ਵਿਸਾਖੀ

ਜਸਕੀਰਤ ਸਿੰਘ

(ਸਮਾਜ ਵੀਕਲੀ)

ਵਿਸਾਖੀ ਨਾਮ ਵਸਾਖ ਤੋਂ ਬਣਿਆ ਹੈ। ਵਿਸਾਖੀ ਦਾ ਨਾਂ ਸੁਣਦਿਆਂ ਹੀ ਦੇ ਦਿਲੋ-ਦਿਮਾਗ ‘ਚ ਪੰਜਾਬ ਦਾ ਜੋਸ਼ੀਲਾ ਗਿੱਧਾ ਤੇ ਭੰਗੜਾ ਅੱਖਾਂ ਸਾਹਮਣੇ ਆ ਜਾਂਦੇ ਹਨ। ਇਹਨਾਂ ਦਿਨਾਂ ਵਿੱਚ ਨੌਜਵਾਨ ਮੁੰਡੇ ਅਤੇ ਕੁੜੀਆਂ ਦੀਆਂ ਟੋਲੀਆਂ ਭੰਗੜਾ ਗਿੱਧਾ ਕਰਦੇ ਹੋਏ ਪੰਜਾਬ ਦੀ ਗਲੀ-ਗਲੀ ਚ ਦਿਖਾਈ ਦਿੰਦੀਆਂ ਹਨ।

ਸਰਦੀ ਦੀ ਰੁੱਤ ਦੇ ਖਤਮ ਹੋਣ ਅਤੇ ਹੋਲੀ ਦੇ ਰੰਗਾਂ ਤੋਂ ਬਾਅਦ ਇਹ ਤਿਉਹਾਰ ਆਉਂਦਾ ਹੈ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਅੰਬ ਦੇ ਦਰੱਖਤਾਂ ਨੂੰ ਬੁਰ ਲੱਗ ਜਾਂਦਾ ਹੈ। ਦਰੱਖਤਾਂ ਤੋਂ ਇਕ ਅਨੋਖੀ ਖੁਸ਼ਬੂ ਆਉਂਦੀ ਹੈ ਅਤੇ ਖੇਤਾਂ ‘ਚ ਕਣਕ ਦੀਆਂ ਬੱਲੀਆਂ ਲਹਿ ਲਹਾਉਂਦੀਆਂ ਨਜ਼ਰ ਆਉਂਦੀਆਂ ਹਨ। ਕਿਸਾਨਾਂ ਦੀ ਛੇ ਮਹੀਨਿਆਂ ਦੀ ਸਖਤ ਮਿਹਨਤ ਇਸ ਕਣਕ ਦੀ ਫਸਲ ਚ ਫਲਦੀ ਹੋਈ ਦਿਸਦੀ ਹੈ ਅਤੇ ਇਹ ਖੂਬਸੂਰਤ ਦਿਨ ਕਿਸਾਨਾਂ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ।

ਪੰਜਾਬ ਚ ਵਿਸਾਖੀ ਅਸਲ ਚ ਸਿੱਖ ਧਰਮ ਦੀ ਸਥਾਪਨਾ ਅਤੇ ਫਸਲ ਪੱਕਣ ਦੇ ਪ੍ਰਤੀਕ ਵਜੋਂ ਮਨਾਈ ਜਾਂਦੀ ਹੈ। ਇਸ ਮਹੀਨੇ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਪੱਕੀ ਹੋਈ ਫਸਲ ਨੂੰ ਕੱਟਣ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ। ਅਜਿਹੇ ‘ਚ ਕਿਸਾਨ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਚ ਇਹ ਤਿਉਹਾਰ ਮਨਾਉਂਦੇ ਹਨ।

ਫਸਲ ਕੱਟਣ ਦੀ ਸ਼ੁਰੂਆਤ | ਵਿਸਾਖੀ ਧਾਰਮਿਕ ਤਿਉਹਾਰ ਤਾਂ ਹੈ ਹੀ ਪਰ ਇਸਦਾ ਮਹੱਤਵ ਇਕ ਫਸਲੀ ਤਿਉਹਾਰ ਵਜੋਂ ਜ਼ਿਆਦਾ ਹੋਣ ਕਾਰਨ ਇਹ ਕਿਸਾਨਾਂ ਦਾ ਮੁੱਖ ਤਿਉਹਾਰ ਵੀ ਮੰਨਿਆ ਜਾਂਦਾ ਹੈ ਅਤੇ ਇਸ ਤਿਉਹਾਰ ਨੂੰ ਉਹ ਬਹੁਤ ਹੀ ਖੁਸ਼ੀ ਨਾਲ ਮਨਾਉਂਦੇ ਹਨ। ਇਹ ਤਿਉਹਾਰ ਸਿਰਫ ਪੰਜਾਬ ਤਕ ਸੀਮਤ ਹੋਵੇ ਅਜਿਹਾ ਨਹੀਂ ਹੈ, ਸਗੋਂ ਪੂਰੇ ਭਾਰਤ ਚ ਇਹ ਕਿਸੇ ਨਾ ਕਿਸੇ ਰੂਪ ‘ਚ ਮਨਾਇਆ ਜਾਂਦਾ ਹੈ। ਅਪ੍ਰੈਲ ਮਹੀਨੇ ਦੀ 13 ਜਾਂ 14 ਤਰੀਕ ਨੂੰ ਮਨਾਈ ਜਾਣ ਵਾਲੀ ਵਿਸਾਖੀ ਕਣਕ ਦੀ ਫਸਲ ਪੱਕਣ ਮੌਕੇ ਮਨਾਈ ਜਾਂਦੀ ਹੈ।

ਇਸ ਫਸਲ ਨੂੰ ਕੱਟਣ ਦਾ ਸ਼ੁਭ ਆਰੰਭ ਪੰਜਾਬ ‘ਚ ਵਿਸਾਖੀ ਦੇ ਦਿਨ ਤੋਂ ਹੀ ਹੁੰਦਾ ਹੈ। ਇਸ ਸਮੇਂ ਕਣਕ ਦੀ ਫਸਲ ਤਿਆਰ ਹੋ ਜਾਂਦੀ ਹੈ। ਇਸ ਤਿਉਹਾਰ ਨਾਲ ਕਿਸਾਨ ਆਪਣੇ ਖੇਤਾਂ ‘ਚ ਕਣਕ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ ਫਸਲ ਚੰਗੀ ਹੋਈ ਤਾਂ ਕਿਸਾਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ । ਕਿਸਾਨ ਖੇਤਾਂ ‘ਚ ਨੱਚਦਾ , ਗਾਉਂਦਾ , ਭੰਗੜੇ ਪਾਉਂਦਾ ਦਿਖਾਈ ਦਿਦਾ ਹੈ । ਇਸ ਦਿਨ ਕਿਸਾਨ ਸਵੇਰੇ- ਸਵੇਰੇ ਧਾਰਮਿਕ ਸਥਾਨਾਂ ਤੇ ਜਾ ਕੇ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਫਿਰ ਫਸਲਾਂ ਦੀ ਕਟਾਈ ਦਾ ਕੰਮ ਸ਼ੁਰੂ ਕਰਦੇ ਹਨ ।

ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਨੇ ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਪੰਜਾਬ ਦੀਆਂ ਫ਼ਸਲਾਂ ਅਤੇ ਸੱਭਿਆਚਾਰ ਦੇ ਰੰਗ ਨੂੰ ਇੰਝ ਬਿਆਨ ਕੀਤਾ ਹੈ।
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਸੰਮਾਂ ਵਾਲੀ ਡਾਗਾਂ ਉੱਤੇ ਤੇਲ ਲਾਇਕੇ,
ਕੱਛੇਮਾਰ ਵੰਝਲੀ ਅਨੰਦ ਛਾ ਗਿਆ, …।

ਧਾਰਮਿਕ ਤੇ ਇਤਿਹਾਸਕ ਮਹਤੱਤਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਹੀ ਸਾਲ 1699 ‘ਚ ਸ੍ਰੀ ਆਨੰਦਪੁਰ ਸਾਹਿਬ ‘ਚ ਖਾਲਸਾ ਪੰਥ ਦੀ ਨੀਂਹ ਰੱਖੀ ਸੀ, ਇਸ ਲਈ ਸਿੱਖਾਂ ਦੇ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਜਾਣ ਲੱਗਾ। ਖਾਲਸਾ ਪੰਥ ਦੀ ਸਥਾਪਨਾ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਖ ਟੀਚਾ ਲੋਕਾਂ ਨੂੰ ਤਤਕਾਲੀ ਮੁਗਲ ਸ਼ਾਸਕਾਂ ਦੇ ਜ਼ੁਲਮਾਂ ਤੋਂ ਮੁਕਤ ਕਰ ਕੇ ਉਨ੍ਹਾਂ ਦੇ ਧਾਰਮਿਕ, ਨੈਤਿਕ ਅਤੇ ਵਿਵਹਾਰਕ ਜੀਵਨ ਨੂੰ ਉੱਤਮ ਬਣਾਉਣਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕਰਨੀ ਸੀ ਤਾਂ ਸਿੱਖਾਂ ਦੀ ਪਰਖ ਵਾਸਤੇ ਪੰਜ ਸਿਰ ਮੰਗੇ ਗਏ। ਫਿਰ ਇੱਕ ਇੱਕ ਕਰਕੇ ਪੰਜ ਸਿੱਖ ਚੁਣੇ ਗਏ।

ਉਪਰੰਤ ਖੰਡੇ ਦੀ ਪਹੁਲ ਸ਼ੁਰੂ ਕੀਤੀ ਜਿਸ ਦਾ ਨਾਂ ਅੰਮ੍ਰਿਤ ਛੱਕਣਾ ਪੈ ਗਿਆ। ਇਨ੍ਹਾਂ ਸੀਸ ਭੇਟ ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਖੰਡੇ ਦੀ ਪਹੁਲ ਪ੍ਰਾਪਤ ਹੋਈ। ਦਸਮ ਪਾਤਸ਼ਾਹ ਨੇ ਇਨ੍ਹਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਨਾਲ ਨਿਵਾਜਿਆ। ਇਨ੍ਹਾਂ ਪੰਜ ਪਿਆਰਿਆਂ ਵਿਚਕਾਰ, ਗੁਰੂ ਜੀ ਖ਼ੁਦ ਹਾਜ਼ਰ ਸਨ ਤੇ ਗੁਰੂ ਸਾਹਿਬਾਨ ਨੂੰ ਹਾਜ਼ਰ ਨਾਜ਼ਰ ਸਮਝਿਆ ਜਾਂਦਾ ਸੀ।ਇਨ੍ਹਾਂ ਪੰਜ ਪਿਆਰਿਆਂ ਨੇ ਬਾਕੀ ਸਿੱਖਾਂ ਨੂੰ ਜਿਹਨਾਂ ਨੇ ਖੰਡੇ ਦੀ ਪਹੁਲ ਗ੍ਰਹਿਣ ਦੀ ਯਾਚਨਾ ਕੀਤੀ ਨੂੰ ਪਹੁਲ ਦਿੱਤੀ। ਜਿਹਨਾਂ ਨੇ ਪਹੁਲ ਲਈ ਸੀ ਫਿਰ ਉਹਨਾਂ ਨੇ ਕਈ ਜੱਥਿਆਂ ਵਿੱਚ ਦੂਰ-ਦੁਰਾਡੇ ਜਾ ਕੇ ਸਿੰਘਾਂ ਨੂੰ ਖੰਡੇ ਦੀ ਪਹੁਲ ਦਿੱਤੀ। ਇਹ ਪਹੁਲ ਦੇਣ ਵਾਲੇ ਤੋਂ ਇਹ ਸੇਵਾ ਨਿਭਾਉਣ ਵਾਲੇ ਬਹੁਤ ਸਾਰੇ ਜੱਥੇ ਸਨ, ਪਰ ਉਹ ਪੰਜ-ਪੰਜ ਸਿੱਖਾਂ ਦੇ ਜਥੇ ਸਨ ਤੇ ਪੰਜ ਪਿਆਰੇ ਨਹੀਂ ਸਨ ।

ਇਸੇ ਦਿਨ 13 ਅਪ੍ਰੈਲ 1919 ਨੂੰ ਹਜ਼ਾਰਾਂ ਲੋਕ ਰੋਲਟ ਐਕਟ ਦੇ ਵਿਰੋਧ ‘ਚ ਪੰਜਾਬ ਦੇ ਅੰਮ੍ਰਿਤਸਰ ਚ ਸਥਿਤ ਜਲਿਆਂਵਾਲਾ ਬਾਗ ਚ ਇਕੱਠੇ ਹੋਏ ਸਨ। ਜਨਰਲ ਡਾਇਰ ਨੇ ਇਸੇ ਦਿਨ ਹਜ਼ਾਰਾਂ ਲੋਕਾਂ ਤੇ ਅੰਨੇਵਾਹ ਗੋਲੀਆਂ ਚਲਾਈਆਂ ਅਤੇ ਅਣਗਿਣਤ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ। ਇਸ ਘਟਨਾ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। | ਉਥੇ ਹੀ ਹਿੰਦੂ ਧਰਮ ਦੇ ਲੋਕ ਇਸ ਨੂੰ ਨਵੇਂ ਸਾਲ ਦੇ ਰੂਪ ‘ਚ ਵੀ ਮਨਾਉਂਦੇ ਹਨ। ਇਸ ਦਿਨ ਹਿੰਦੂ ਧਰਮ ਵਿਚ ਲੋਕ ਇਸ਼ਨਾਨ ਕਰਕੇ ਖਾਣੇ ਨੂੰ ਭੋਗ ਆਦਿ ਲਗਾ ਕੇ ਪੂਜਾ ਕਰਦੇ ਹਨ। ਹਿੰਦੂ ਪੌਰਾਣਿਕ ਗ੍ਰੰਥਾਂ ਅਨੁਸਾਰ ਇਹ ਮਾਨਤਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਭਗੀਰਥ ਕਠੋਰ ਤਪੱਸਿਆ ਤੋਂ ਬਾਅਦ ਦੇਵੀ ਗੰਗਾ ਨੂੰ ਧਰਤੀ ਤੇ ਉਤਾਰਨ ‘ਚ ਇਸੇ ਦਿਨ ਸਫਲ ਹੋਏ ਸਨ, ਇਸ ਲਈ ਇਸ ਦਿਨ ਲੋਕ ਰਵਾਇਤੀ ਤੌਰ ‘ਤੇ ਗੰਗਾ ਇਸ਼ਨਾਨ ਕਰਨ ਨੂੰ ਵੀ ਪਵਿੱਤਰ ਮੰਨਦੇ ਹਨ ਤੇ ਦੇਵੀ ਗੰਗਾ ਦੀ ਉਸਤਤ ਕਰਦੇ ਹਨ, ਗੰਗਾ ਚਾਲੀਸਾ ਦਾ ਪਾਠ ਕਰਦੇ ਹਨ। ਹਰਿਦੁਆਰ, ਬਨਾਰਸ, ਪ੍ਰਯਾਗ ਆਦਿ ਧਾਰਮਿਕ ਸਥਾਨਾਂ ਤੇ ਗੰਗਾ ਆਰਤੀ ‘ਚ ਸ਼ਾਮਲ ਹੁੰਦੇ ਹਨ ਤੇ ਗੰਗਾ ਮਈਆ ਦੀ ਪੁਜਾ ਕਰਦੇ ਹਨ।

ਹੋਰ ਸੂਬਿਆਂ ਅਤੇ ਹੋਰ ਧਰਮਾਂ ‘ਚ ਵੀ ਵਿਸਾਖੀ ਦੇ ਤਿਉਹਾਰ ਦਾ ਆਪਣਾ ਮਹੱਤਵ ਹੈ। ਅੱਜ ਤੋਂ ਲੱਗਭਗ ਦੋ ਹਜ਼ਾਰ ਸਾਲ ਪਹਿਲਾਂ ਵਿਸਾਖੀ ਦੇ ਦਿਨ ਹੀ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤੀ ਤੋਂ ਬਾਅਦ ਬੌਧਤਵ ਪ੍ਰਾਪਤ ਹੋਇਆ ਸੀ ਅਤੇ ਬੰਧ ਸੰਘਦੀ ਸਥਾਪਨਾ ਕੀਤੀ ਗਈ ਸੀ। ਇਸ ਲਈ ਬੌਧ ਧਰਮੀ ਵਿਸਾਖੀ ਨੂੰ ਇਕ ਵਿਸ਼ੇਸ਼ ਦਿਨ ਮੰਨਦੇ ਹਨ। ਬੰਗਾਲੀ ਅਤੇ ਕਸ਼ਮੀਰੀ ਭਾਈਚਾਰੇ ਵਿਸਾਖੀ ਵਾਲੇ ਦਿਨ ਤੋਂ ਹੀ ਆਪਣੇ ਨਵੇਂ ਸਾਲ ਦਾ ਸ਼ੁਭ ਆਰੰਭ ਕਰਦੇ ਹਨ। ਦੱਖਣੀ ਭਾਰਤ ਦੇ ਕੇਰਲ ਚ ਵੀ ਇਹ ਤਿਉਹਾਰ ਵਿਸ਼ੂ ਨਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਨਵੇਂ-ਨਵੇਂ ਕੱਪੜੇ ਖਰੀਦਦੇ ਹਨ, ਆਤਿਸ਼ਬਾਜ਼ੀ ਹੁੰਦੀ ਹੈ ਅਤੇ ਵਿਕਾਨਾਂ ਸਜਾਈ ਜਾਂਦੀ ਹੈ। ਇਸ ਵਿਚ ਫੁੱਲ, ਫਲ ਅਨਾਜ,ਕੱਪੜੇ, ਸੋਨਾ ਆਦਿ ਸਜਾ ਕੇ ਸਵੇਰੇ ਉੱਠ ਕੇ ਇਸ ਦੇ ਦਰਸ਼ਨ ਕਰਦੇ ਹਨ ਅਤੇ ਸੁੱਖ ਸਮਰਿੱਧੀ ਦੀ ਕਾਮਨਾ ਕਰਦੇ ਹਨ ।

ਇਹ ਤਿਉਹਾਰ ਸਦੀਆਂ ਸਦੀਆਂ ਤੱਕ ਇਸੇ ਤਰਾਂ ਹੱਸਦੇ ਗਾਉਂਦੇ ਭੰਗੜਾ ਪਾਉਂਦੇ ਮਨਾਇਆ ਜਾਵੇਂਗਾ ।

ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )

Previous articleਕਦ ਮੁੜਕੇ ਆਉਣਗੇ ਉਹ ਦਿਨ
Next articleਐਨ. ਆਰ. ਆਈ ਨੇ ਵਿਦਿਆਰਥੀਆਂ ਲਈ ਦਿੱਤੀ ਸ਼ਟੇਸ਼ਨਰੀ, ਮਾਸਕ ਤੇ ਸੈਨੇਟਾਈਜ਼ਰ