ਪਾਕਿ ਦਹਿਸ਼ਤੀ ਗੁੱਟਾਂ ਖ਼ਿਲਾਫ਼ ‘ਠੋਸ ਕਾਰਵਾਈ’ ਕਰੇ: ਅਮਰੀਕਾ

ਅਮਰੀਕਾ ਨੇ ਬੁੱਧਵਾਰ ਨੂੰ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਆਪਣੀ ਧਰਤੀ ਤੋਂ ਕਾਰਵਾਈਆਂ ਚਲਾ ਰਹੇ ਦਹਿਸ਼ਤੀ ਗੁੱਟਾਂ ਖ਼ਿਲਾਫ਼ ‘ਠੋਸ ਕਾਰਵਾਈ’ ਕਰੇ। ਅਮਰੀਕਾ, ਰੂਸ ਅਤੇ ਇੰਗਲੈਂਡ ਨੇ ਭਾਰਤ ਤੇ ਪਾਕਿਸਤਾਨ ਨੂੰ ਸੰਜਮ ਵਰਤਣ ਲਈ ਕਿਹਾ ਹੈ ਤਾਂ ਜੋ ਖ਼ਿੱਤੇ ’ਚ ਹਾਲਾਤ ਹੋਰ ਨਾ ਵਿਗੜਨ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਫੋਨ ਕਰਕੇ ਫ਼ੌਜੀ ਕਾਰਵਾਈ ਰੋਕਣ ਲਈ ਵੀ ਕਿਹਾ। ਉਧਰ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅਮਰੀਕਾ ਅਤੇ ਭਾਰਤ ਵਿਚਕਾਰ ਸੁਰੱਖਿਆ ਭਾਈਵਾਲੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਖ਼ਿੱਤੇ ’ਚ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣਾ ਦੋਵੇਂ ਮੁਲਕਾਂ ਦਾ ਟੀਚਾ ਹੈ। ਵੀਅਤਨਾਮ ’ਚ ਪੌਂਪੀਓ ਨੇ ਕਿਹਾ ਕਿ ਉਨ੍ਹਾਂ ਦੋਵੇਂ ਮੁਲਕਾਂ ਦੇ ਮੰਤਰੀਆਂ ਨੂੰ ਫ਼ੌਜੀ ਸਰਗਰਮੀਆਂ ਰੋਕ ਕੇ ਸਿੱਧੀ ਗੱਲਬਾਤ ਨੂੰ ਤਰਜੀਹ ਦੇਣ ਲਈ ਕਿਹਾ ਹੈ।
ਰੂਸ ਦੇ ਵਿਦੇਸ਼ ਮੰਤਰਾਲੇ ਨੇ ਵੀ ਭਾਰਤ-ਪਾਕਿਸਤਾਨ ਸਰਹੱਦ ਉਪਰ ਵਧਦੇ ਤਣਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਦੋਵੇਂ ਮੁਲਕਾਂ ਨੂੰ ਸੰਜਮ ਵਰਤਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਰੂਸ ਦੋਵੇਂ ਮੁਲਕਾਂ ਨੂੰ ਅਤਿਵਾਦ ਨਾਲ ਨਜਿੱਠਣ ’ਚ ਸਹਿਯੋਗ ਕਰ ਸਕਦਾ ਹੈ।
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਹਾਊਸ ਆਫ਼ ਕਾਮਨਜ਼ ’ਚ ਦੱਸਿਆ ਕਿ ਉਹ ਭਾਰਤ-ਪਾਕਿਸਤਾਨ ’ਚ ਤਣਾਅ ਘਟਾਉਣ ਲਈ ਉਨ੍ਹਾਂ ਦੇ ਸੰਪਰਕ ’ਚ ਹਨ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮੇਤ ਹੋਰ ਕੌਮਾਂਤਰੀ ਭਾਈਵਾਲਾਂ ਨਾਲ ਵੀ ਮਿਲ ਕੇ ਵਿਚਾਰ ਵਟਾਂਦਰਾ ਹੋ ਰਿਹਾ ਹੈ ਤਾਂ ਜੋ ਖ਼ਿੱਤੇ ’ਚ ਤਣਾਅ ਘਟਾਇਆ ਜਾ ਸਕੇ। ਵਿਦੇਸ਼ ਮਾਮਲਿਆਂ ਨਾਲ ਸਬੰਧਤ ਮੰਤਰੀ ਮਾਈਕ ਫੀਲਡ ਨੇ ਕਿਹਾ ਕਿ ਉਹ ਵੀਰਵਾਰ ਨੂੰ ਭਾਰਤ ਜਾ ਰਹੇ ਹਨ ਅਤੇ ਮੌਕੇ ’ਤੇ ਹਾਲਾਤ ਦਾ ਜਾਇਜ਼ਾ ਲੈਣਗੇ।

Previous articlePakistan suspends Samjhauta Express
Next articleਸਰਹੱਦੀ ਤਣਾਅ ਕਾਰਨ ਲੋਕਾਂ ਦਾ ਚੈਨ ਗੁਆਚਿਆ