ਹੁਸੈਨਪੁਰ , 25 ਜੁਲਾਈ (ਕੌੜਾ) (ਸਮਾਜ ਵੀਕਲੀ): ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਫੀਸਾਂ ਦੇ ਮਾਮਲੇ ਚ ਕੋਈ ਰਾਹਤ ਨਾ ਮਿਲਣ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਪਾਲ ਬੀਰ ਸਿੰਘ ਸੋਨੂੰ ਝੰਡੂਵਾਲ ਤੇ ਹਰਮਿੰਦਰ ਸਿੰਘ ਬੱਬੂ ਪੰਡੋਰੀ ਨੇ ਕਿਹਾ ਕਿ ਲੱਗਦਾ ਹੈ ਕੈਪਟਨ ਸਰਕਾਰ ਸਕੂਲ ਫੀਸਾਂ ਨੂੰ ਮਾਫ ਕਰਨ ਦੇ ਮਾਮਲੇ ਚ ਕੇਸ ਲੜਨ ਸਬੰਧੀ ਸਿਰਫ਼ ਦਿਖਾਵਾ ਹੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇੱਕ ਤਾਂ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਰਹੀ ਹੈ ਕਿਉਂਕਿ ਬਹੁਤੇ ਬੱਚਿਆਂ ਦੇ ਮਾਪਿਆਂ ਕੋਲ ਆਨਲਾਈਨ ਪੜ੍ਹਾਈ ਕਰਵਾਉਣ ਲਈ ਸਮਰਾਟ ਮੋਬਾਈਲ ਲੈਪਟਾਪ ਅਤੇ ਇੰਟਰਨੈੱਟ ਨਹੀਂ ਅਤੇ ਨਾ ਹੀ ਇਸ ਸਭ ਕੁਝ ਖਰੀਦਣ ਜੋਗੇ ਪੈਸੇ ਹਨ ਕਿਉਂਕਿ ਕਰੋਨਾ ਵਾਇਰਸ ਕਾਰਨ ਕੰਮਕਾਜ ਠੱਪ ਹੋ ਜਾਣ ਕਰਕੇ ਲੋਕਾਂ ਨੂੰ ਤਾਂ ਦੋ ਵਕਤ ਦੀ ਰੋਟੀ ਦਾ ਫਿਕਰ ਪਿਆ ਹੋਇਆ ਹੈ ਉੱਪਰੋਂ ਫੀਸਾਂ ਨਾ ਦੇ ਸਕਣ ਵਾਲੇ ਬਹੁਤੇ ਮਾਪਿਆਂ ਨੂੰ ਸਕੂਲ ਬੱਚੇ ਸਕੂਲੋਂ ਹਟਾਉਣੇ ਪੈ ਸਕਦੇ ਹਨ।
ਜਿਸ ਨਾਲ ਬੱਚਿਆਂ ਦਾ ਭਵਿੱਖ ਖਤਰੇ ਚ ਪੈ ਜਾਵੇਗਾ ਸੁਖਪਾਲ ਵੀਰ ਸੋਨੂੰ ਨੇ ਕਿਹਾ ਕਿ ਕੈਪਟਨ ਸਰਕਾਰ ਦੋਹਰੀ ਰਾਜਨੀਤੀ ਛੱਡ ਕੇ ਇਮਾਨਦਾਰੀ ਨਾਲ ਕੇਸ ਲੜ ਕੇ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਰਾਹਤ ਦੁਆਵੇ ਤਾਂ ਜੋ ਬੱਚਿਆਂ ਦਾ ਭਵਿੱਖ ਹਨੇਰੇ ਵੱਲ ਜਾਣ ਤੋਂ ਬਚਾਇਆ ਜਾ ਸਕੇ ਇਸ ਮੌਕੇ ਸੁਰਜੀਤ ਸਿੰਘ ਚੂਹੜਪੁਰ, ਸਰਬਜੀਤ ਸਿੰਘ ਸਾਬੀ, ਜਗਜੀਤ ਸਿੰਘ ,ਮੰਗਤ ਰਾਮ ਆਦਿ ਹਾਜ਼ਰ ਸਨ ।