ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਤੇ ਕੰਪਿਊਟਰ ਸਾਇੰਸ ਦਾ ਵਿਸ਼ਾ

(ਸਮਾਜ ਵੀਕਲੀ)

ਪਹਿਲੀ ਅਪ੍ਰੈਲ 2005 ਦਾ ਦਿਨ ਸੀ ਜਦੋਂ ਕੰਪਿਊਟਰ ਅਧਿਆਪਕ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਸਿੱਖਿਆ ਦੇਣ ਲਈ ਹਾਜ਼ਰ ਹੋਏ। ਵਿਦਿਆਰਥੀਆਂ ਦੇ ਮਨਾਂ ਵਿਚ ਚਾਅ ਸੀ ਕਿ ਉਹ ਵੀ ਹੁਣ ਸਕੂਲਾਂ ਵਿਚ ਕੰਪਿਊਟਰ ਸਿੱਖਣਗੇ ਜੋ ਉਨ੍ਹਾਂ ਲਈ ਇਕ ਸੁਪਨੇ ਵਰਗਾ ਸੀ। ਇਹਨਾਂ ਵਿਦਿਆਰਥੀਆਂ ‘ਚੋਂ ਬਹੁਤ ਸਾਰੇ ਉਹ ਵਿਦਿਆਰਥੀ ਸਨ ਜੋ ਕਿ ਕੰਪਿਊਟਰ ਨੂੰ ਕੰਪੂਟਰ ਅਤੇ ਕੀਅ ਬੋਰਡ ਦੀਆਂ ਕੀਅਜ਼ ਨੂੰ ਬਟਨ ਬੋਲਦੇ ਸਨ। ਮਾਊਸ ਨੂੰ ਮਾਊਸ ਪੇਡ ਦੀ ਥਾਂ ‘ਤੇ ਰੱਖ ਕੇ ਚਲਾਉਣ ਦੀ ਥਾਂ ਹਵਾ ਵਿਚ  ਚਲਾਉਣਾ ਚਾਹੁੰਦੇ ਸਨ ਅਤੇ ਸੀ.ਪੀ.ਯੂ. ਇਹਨਾਂ ਲਈ ਬਿਨਾਂ ਮਤਲਬ ਤੋਂ ਰੱਖਿਆ ਗਿਆ ਇਕ ਡੱਬਾ ਹੀ ਸੀ।

ਇਸ ਤੋਂ ਪਤਾ ਚੱਲਦਾ ਸੀ ਕਿ ਇਹਨਾਂ ਵਿਦਿਆਰਥੀਆਂ ਨੇ ਕਦੇ ਆਪਣੇ ਜੀਵਨ ਵਿਚ ਕਿਸੇ ਨੂੰ ਕੰਪਿਊਟਰ ‘ਤੇ ਕੰਮ ਕਰਦੇ ਵੀ ਨਹੀਂ ਵੇਖਿਆ ਸੀ। ਪਰ ਸਰਕਾਰ ਦੇ ਯਤਨਾ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕੰਪਿਊਟਰ ਨੂੰ ਸਿੱਖਣ ਲਈ ਸ਼ਿੱਦਤ ਨਾਲ ਤਿਆਰ ਸਨ। ਜਦੋਂ ਵੀ ਕੰਪਿਊਟਰ ਸਾਇੰਸ ਵਿਸ਼ੇ ਦੇ ਪੀਰੀਅਡ ਦੀ ਘੰਟੀ ਲੱਗਦੀ ਖ਼ਾਸ ਕਰ ਪ੍ਰਕੈਟੀਕਲ ਵਿਸ਼ੇ ਦੀ ਵਿਦਿਆਰਥੀ ਝੱਟ ਲਾਈਨ ਬਣਾ ਕੇ ਕੰਪਿਊਟਰ ਲੈਬ ‘ਚ ਪਹੁੰਚ ਜਾਂਦੇ। ਕੰਪਿਊਟਰ ਅਧਿਆਪਕਾਂ ਨੇ ਜਿੰਨੀ ਮਿਹਨਤ ਅਤੇ ਚਾਅ ਨਾਲ ਵਿਦਿਆਰਥੀਆਂ ਨੂੰ ਕੰਪਿਊਟਰ ਸਾਇੰਸ ਦਾ ਵਿਸ਼ਾ ਪੜ੍ਹਾਇਆ ਵਿਦਿਆਰਥੀਆਂ ਨੇ ਉਨੀ ਹੀ ਮਿਹਨਤ ਅਤੇ ਚਾਅ ਨਾਲ ਕੰਪਿਊਟਰ ਵਿਸ਼ਾ ਸਿੱਖਿਆ ਵੀ।

ਅੱਜ ਇਹ ਉਹੀ ਵਿਦਿਆਰਥੀ ਹਨ ਜੋ ਸਿਰਫ ਕੰਪਿਊਟਰ ਸਾਇੰਸ ਵਿਸ਼ਾ ਹੀ ਨਹੀਂ ਸਗੋਂ ਐੱਸ.ਐੱਸ., ਸਾਇੰਸ, ਗਣਿਤ, ਅੰਗਰੇਜ਼ੀ ਵਰਗੇ ਵਿਸ਼ੇ ਵੀ ਕੰਪਿਊਟਰ ਦੀ ਮਦਦ ਨਾਲ ਸਰਚ ਕਰ ਕੇ ਪੜ੍ਹਨਾ ਸਿੱਖ ਗਏ ਹਨ। ਸਕੂਲ ਵਿਚ ਕਿਸੇ ਵੀ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ ਤਾਂ ਵਿਦਿਆਰਥੀਆਂ ਦਾ ਪਹਿਲਾ ਰੁਖ  ਕੰਪਿਊਟਰ ਲੈਬ ਵਿਚ ਜਾ ਕੇ ਵਿਸ਼ੇ ਨਾਲ ਸੰਬੰਧਿਤ ਲੇਖ ਜਾਂ ਕਵਿਤਾ ਆਦਿ ਲੱਭਣ ਅਤੇ ਚੋਣ ਕਰਨ ਦਾ ਹੁੰਦਾ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਸਰਕਾਰ ਵਲੋਂ ਕੀਤੇ ਗਏ ਇਸ ਸ਼ਲਾਘਾਯੋਗ ਉਪਰਾਲੇ ਲਈ ਮੈਂ ਸਰਕਾਰ ਦਾ ਦਿਲੋਂ ਧੰਨਵਾਦ ਕਰਦੀ ਹਾਂ।

   ਜਸਦੀਪ ਕੌਰ
                 ਕੰਪਿਊਟਰ ਫੈਕਲਟੀ,
ਸ਼.ਸ੍ਰ.ਭ.ਸ.ਸ.ਸ. ਸਕੂਲ ਲੌਂਗੋਵਾਲ         (ਕੰਨਿਆ), ਸੰਗਰੂਰ।  ਪੰਜਾਬ 

Previous articleरेल कोच फैक्‍टरी में मनाया गया गणतंत्र दिवस
Next articleDelhi police issues notice to farmer leader Darshanpal Singh