ਮੁੰਬਈ (ਸਮਾਜਵੀਕਲੀ) – ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਮੁੰਦਰੀ ਜਹਾਜ਼ਾਂ ਵਿੱਚ ਫਸੇ ਭਾਰਤੀ ਚਾਲਕ ਦਲ ਦੇ ਹਜ਼ਾਰਾਂ ਮੈਂਬਰਾਂ ਅਤੇ ਨਾਵਿਕਾਂ ਨੂੰ ਮੁੰਬਈ ਬੰਦਰਗਾਹ ਰਾਹੀਂ ਦੇਸ਼ ਵਿੱਚ ਦਾਖ਼ਲ ਹੋਣ ਦੀ ਮਨਜ਼ੂਰੀ ਕੇਂਦਰ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਅੱਜ ਇਕ ਅਧਿਕਾਰੀ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਊੱਧਵ ਠਾਕਰੇ ਵੱਲੋਂ ਕੇਂਦਰੀ ਰਾਜ ਮੰਤਰੀ ਮਨਸੁੱਖ ਮਾਂਡਵੀਆ ਨਾਲ ਇਸ ਸਬੰਧੀ ਗੱਲ ਕੀਤੀ ਗਈ ਸੀ। ਉਸ ਤੋਂ ਬਾਅਦ ਹੁਣ ਵੱਖ-ਵੱਖ ਸਮੁੰਦਰੀ ਜਹਾਜ਼ਾਂ ਵਿੱਚ ਫੱਸੇ ਕਰੀਬ 40,000 ਨਾਵਿਕਾਂ ਦੀ ਵਤਨ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਇਸ ਕੰਮ ਤਹਿਤ ਇਕ ਵਿਸ਼ਾਲ ਸਮੁੰਦਰੀ ਜਹਾਜ਼ ‘ਮਰੇਲਾ ਡਿਸਕਵਰੀ’ ਜਿਸ ਵਿੱਚ 146 ਨਾਵਿਕ ਦਲ ਦੇ ਮੈਂਬਰ ਫਸੇ ਹੋਏ ਸਨ, ਦੇ ਭਲਕੇ ਸਮੁੰਦਰ ਕੰਢੇ ਜ਼ਮੀਨ ’ਤੇ ਲੱਗਣ ਦੀ ਆਸ ਹੈ। ਇਸ ਤੋਂ ਬਾਅਦ ਹੋਰ ਜਹਾਜ਼ ਵੀ ਬੰਦਰਗਾਹ ’ਤੇ ਪਹੁੰਚਣਗੇ।
ਦੇਸ਼ ਵਿੱਚ ਦਾਖ਼ਲ ਹੋਣ ਵਾਲੇ ਇਨ੍ਹਾਂ ਨਾਵਿਕਾਂ ਦੀ ਪੂਰੀ ਸਿਹਤ ਜਾਂਚ ਕੀਤੀ ਜਾਵੇਗੀ ਅਤੇ ਇਕ ਇਮਾਰਤ ਵਿੱਚ ਉਨ੍ਹਾਂ ਨੂੰ ਇਕਾਂਤਵਾਸ ’ਚ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਕਰੋਨਾਵਾਇਰਸ ਤੋਂ ਬਚਾਅ ਲਈ ਬਣਾਏ ਹੋਰ ਸਾਰੇ ਨਿਯਮਾਂ ਦਾ ਪਾਲਣ ਵੀ ਕੀਤਾ ਜਾਵੇਗਾ। ‘ਮਰੇਲਾ ਡਿਸਕਵਰੀ’ ਸਮੁੰਦਰੀ ਜਹਾਜ਼ ਨੇ ਪਹਿਲਾਂ 2 ਤੋਂ 6 ਅਪਰੈਲ ਤੱਕ ਕੋਚੀ, ਨਵੇਂ ਮੰਗਲੌਰ, ਗੋਆ ਤੇ ਫਿਰ ਮੁੰਬਈ ਆਉਣਾ ਸੀ ਪਰ ਕੰਢੇ ਲੱਗਣ ਦੀ ਇਜਾਜ਼ਤ ਨਾ ਮਿਲਣ ਕਾਰਨ ਉਹ ਉਸ ਵੇਲੇ ਦੇਸ਼ ਦੀ ਧਰਤੀ ’ਤੇ ਨਹੀਂ ਪਹੁੰਚ ਸਕੇ ਸਨ।
ਉਪਰੰਤ ਮੁੱਖ ਮੰਤਰੀ ਬਾਲ ਠਾਕਰੇ ਦੇ ਦਖ਼ਲ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਦੇ ਉੱਚ ਅਧਿਕਾਰੀਆਂ ਅਤੇ ਮੁੰਬਈ ਬੰਦਰਗਾਹ ਟਰੱਸਟ ਦੇ ਚੇਅਰਮੈਨ ਨੇ ਇਹ ਮਾਮਲਾ ਕੇਂਦਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ। ਐਤਵਾਰ ਸ਼ਾਮ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤੀ ਨਾਵਿਕਾਂ ਨੂੰ ਭਾਰਤ ਦੇ ਬੰਦਰਗਾਹਾਂ ’ਤੇ ਉਤਰਨ ਦੀ ਮਨਜ਼ੂਰੀ ਸਬੰਧੀ ਹੁਕਮ ਜਾਰੀ ਕਰ ਦਿੱਤੇ ਸਨ।