ਸਰਦਾਰ ਤਰਲੋਚਨ ਸਿੰਘ ਵਿਰਕ ਦੇ ਸਮੂਹ ਪਰਿਵਾਰ ਵਲੋਂ ਵਾਹਿਗੁਰੂ ਦੀਆਂ ਬਖ਼ਸ਼ੀਆਂ ਦਾਤਾਂ ਦਾ ਸ਼ੁਕਰਾਨਾ

ਲੈਸਟਰ ਵਾਸੀ “ਸਿੱਖ ਸਮਾਜ ਸੇਵਕ “ ਅਤੇ ਪੰਜਾਬੀ ਲਿਸਨਰਜ਼ ਕਲੱਬ ਦੇ ਸੰਚਾਲਕ ਸਰਦਾਰ ਤਰਲੋਚਨ ਸਿੰਘ ਵਿਰਕ ਦੇ ਸਮੂਹ ਪਰਿਵਾਰ ਵਲੋਂ ਵਾਹਿਗੁਰੂ ਦੀਆਂ ਬਖ਼ਸ਼ੀਆਂ ਦਾਤਾਂ ਦਾ ਸ਼ੁਕਰਾਨਾ।

(ਸਮਾਜ ਵੀਕਲੀ)- ਸਿੱਖ ਹਮੇਸ਼ਾ ਹੀ ਗੁਰੂ ਜੀ ਦੀਆਂ ਬਖਸ਼ਿੱਸ਼ ਕੀਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਹੈ। ਜੇਕਰ ਅਸੀਂ ਅੱਜ ਤੋਂ ਕਰੀਬ 40-50 ਸਾਲ ਪਹਿਲਾਂ ਝਾਤ ਮਾਰੀਏ ਤਾਂ ਜਦੋਂ ਆਪਣੇ ਕਿਸੇ ਪਿੰਡ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੁੰਦਾ ਸੀੇ ਤਾਂ ਪੂਰੇ ਪਿੰਡ ਨੂੰ ਚਾਅ ਚੜ੍ਹ ਜਾਂਦਾ ਸੀ।ਸਾਰਾ ਪਿੰਡ ਇਕੱਠਾ ਹੋ ਕੇ ਤਿੰਨੇ ਦਿੰਨ ਬਾਣੀ ਸੁਣਦਾ ਅਤੇ ਸੇਵਾ ਕਰਦਾ ਹੁੰਦਾ ਸੀ ਵਿਦੇਸ਼ਾਂ ਦੀ ਧਰਤੀ ਉਪਰ ਜਿਥੇ ਸਿੱਖ ਪੰਥ ਨੇ ਹਰ ਇੱਕ ਖੇਤਰ ਵਿੱਚ ਬੜੀਆਂ ਮੱਲਾਂ ਮਾਰੀਆਂ ਹਨ ਉੱਥੇ ਆਪਣੇ ਗੁਰੂ ਘਰ ਵੀ ਬਹੁੱਤ ਸੁੰਦਰ ਬਣਾਏ ਹਨ।

ਗੁਰੂ ਜੀ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਸੁੰਦਰ ਪਾਲਕੀਆਂ, ਸੋਹਣੇ ਸੁਖਆਸਨ ਅਸਥਾਨ ਬਣਾਏ ਹਨ। ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਜਾਣ ਵਾਸਤੇ ਇੱਕ ਖਾਸ ਵੈਨ ਰੱਖੀ ਹੋਈ ਹੈ ਅਤੇ ਪੰਜ ਸਿੰਘ ਨਾਲ ਜਾਂਦੇ ਹਨ। ਵਿਰਕ ਪਰਿਵਾਰ ਨੂੰ ਜਦੋਂ ਨਵੇਂ ਘਰ ਦੀ ਚਾਬੀ ਮਿਲੀ ਤਾਂ ਬੀਬੀ ਦਰਸ਼ਨ ਕੌਰ ਜੀ ਵਿਰਕ ਨੇ ਸਮਝਾਇਆ ਕਿ ਨਵੇਂ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪਵਾਉਣੇ ਜਰੂਰੀ ਹੁੰਦੇ ਹਨ। ਮਾਤਾ ਜੀ ਨੇ ਸਮਝਾਇਆ ਕਿ ਘਰ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਪੈਣ ਨਾਲ ਜਿੱਥੇ ਆਪਣੇ ਵੱਲੋਂ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਉੱਥੇ ਹੋਰ ਵੀ ਬਹੁੱਤ ਸਾਰਿਆਂ ਨੂੰ ਲਾਹਾ ਮਿਲਦਾ ਹੈ। ਜਿਵੇਂ ਪਰਿਵਾਰ ਦੇ ਜੀਅ, ਰਿਸ਼ਤੇਦਾਰ, ਸੱਜਣ ਮਿੱਤਰ, ਆਂਢੀ ਗੁਆਂਢੀ ਆਦਿਕ।ਜਿਨ੍ਹਾ ਨੂੰ ਗੁਰਦਵਾਰਾ ਸਾਹਿਬ ਜਾ ਕੇ ਸਤਸੰਗਤ ਕਰਨ ਦਾ ਸਮਾ ਘੱਟ ਹੀ ਮਿਲਦਾ ਹੈ ਉਹ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ, ਬਾਣੀ ਦਾ ਪਾਠ, ਕੀਰਤਨ ਸਰਵਣ ਕਰਨਾ, ਅਤੇ ਸੰਗਤਾਂ ਦੀ ਸੇਵਾ ਕਰਨ ਦਾ ਲਾਹਾ ਖੱਟ ਲੈਂਦੇ ਹਨ।ਸੋ! ਪਰਿਵਾਰ ਨੇ ਮਿਲ ਕੇ ਸਾਰੇ ਘਰ ਦੀ ਸਫਾਈ ਕੀਤੀ ਅਤੇ ਘਰ ਨੂੰ ਗੁਰੂ ਜੀ ਦੇ ਪ੍ਰਕਾਸ਼ ਕਰਨਯੋਗ ਬਣਾਇਆ।

3 ਸਤੰਬਰ 2022 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਆਪਣੇ ਪਾਵਨ ਚਰਨ ਪਾ ਕੇ ਘਰ ਨੂੰ ਪਵਿੱਤ੍ਰ ਕੀਤਾ। ਦੁਪਿਹਰ ੧ ਵਜੇ ਸੁਖਮਨੀ ਸਾਹਿਬ ਦਾ ਪਾਠ ਅਰੰਭ ਹੋਇਆ। ਉਪਰੰਤ ਗੁਰਬਾਣੀ ਦਾ ਸ਼ਬਦ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਪਾਠ ਤੋਂ ਉਪਰੰਤ ਗੁਰੂ ਜੀ ਦੇ ਚਰਨਾਂ ਵਿੱਚ ਘਰ ਵਿੱਚ ਸੁੱਖ ਵਸੇਬੇੇ ਦੀ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਗੁਰੂ ਜੀ ਨੇ ਆਪਣੇ ਪਾਵਣ ਮੁੱਖਵਾਕ ਬਖਸ਼ਸ਼ ਕਰਕੇ ਸੰਗਤ ਨੂੰ ਨਿਹਾਲ ਕੀਤਾ।ਲੈਸਟਰ ਦੇ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਲੰਬੇ ਸਮੇ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਗਿਆਨੀ ਜਸਵਿੰਦਰ ਸਿੰਘ ਜੀ ਨੇ ਮਾਤਾ ਦਰਸ਼ਨ ਕੌਰ ਵਿਰਕ ਨੂੰ ਸਰੋਪਾਉੇ ਦੀ ਬਖਸ਼ਸ਼ ਭੇਂਟ ਕੀਤੀ ਅਤੇ ਸਾਰੇ ਵਿਰਕ ਪਰਿਵਾਰ ਨੂੰ ਨਵੇਂ ਘਰ ਦੀ ਵਧਾਈ ਦਿੱਤੀ।

ਤਨਮਨਜੀਤ ਸਿੰਘ ਢੇਸੀ ਸੰਸਥ ਮੈਂਬਰ ਬਰਤਾਨੀਆ, ਹਰਜਿੰਦਰ ਸਿੰਘ ਰਾਏ ਮੁੱਖ ਸੇਵਾਦਾਰ ਗੁਰਦਵਾਰਾ ਸ੍ਰੀ ਗੁਰੂ ਹਰਕ੍ਰਸ਼ਿਨ ਸਾਹਿਬ ਓਡਬੀ, ਤਰਲੋਚਨ ਸਿੰਘ ਚੰਨ ਜਿੰਡਆਲਵੀ ਪੰਜਾਬੀ ਕਵੀ, ਕੁਲਦੀਪ ਸਿੰਘ ਭਮਰਾ । ਇਹ ਸੱਭ ਕਿਸੇ ਜ਼ਰੂਰੀ ਕਾਰਨ ਕਰਕੇ ਪਹੁੰਚ ਨਹੀਂ ਸਕੇ। ਲੇਕਿਨ ਇਨ੍ਹਾਂ ਸੱਭ ਨੇ ਵਿਰਕ ਪਰਿਵਾਰ ਨੂੰ ਲਿਖਤੀ ਰੂਪ ਵਿੱਚ ਵਧਾਈਆਂ ਭੇਜੀਆਂ। ਗੁਰੂ ਨਾਨਕ ਗੁਰਦਵਾਰਾ, ਹੌਲੀ ਬੌਂਸ ਦੇ ਮੁੱਖ ਸੇਵਾਦਾਰ ਸ੍ਰ. ਅਜਮੇਰ ਸਿੰਘ ਬਸਰਾ, ਬੀ.ਬੀ.ਸੀ. ਰੇਡੀੳ ਲੈਸਟਰ ਪੰਜਾਬੀ ਪ੍ਰੋਗਰਾਮ ਪੇਸ਼ਕਾਰਾ ਗੁਰਪ੍ਰੀਤ ਕੌਰ {1992-2012}, BHF ਸੇਵਾਦਾਰ ਸੁਲੱਖਣ ਸਿੰਘ ਦਰਦ, ਡਾ: ਸੁਜਾਨ ਸਿੰਘ, ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਬਕਾ ਸਟੇਜ ਸਕੱਤਰ ਸ੍ਰ.ਜਸਪਾਲ ਸਿੰਘ ਕੰਗ, ਸਾਬਕਾ ਜਨਰਲ ਸਕੱਤਰ ਸ੍ਰ. ਗੁਰਨਾਮ ਸਿੰਘ ਰੁਪੋਵਾਲ ਅਤੇ ਹੋਰ ਗੁਰੂ ਦੀ ਪਿਆਰੀ ਸਾਧ ਸੰਗਤ ਨੇ ਸਮਾਗਮ ਵਿੱਚ ਹਾਜ਼ਰੀ ਭਰੀ।

ਲੈਸਟਰ ਦੇ ਉੱਘੇ ਕਥਾਵਾਚਕ ਭਾਈ ਪਰਮਜੀਤ ਸਿੰਘ ਡੁਮੇਲੀ ਵਾਲੇ ਕਿਸੇ ਕਾਰਨ ਆਂ ਨਹੀਂ ਸਕੇ ਪਰ ਨਵੇਂ ਘਰ ਦੀ ਵਧਾਈ ਦਿੰਦਿਆਂਂ ਲਿਖਤੀ ਸੁਨੇਹਾ ਭੇਜਿਆ “ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਸਰਦਾਰ ਤਰਲੋਚਨ ਸਿੰਘ ਵਿਰਕ ਦੇ ਹੋਣਹਾਰ ਸਪੁੱਤਰ ਸ੍ਰ. ਸੁਖਬਿੰਦਰ ਸਿੰਘ ਵਿਰਕ ਨੂੰ ਪਰਮਾਤਮਾ ਨੇ ਨਵੇਂ ਘਰ ਦੀ ਬਖਸ਼ਸ਼ ਕੀਤੀ ਹੈ। ਵਾਹਿਗੁਰੂ ਜੀ ਕਿਰਪਾ ਕਰਨ ਇਹ ਘਰ ਪਰਿਵਾਰ ਵਾਸਤੇ ਸੁੱਖਾਂ ਭਰਿਆ ਖੁਸ਼ੀਆਂ ਭਰਿਆ ਹੋਵੇ। ਇਹ ਘਰ ਪੂਰੇ ਪਰਿਵਾਰ ਨੂੰ ਆਪਸ ਵਿੱਚ ਇਕੱਠਿਆਂ ਰੱਖਣ ਵਿੱਚ ਸਹਾਈ ਹੋਵੇ। ਇਸ ਘਰ ਵਿੱਚ ਵੰਸ਼ ਦੀ ਵੇਲ ਵਧੇ ਫੁੱਲੇ। ਗੁਰੂ ਜੀ ਦੇ ਬਚਨ ਹਨ ਉਨ੍ਹਾਂ ਘਰ ਮੰਦਰਾਂ ਵਿੱਚ ਹੀ ਖੁਸ਼ੀਆਂ ਹੁੰਦੀਆਂ ਹਨ ਜਿਨ੍ਹਾਂ ਘਰ ਮੰਦਰਾਂ ਵਿੱਚ ਰਹਿਣ ਵਾਲਿਆਂ ਦੇ ਚਿੱਤ ਵਿੱਚ ਹੇ ਵਾਹਿਗੁਰੂ ਜੀ! ਤੂੰ ਵੱਸਦਾ ਹੈਂ। ਬਾਕੀ ਦੁਨੀਆਂ ਤੋਂ ਮਿਲੀਆਂ ਵਡਿਆਈਆਂ ਤਾਂ ਬਿਅਰਥ ਹੁੰਦੀਆਂ ਹਨ ।

‘ਘਰ ਮੰਦਰ ਖੁਸੀਆ ਤਹੀ ਜਹ ਤੂ ਆਵਹਿ ਚਿਤਿ। ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ। (ਮ.੫.੬੧੯)

ਦੀਵਾਨ ਦੀ ਸਮਾਪਤੀ ਤੋਂ ਬਾਅਦ ਮਾਤਾ ਦਰਸ਼ਨ ਕੌਰ ਨੇ ਸਾਰੇ ਵਿਰਕ ਪਰਿਵਾਰ ਵੱਲੋਂ ਆਈ ਸੰਗਤ ਨੂੰ ਜੀਓ ਆਇਆਂ ਕਿਹਾ ਅਤੇ ਗੁਰੂ ਕਾ ਲੰਗਰ ਛਕਣ ਵਾਸਤੇ ਬੇਨਤੀ ਕੀਤੀ। ਸੱਭ ਤੋਂ ਪਹਿਲਾਂ ਪੰਜ ਗ੍ਰੰਥੀ ਸਿੰਘਾਂ ਨੂੰ ਲੰਗਰ ਛਕਾਇਆ ਗਿਆ ਉਪਰੰਤ ਮਾਂ-ਬੋਲੀ ਪੰਜਾਬੀ ਵਿੱਚ ਲਿਖੇ ਸੱਦੇ ਪੱਤਰ ਤੇ ਆਈ ਸੰਗਤ ਨੇ ਲੰਗਰ ਛੱਕਿਆ।

Previous articleਅਫ਼ਸਰ ਕਲੋਨੀ ਦੇ ਪਾਰਕ  ਵਿੱਚ ਬੱਚਿਆਂ  ਦਾ ਅੱਠਵਾਂ ਖੇਡ ਮੁਕਾਬਲਾ ਹੋਇਆ
Next articleਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦਿਵਸ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤ ਪੁਰਬ ਬੜੀ ਸ਼ਰਧਾ ਨਾਲ ਮਨਾਇਆ