ਮਹਿਤਪੁਰ – (ਨੀਰਜ ਵਰਮਾ) ਅੱਜ ਹਲਕਾ ਸ਼ਾਹਕੋਟ ਵਿਖੇ ਵਾਲਮੀਕਿ /ਮਜ੍ਹਬੀ ਭਾਈਚਾਰੇ ਦੇ ਸਮੂਹ ਆਗੂਆਂ ਵੱਲੋ ਸਿਆਸੀ ਪਾਰਟੀਆਂ ਵਲੋਂ ਕੀਤੀ ਗਈ ਟਿਕਟ ਦੀ ਵੰਡ ਵਿਚ ਸਮੂਹ ਵਾਲਮੀਕਿ/ਮਜ੍ਹਬੀ ਭਾਈਚਾਰੇ ਦੀ ਅਣਦੇਖੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਸ਼ਵਨੀ ਕੁਮਾਰ ਵਲੋ ਦੱਸਿਆ ਗਿਆ ਕਿ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਖਾਸ ਤੌਰ ਤੇ ਕਾਂਗਰਸ ਪਾਰਟੀ ਵਲੋਂ ਪੰਜਾਬ ਭਰ ਵਿਚ ਐਮ. ਪੀ. ਟਿਕਟਾਂ ਦੀ ਵੰਡ ਭੇਦਭਾਵ ਦੀ ਭਾਵਨਾ ਨਾਲ ਕੀਤੀ ਗਈ ਹੈ।ਕਾਂਗਰਸ ਹਾਈਕਮਾਨ ਵਲੋਂ ਟਿਕਟਾਂ ਦੀ ਵੰਡ ਵਿਚ ਵਾਲਮੀਕਿ/ਮਜ੍ਹਬੀ ਭਾਈਚਾਰੇ ਨੂੰ ਪੂਰੀ ਤਰ੍ਹਾਂ ਦਰਕਿਨਾਰ ਕੀਤਾ ਗਿਆ।ਜੇਕਰ ਕਾਂਗਰਸ ਹਾਈਕਮਾਨ ਵਾਲਮੀਕਿ/ਮਜ੍ਹਬੀ ਹਿਤੈਸ਼ੀ ਸੀ ਤਾਂ ਟਿਕਟਾਂ ਦੀ ਵੰਡ ਸਮੂਹ ਪੰਜਾਬ ਵਿਚ ਅਨੁਪਾਤ ਕਰਨੀ ਚਾਹੀਦੀ ਸੀ ਨਾ ਕਿ ਕਿਸੇ ਸਮਾਜ ਵਿਸ਼ੇਸ ਨੂੰ ਹੀ ਸਾਰੀਆਂ ਟਿਕਟਾਂ ਦੇ ਦਿੱਤੀਆਂ ਜਾਂਦੀਆਂ।
ਮੀਟਿੰਗ ਦੀ ਅਗਵਾਈ ਕਰਦਿਆਂ ਸਾਬੀ ਧਾਰੀਵਾਲ ਜੀ ਵਲੋਂ ਕਿਹਾ ਗਿਆ ਕਿ ਕਾਂਗਰਸ ਦੇ ਨਾਲ ਨਾਲ ਪੀਡੀਏ-ਬਸਪਾ ਅਤੇ ਆਮ ਆਦਮੀ ਪਾਰਟੀ ਵੱਲੋ ਵੀ ਵਾਲਮੀਕਿ/ਮਜ੍ਹਬੀ ਭਾਈਚਾਰੇ ਨੂੰ ਅਣਗੋਲਿਆ ਗਿਆ ਹੈ। ਉਕਤ ਪਾਰਟੀਆਂ ਨੂੰ ਵੀ ਸਿਰਫ ਤੇ ਸਿਰਫ ਵਾਲਮੀਕਿ/ਮਜ੍ਹਬੀ ਵੋਟ ਬੈਂਕ ਨਾਲ ਹੀ ਮਤਲਬ ਹੈ ਅਤੇ ਵਾਲਮੀਕਿ/ਮਜ੍ਹਬੀ ਵੋਟਾਂ ਸਿਰਫ ਸਰਕਾਰ ਦੀ ਸਿਰਜਨਾ ਵਿਚ ਹੀ ਕੰਮ ਅਉਂਦੀ ਹੈ ਪਰ ਕੋਈ ਵੀ ਪਾਰਟੀ ਵਾਲਮੀਕਿ/ਮਜ੍ਹਬੀ ਭਾਈਚਾਰੇ ਨੂੰ ਉਹਦੀ ਬਣਦੀ ਰਾਜਨੀਤਿਕ ਹਿੱਸੇਦਾਰੀ ਦੇਣ ਦੇ ਪੱਖ ਵਿਚ ਨਹੀਂ ਹੈ।ਇਸ ਮੀਟਿੰਗ ਦੀ ਸਮਾਪਤੀ ਕਰਦਿਆਂ ਸ੍ਰੀ ਅਸ਼ਵਨੀ ਕੁਮਾਰ ਵਲੋਂ ਕਿਹਾ ਗਿਆ ਕਿ ਵਾਲਮੀਕਿ/ਮਜ੍ਹਬੀ ਭਾਈਚਾਰੇ ਵਲੋਂ ਲੋਕਸਭਾ ਚੋਣਾਂ-2019 ਵਿਚ ਸਮੂਹ ਪਾਰਟੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਚੋਣਾਂ ਵਿੱਚ ਨੌਟਾ ਉਪਯੋਗ ਕਰਕੇ ਸਮੂਹ ਪਾਰਟੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਸ ਮੀਟਿੰਗ ਵਿਚ ਮੁੱਖ ਤੌਰ ਤੇ ਗਗਨਦੀਪ, ਮੰਗਤ ਰਾਮ, ਮੰਗਾ ਪਹਿਲਵਾਨ, ਸੁਖਵਿੰਦਰ ਸਿੰਘ, ਅਸ਼ਵਨੀ, ਜਸਵੀਰ ਚੰਦ, ਸਵਰਨਾ ਰਾਮ, ਜਸਵੀਰ ਸਿੱਧੂ, ਕਸ਼ਮੀਰੀ ਲਾਲ, ਅਜੈ ਵਿਰਦੀ, ਰਵੀ ਮੱਟੂ ਆਦਿ ਸ਼ਾਮਿਲ ਹੋਏ।