ਮੁੱਖ ਮੰਤਰੀ ਨੇ ਰੁੱਸੇ ਆਗੂਆਂ ਦੀ ਨਾਰਾਜ਼ਗੀ ਦੂਰ ਕੀਤੀ

ਅੰਮ੍ਰਿਤਸਰ ਸੰਸਦੀ ਹਲਕੇ ਲਈ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਜਿੱਤ ਦੇ ਰਾਹ ਨੂੰ ਪੱਧਰਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਔਜਲਾ ਨਾਲ ਰੁੱਸੇ ਹੋਏ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ ਹੈ ਅਤੇ ਸਾਰਿਆਂ ਨੂੰ ਗੁੱਸੇ ਗਿਲੇ ਛੱਡ ਕੇ ਸ੍ਰੀ ਔਜਲਾ ਦੀ ਜਿੱਤ ਲਈ ਇਕਜੁੱਟ ਹੋਣ ਲਈ ਆਖਿਆ ਹੈ। ਸ੍ਰੀ ਔਜਲਾ ਨੂੰ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਾਂਗਰਸ ਵੱਲੋਂ ਮੁੜ ਉਮੀਦਵਾਰ ਬਣਾਏ ਜਾਣ ਮਗਰੋਂ ਕਾਂਗਰਸੀ ਵਿਧਾਇਕਾਂ ਖਾਸ ਕਰਕੇ ਦਿਹਾਤੀ ਖੇਤਰ ਦੇ ਵਿਧਾਇਕਾਂ ਵੱਲੋਂ ਉਸ ਨਾਲ ਚੱਲਣ ਤੋਂ ਪਾਸਾ ਵੱਟਿਆ ਗਿਆ ਸੀ। ਸ੍ਰੀ ਔਜਲਾ ਨੇ ਇਸ ਸਬੰਧ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਰੁੱਸੇ ਹੋਏ ਕਾਂਗਰਸੀ ਵਿਧਾਇਕਾਂ ਨੂੰ ਨਾਲ ਚੱਲਣ ਲਈ ਆਖਣ ਵਾਸਤੇ ਅਪੀਲ ਕੀਤੀ ਸੀ। ਮੁੱਖ ਮੰਤਰੀ ਨੇ ਇਸ ਸਬੰਧੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਰੁੱਸੇ ਕਾਂਗਰਸੀ ਵਿਧਾਇਕਾਂ ਨਾਲ ਗੱਲਬਾਤ ਕਰਕੇ ਮਾਮਲਾ ਹੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਸ੍ਰੀ ਬਾਜਵਾ ਨੇ ਇਸ ਬਾਰੇ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ ਸੀ ਪਰ ਮਾਮਲਾ ਹੱਲ ਨਹੀਂ ਹੋ ਸਕਿਆ ਸੀ। ਮਿਲੇ ਵੇਰਵਿਆਂ ਮੁਤਾਬਕ ਮੁੱਖ ਮੰਤਰੀ ਨੇ ਅੱਜ ਸ਼ਾਮ ਇਥੇ ਕੈਬਨਿਟ ਮੰਤਰੀ ਸੁਖ ਸਰਕਾਰੀਆ ਦੇ ਘਰ ਵਿਚ ਰੁੱਸੇ ਕਾਂਗਰਸੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਵਿਚ ਉਨ੍ਹਾਂ ਨੇ ਸਮੂਹ ਆਗੂਆ ਨੂੰ ਆਖਿਆ ਕਿ ਉਹ ਆਪਸੀ ਗਿਲੇ ਸ਼ਿਕਵੇ ਛੱਡ ਦੇਣ ਅਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸ੍ਰੀ ਔਜਲਾ ਦੀ ਜਿੱਤ ਵਾਸਤੇ ਇਕਜੁੱਟ ਹੋਣ। ਲਗਭਗ ਇਕ ਘੰਟਾ ਚੱਲੀ ਇਸ ਮੀਟਿੰਗ ਵਿਚ ਉਨ੍ਹਾਂ ਨੇ ਨਾਰਾਜ਼ ਆਗੂਆਂ ਦੀਆਂ ਗੱਲਾਂ ਵੀ ਸੁਣੀਆਂ। ਮੀਟਿੰਗ ਮਗਰੋਂ ਸ੍ਰੀ ਗੁਰਜੀਤ ਸਿੰਘ ਔਜਲਾ ਨੂੰ ਵੀ ਮੌਕੇ ’ਤੇ ਸੱਦਿਆ ਗਿਆ ਸੀ। ਦੋਵਾਂ ਧਿਰਾਂ ਨੂੰ ਆਹਮੋ ਸਾਹਮਣੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਸੀ ਗਿਲੇ ਸ਼ਿਕਵੇ ਖਤਮ ਕਰਾਏ। ਮੀਟਿੰਗ ਵਿਚ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀਸੀ, ਇੰਦਰਬੀਰ ਸਿੰਘ ਬੁਲਾਰੀਆ, ਮੇਅਰ ਕਰਮਜੀਤ ਸਿੰਘ ਰਿੰਟੂ, ਜ਼ਿਲ੍ਹਾ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਸ਼ਾਮਲ ਸਨ।

Previous articleਕਾਂਗਰਸੀ ਨਹੀਂ ਅਕਾਲੀ ਬਠਿੰਡਾ ਤੋਂ ਭੱਜੇ: ਵਿੱਤ ਮੰਤਰੀ
Next articleਸਮ੍ਰਿਤੀ ਨੇ ਵਿਦਿਅਕ ਯੋਗਤਾ ਬਾਰੇ ਝੂਠ ਬੋਲਿਆ: ਕਾਂਗਰਸ