ਚੰਡੀਗੜ੍ਹ : ‘ਕੈਪਟਨ ਦੇ ਲਾਰੇ.. ਕੈਪਟਨ ਨੇ ਕੁਝ ਨਹੀਂ ਦੇਣਾ’ ਇਹ ਗੱਲਾਂ ਕਹਿੰਦੇ ਵਿਰੋਧੀ ਪਾਰਟੀਆਂ ਨੂੰ ਹਰ ਦਿਨ ਸੁਣਿਆ ਹੋਵੇਗਾ। ਇਸ ਦੇ ਚਲਦਿਆਂ ਬੀਤੇ ਦਿਨੀਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਮਾਰਟ ਫੋਨ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ‘ਚ ਹੋ ਰਹੀ ਦੇਰੀ ਪਿੱਛੇ ਗੁਆਂਢੀ ਮੁਲਕ ਚੀਨ ਅੰਦਰ ਫੈਲੇ ਕੋਰੋਨਾ ਵਾਇਰਸ ਨੂੰ ਜਿੰਮੇਵਾਰ ਦੱਸਿਆ ਸੀ। ਇਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੂੰ ਵਿਰੋਧੀ ਪਾਰਟੀਆਂ ਨੇ ਦੱਬ ਕੇ ਨਿੰਦਿਆਂ। ਪਰ ਅੱਜ ਬਜ਼ਟ ਇਜਲਾਸ ਦੌਰਾਨ ਇਸ ‘ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ।
ਇਸ ਸਬੰਧੀ ਬੋਲਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ‘ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਸੂਬੇ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ‘ਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਮੁੱਖ ਮੰਤਰੀ ਨੇ ਇਹ ਬਿਆਨ ਦਿੱਤਾ ਸੀ ਤਾਂ ਲੋਕਾਂ ਨੇ ਇਸ ਨੂੰ ਹਾਸੇ ‘ਚ ਪਾ ਲਿਆ ਸੀ ਪਰ ਇਹ ਬਿਲਕੁਲ ਸੱਚ ਹੈ। ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਚੀਨ ਨੂੰ ਸਮਾਰਟ ਫੋਨਾਂ ਦਾ ਆਰਡਰ ਦਿੱਤਾ ਜਾ ਚੁਕਿਆ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ, “ਸਰਕਾਰ ਨੇ ‘‘ਨੌਜਵਾਨਾਂ ਲਈ ਮੁਫਤ ਸਮਾਰਟ ਮੋਬਾਇਲ ਫੋਨ’’ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ 10 ਲੱਖ ਸਮਾਰਟ ਫੋਨ ਵੰਡਣ ਦਾ ਵਾਅਦਾ ਕੀਤਾ ਹੋਇਆ ਹੈ। ਹਾਲਾਂਕਿ, ਚੀਨ ਵਿੱਚ ਕੋਰੋਨਾਵਾਇਰਸ ਦੇ ਫੈਲਣ ਕਾਰਨ, ਬੋਲੀ ਲਗਾਉਣ ਵਾਲੀ ਕੰਪਨੀ ਦੁਆਰਾ ਸਮਾਰਟ ਫੋਨਾਂ ਦੀ ਸਪਲਾਈ ਰੋਕ ਦਿੱਤੀ ਗਈ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਮਾਰਟ ਫੋਨਾਂ ਦੀ ਸਪੁਰਦਗੀ ਅਪ੍ਰੈਲ, 2020 ਤੋਂ ਸ਼ੁਰੂ ਹੋ ਜਾਵੇਗੀ। 2020-21 ਦੌਰਾਨ ਇਸ ਮੰਤਵ ਲਈ 100 ਕਰੋੜ ਰੁਪਏ ਰਾਂਖਵੇ ਕੀਤੇ ਗਏ ਹਨ”।
ਹਰਜਿੰਦਰ ਛਾਬੜਾ – ਪਤਰਕਾਰ 9592282333