ਸਮ੍ਰਿਤੀ ਨੇ ਵਿਦਿਅਕ ਯੋਗਤਾ ਬਾਰੇ ਝੂਠ ਬੋਲਿਆ: ਕਾਂਗਰਸ

ਕਾਂਗਰਸ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ’ਤੇ ਆਪਣੇ ਚੁਣਾਵੀ ਹਲਫ਼ਨਾਮੇ ਵਿਚ ਝੂਠ ਬੋਲਣ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ’ਤੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਚੋਣ ਕਮਿਸ਼ਨ ਵਲੋਂ ਉਨ੍ਹਾਂ ਨੂੰ ਅਯੋਗ ਠਹਿਰਾਇਆ ਜਾਣਾ ਚਾਹੀਦਾ ਹੈ। ਕਾਂਗਰਸ ਦੀ ਤਰਜਮਾਨ ਪ੍ਰਿਯੰਕਾ ਚਤੁਰਵੇਦੀ ਨੇ ਮਸ਼ਹੂਰ ਹਿੰਦੀ ਸੀਰੀਅਲ, ‘‘ਕਿਉਂਕਿ ਸਾਸ ਭੀ ਕਭੀ ਬਹੂ ਥੀ’’ ਦੇ ਗੀਤ ਦੀ ਤਰਜ਼ ’ਤੇ ਕਿਹਾ, ‘‘..ਕਿਉਂਕਿ ਮੰਤਰੀ ਭੀ ਕਭੀ ਗ੍ਰੈਜੂਏਟ ਥੀ।’’ ਉਨ੍ਹਾਂ ਕੇਂਦਰੀ ਮੰਤਰੀ ਦੇ ਪਿਛਲੀਆਂ ਕੁਝ ਚੋਣਾਂ ਦੇ ਹਲਫਨਾਮੇ ਦੀ ਕਾਪੀ ਜਾਰੀ ਕਰਦਿਆਂ ਕਿਹਾ, ‘‘ਸਮ੍ਰਿਤੀ ਇਰਾਨੀ ਦੱਸਣ ਕਿ ਉਹ ਕਿਸ ਤਰ੍ਹਾਂ ਨਾਲ ਗ੍ਰੈਜੂਏਟ ਤੋਂ 12ਵੀਂ ਪਾਸ ਹੋ ਜਾਂਦੇ ਹਨ , ਇਹ ਮੋਦੀ ਸਰਕਾਰ ਦੌਰਾਨ ਹੀ ਸੰਭਵ ਹੈ। 2004 ਦੀਆਂ ਲੋਕ ਸਭਾ ਚੋਣਾਂ ਦੇ ਆਪਣੇ ਹਲਫਨਾਮੇ ਵਿਚ ਸਮ੍ਰਿਤੀ ਬੀਏ ਪਾਸ ਸੀ। ਫਿਰ 2011 ਰਾਜ ਸਭਾ ਦੇ ਚੋਣ ਹਲਫਨਾਮੇ ਵਿਚ ਉਹ ਬੀ.ਕਾਮ ਫਸਟ ਯੀਅਰ ਦੱਸਦੀ ਹੈ। ਇਸ ਤੋਂ ਬਾਅਦ 2014 ਦੇ ਲੋਕ ਸਭਾ ਚੋਣਾਂ ਵਿਚ ਫਿਰ ਉਹ ਬੀਏ ਪਾਸ ਕਰ ਲੈਂਦੀ ਹੈ। ਹੁਣ ਫਿਰ ਤੋਂ ਉਹ ਬੀ.ਕਾਮ ਫਸਟ ਯੀਅਰ ਪਾਸ ਹੋ ਗਈ ਹੈ।’’ ਪ੍ਰਿਯੰਕਾ ਨੇ ਦੋਸ਼ ਲਾਇਆ, ‘‘ਉਨ੍ਹਾਂ ਨੇ ਦੇਸ਼ ਨੂੰ ਝੂਠ ਬੋਲਿਆ ਹੈ, ਦੇਸ਼ ਨੂੰ ਵਰਗਲਾਇਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਦੇ ਆਗੂ ਕਿਸ ਤਰ੍ਹਾਂ ਝੂਠ ਬੋਲਦੇ ਹਨ।’’ ਉਨ੍ਹਾਂ ਕਿਹਾ, ‘‘ਸਾਨੂੰ ਇਸ ਗੱਲ ਨਾਲ ਕੋਈ ਦਿੱਕਤ ਨਹੀਂ ਕਿ ਉਹ ਗਰੈਜੂਏਟ ਨਹੀਂ ਹਨ। ਮੁੱਦੇ ਦੀ ਗੱਲ ਇਹ ਹੈ ਕਿ ਮੰਤਰੀ ਏਨੇ ਸਮੇਂ ਤੋਂ ਗਲਤ ਹਲਫ਼ਨਾਮਾ ਦੇ ਰਹੀ ਹੈ।’’ ਇਸੇ ਦੌਰਾਨ ਅਮੇਠੀ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਕਾਂਗਰਸ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਚਾਹੇ ਜਿੰਨਾ ਵੀ ਅਪਮਾਨਿਤ ਕੀਤਾ ਜਾਵੇ ਪਰ ਉਹ ਅਮੇਠੀ ਲਈ ਅਤੇ ਕਾਂਗਰਸ ਵਿਰੁਧ ਕੰਮ ਕਰਦੀ ਰਹੇਗੀ।

Previous articleਮੁੱਖ ਮੰਤਰੀ ਨੇ ਰੁੱਸੇ ਆਗੂਆਂ ਦੀ ਨਾਰਾਜ਼ਗੀ ਦੂਰ ਕੀਤੀ
Next articleਪੁਲੀਸ ਨਾਲ ਹੱਥੋਪਾਈ ਸਬੰਧੀ ਵੀਡੀਓ ਵਾਇਰਲ