ਭਵਾਨੀਪੁਰ ਵਿੱਚ ਮਮਤਾ ਬੈਨਰਜੀ ਰਿਕਾਰਡ ਵੋਟਾਂ ਦੇ ਫ਼ਰਕ ਨਾਲ ਜੇਤੂ

West Bengal Chief Minister Mamata Banerjee

ਕੋਲਕਾਤਾ (ਸਮਾਜ ਵੀਕਲੀ):  ਪੱਛਮੀ ਬੰਗਾਲ ਅਸੈਂਬਲੀ ਚੋਣਾਂ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਸ਼ਾਨਦਾਰ ਜਿੱਤ ਦਿਵਾਉਣ ਤੋਂ ਪੰਜ ਮਹੀਨੇ ਮਗਰੋਂ ਪਾਰਟੀ ਸੁਪਰੀਮੋ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਵਾਨੀਪੁਰ ਹਲਕੇ ਦੀ ਜ਼ਿਮਨੀ ਚੋਣ ਅੱਜ ਰਿਕਾਰਡ ਵੋਟਾਂ ਦੇ ਫ਼ਰਕ ਨਾਲ ਜਿੱਤ ਲਈ ਹੈ। ਬੈਨਰਜੀ ਨੂੰ ਦੱਖਣੀ ਕੋਲਕਾਤਾ ਵਿੱਚ ਪੈਂਦੀ ਭਵਾਨੀਪੁਰ ਸੀਟ ਲਈ 85,253 ਵੋਟਾਂ ਪਈਆਂ ਤੇ ਉਨ੍ਹਾਂ ਆਪਣੀ ਨੇੜਲੀ ਵਿਰੋਧੀ ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਨੂੰ 58,835 ਵੋਟਾਂ ਦੇ ਰਿਕਾਰਡ ਫ਼ਰਕ ਨਾਲ ਹਰਾਇਆ। ਇਸ ਦੌਰਾਨ ਮੁਰਸ਼ਿਦਾਬਾਦ ਦੀਆਂ ਦੋ ਸੀਟਾਂ ਸ਼ਮਸ਼ੇਰਗੰਜ ਤੇ ਜਾਂਗੀਪੁਰ ’ਤੇ ਵੀ ਸੱਤਾਧਾਰੀ ਟੀਐੱਮਸੀ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਜਾਕਿਰ ਹੁਸੈਨ ਨੇ 92,480 ਵੋਟਾਂ ਦੇ ਵੱਡੇ ਫਰਕ ਨਾਲ ਜਾਂਗੀਪੁਰ ਸੀਟ ਜਿੱਤ ਲਈ ਹੈ।

ਹੁਸੈਨ ਨੂੰ 1,36,444 ਵੋਟਾਂ ਪਈਆਂ। ਉਧਰ ਸ਼ਮਸ਼ੇਰਗੰਜ ਤੋਂ ਟੀਐੱਮਸੀ ਉਮੀਦਵਾਰ ਅਮੀਰੁਲ ਇਸਲਾਮ 26,379 ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ। ਉਧਰ ਪੱਛਮੀ ਬੰਗਾਲ ਭਾਜਪਾ ਨੇ ਕਿਹਾ ਕਿ ਤਿੰਨ ਅਸੈਂਬਲੀ ਹਲਕਿਆਂ ਦੀ ਜ਼ਿਮਨੀ ਚੋਣ ਦੇ ਨਤੀਜੇ ਉਨ੍ਹਾਂ ਦੀ ਆਸ ਮੁਤਾਬਕ ਨਹੀਂ ਹਨ। ਪੰਜ ਮਹੀਨੇ ਪਹਿਲਾਂ ਨੰਦੀਗ੍ਰਾਮ ਹਲਕੇ ਤੋਂ ਆਪਣੇ ਪੁਰਾਣੇ ਸਾਥੀ ਤੇ ਹੁਣ ਭਾਜਪਾ ਵਿੱਚ ਸ਼ਾਮਲ ਸ਼ੁਵੇਂਦੂ ਅਧਿਕਾਰੀ ਤੋਂ ਮਿਲੀ ਹੈਰਾਨੀਜਨਕ ਹਾਰ ਮਗਰੋਂ ਭਵਾਨੀਪੁਰ ਸੀਟ ’ਤੇ ਮਮਤਾ ਦੀ ਜਿੱਤ ਨੂੰ ਯਕੀਨੀ ਮੰਨਿਆ ਜਾ ਰਿਹਾ ਸੀ, ਪਰ ਸਿਆਸੀ ਮਾਹਿਰ ਤੇ ਵੋਟਰ, ਬੈਨਰਜੀ ਦੇ ਜਿੱਤ ਦੇ ਫ਼ਰਕ ਨੂੰ ਬੜੀ ਨੀਝ ਨਾਲ ਵਾਚ ਰਹੇ ਸਨ। ਚੋਣ ਕਮਿਸ਼ਨ ਨੇ ਕਿਹਾ ਕਿ ਬੈਨਰਜੀ ਨੂੰ ਕੁੱਲ 85,263 ਵੋਟਾਂ ਜਦੋਂਕਿ ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਨੂੰ 26,428 ਤੇ ਸੀਪੀਐੱਮ ਦੇ ਸ੍ਰੀਜਿਬ ਬਿਸਵਾਸ ਹਿੱਸੇ 4226 ਵੋਟਾਂ ਆਈਆਂ।

ਜਿੱਤ ਮਗਰੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ‘‘ਮੈਂ ਭਵਾਨੀਪੁਰ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੂੰ ਬੇਸਬਰੀ ਨਾਲ ਨਤੀਜਿਆਂ ਦੀ ਉਡੀਕ ਸੀ। ਭਵਾਨੀਪੁਰ ਦੇ ਲੋਕਾਂ ਨੇ ਮੈਨੂੰ ਨੰਦੀਗ੍ਰਾਮ ਹਲਕੇ ਤੋਂ ਹਰਾਉਣ ਲਈ ਘੜੀ ਗਈ ਸਾਜ਼ਿਸ਼ ਦਾ ਢੁੱਕਵਾਂ ਜਵਾਬ ਦਿੱਤਾ ਹੈ। ਮਾਮਲਾ ਕੋਰਟ ਵਿੱਚ ਹੋਣ ਕਰਕੇ ਮੈਂ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੀ। ਗਿਣਤੀ ਮੁੱਕ ਗਈ ਹੈ ਤੇ ਅਸੀਂ ਸੀਟ ਜਿੱਤ ਲਈ ਹੈ।’’ ਕਾਬਿਲੇਗੌਰ ਹੈ ਕਿ ਇਸ ਜਿੱਤ ਨਾਲ ਮਮਤਾ ਬੈਨਰਜੀ ਦੇ ਸੂਬੇ ਦੀ ਮੁੱਖ ਮੰਤਰੀ ਬਣੇ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ। ਬੈਨਰਜੀ ਨੇ ਨੰਦੀਗ੍ਰਾਮ ਹਲਕੇ ਤੋਂ ਮਿਲੀ ਹਾਰ ਦੇ ਬਾਵਜੂਦ ਪਾਰਟੀ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਮਗਰੋਂ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ, ਪਰ ਇਸ ਅਹੁਦੇ ’ਤੇ ਬਣੇ ਰਹਿਣ ਲਈ ਛੇ ਮਹੀਨਿਆਂ ਅੰਦਰ ਕਿਸੇ ਅਸੈਂਬਲੀ ਹਲਕੇ ਤੋਂ ਚੋਣ ਜਿੱਤਣੀ ਲਾਜ਼ਮੀ ਸੀ। ਸੂਬਾ ਸਰਕਾਰ ’ਚ ਮੰਤਰੀ ਸੋਵਨਦੇਬ ਚੱਟੋਪਾਧਿਆਏ ਨੇ ਬੈਨਰਜੀ ਲਈ ਇਹ ਸੀਟ ਖਾਲੀ ਕੀਤੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਾਲੀ ਸਾੜਨ ਦੇ ਮੁੱਦੇ ’ਤੇ ਉੱਤਰੀ ਰਾਜਾਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ: ਯਾਦਵ
Next articleSAD delegation to visit Lakhimpur Kheri, says Sukhbir