਤੋਂ ਬਠਿੰਡਾ ਖ਼ਿੱਤਾ ਬਹੁਤ ਸੰਵੇਦਨਸ਼ੀਲ ਬਣ ਗਿਆ ਹੈ। ਪੁਲੀਸ ਅਫ਼ਸਰਾਂ ਨੇ ਬਠਿੰਡਾ ਰਿਫਾਈਨਰੀ ਦੀ ਅੰਦਰੂਨੀ ਸੁਰੱਖਿਆ ਨੂੰ ਅਲਰਟ ਕੀਤਾ ਹੈ ਅਤੇ ਬਠਿੰਡਾ ਛਾਉਣੀ ਦੀ ਬਾਹਰੀ ਸੁਰੱਖਿਆ ਪਹਿਲਾਂ ਹੀ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਚ ਭਾਰਤੀ ਫ਼ੌਜ ਨੇ ਮੋਰਚਿਆਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਹਾਲੇ ਤੱਕ ਕਿਸੇ ਪਿੰਡ ਵਿਚ ਲੋਕਾਂ ਨੂੰ ਉੱਠਣ ਵਾਸਤੇ ਨਹੀਂ ਆਖਿਆ ਗਿਆ ਪਰ ਮੁਸਤੈਦੀ ਜ਼ਰੂਰ ਵਧਾ ਦਿੱਤੀ ਗਈ ਹੈ। ਸਰਹੱਦੀ ਖ਼ਿੱਤੇ ਦੀਆਂ ਮੁੱਖ ਸੜਕਾਂ ਉੱਤੇ ਨਾਕਾਬੰਦੀ ਕੀਤੀ ਗਈ ਹੈ। ਸਰਹੱਦੀ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਹਾਲੇ ਕੁਝ ਗੇਟ ਨਹੀਂ ਖੁੱਲ੍ਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲ ਆ ਰਹੀ ਹੈ। ਪਿੰਡ ਪੱਕੀ ਚਿਸ਼ਤੀ ਦੇ ਲੋਕ ਜ਼ਰੂਰ ਡਰੇ ਹੋਏ ਹਨ। ਅੱਜ ਕਿਸਾਨ ਸਾਰਜ ਸਿੰਘ ਨੇ ਆਪਣਾ ਘਰੇਲੂ ਸਾਮਾਨ ਫਾਜ਼ਿਲਕਾ ਸ਼ਿਫਟ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ 50 ਫੀਸਦੀ ਲੋਕਾਂ ਨੇ ਕਾਫ਼ੀ ਸਾਮਾਨ ਪਿੰਡ ’ਚੋਂ ਕੱਢ ਲਿਆ ਹੈ। ਫਾਜ਼ਿਲਕਾ ਦੇ ਪਿੰਡ ਖਾਨਪੁਰ ਚੋਂ ਕਾਫ਼ੀ ਲੋਕ ਸਾਮਾਨ ਲੈ ਕੇ ਗਏ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਐਲ) ਫਾਜ਼ਿਲਕਾ ਨੇ ਅੱਜ ਬਲਾਕ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਕੇ ਕੌਮਾਂਤਰੀ ਸੀਮਾ ਦੇ ਕਰੀਬ 10 ਕਿਲੋਮੀਟਰ ਦੇ ਘੇਰੇ ਵਿਚ ਪੈਂਦੇ ਸਰਕਾਰੀ ਸਕੂਲਾਂ ਦੀ ਸੂਚੀ ਮੰਗੀ ਹੈ ਅਤੇ ਅੱਜ ਇਨ੍ਹਾਂ ਸਕੂਲਾਂ ਦੀ ਸੂਚਨਾ ਇਕੱਠੀ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਫਿਰੋਜ਼ਪੁਰ ਵਿਚ ਵੀ ਏਦਾ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਵੇਰਵਿਆਂ ਅਨੁਸਾਰ ਪਿੰਡ ਗੁਲਾਬਾ ਭੈਣੀ, ਢਾਣੀ ਸੱਦਾ ਸਿੰਘ, ਝੰਗਰ ਭੈਣੀ, ਤੇਜਾ ਰੁਹੇਲਾ ਅਤੇ ਹੋਰ ਪਿੰਡਾਂ ਦੇ ਲੋਕ ਘਰੇਲੂ ਸਾਮਾਨ ਬੰਨ੍ਹਣ ਲੱਗੇ ਹਨ। ਇਨ੍ਹਾਂ ਪਿੰਡਾਂ ਨੂੰ ਫਾਜ਼ਿਲਕਾ ਸਾਈਡ ਇੱਕੋ ਹੀ ਰਸਤਾ ਹੈ ਜਿਸ ਕਰਕੇ ਲੋਕ ਖੇਤੀ ਸੰਦਾਂ ਤੇ ਮਸ਼ੀਨਰੀ ਨੂੰ ਸੁਰੱਖਿਅਤ ਥਾਵਾਂ ‘ਤੇ ਛੱਡ ਕੇ ਆ ਰਹੇ ਹਨ।
INDIA ਸਰਹੱਦੀ ਤਣਾਅ ਕਾਰਨ ਲੋਕਾਂ ਦਾ ਚੈਨ ਗੁਆਚਿਆ