(ਸਮਾਜ ਵੀਕਲੀ)
ਵੱਖ-ਵੱਖ ਰੰਗਾਂ,ਭਾਵਨਾਵਾਂ, ਇੱਛਾਵਾਂ,ਤਜ਼ਰਬਿਆਂ ਅਤੇ ਸ਼ਬਦ-ਚਿੱਤਰਾਂ ਨਾਲ ਸ਼ਿੰਗਾਰਿਆ ਇੱਕ ਸਾਂਝਾ ਕਾਵਿ ਸੰਗ੍ਰਹਿ ਹੈ ‘ਰੰਗਰੇਜ਼’ ,ਇਸ ਵਿਚ ਬਾਰਾਂ ਵੱਖ-ਵੱਖ ਪਰਿਵਾਰਿਕ,ਸਮਾਜਿਕ ਅਤੇ ਆਰਥਿਕ ਪਿਛੋਕੜ ਵਾਲੀਆਂ ਕਵਿੱਤਰੀਆਂ ਦੀਆਂ ਕਵਿਤਾਵਾਂ ਦਰਜ ਹਨ। ਬਹੁਰੰਗੀ ਇਸ ਕਿਤਾਬ ਵਿਚ ਸਾਨੂੰ ਕਵਿਤਾ ਦਾ ਲਗਭੱਗ ਹਰੇਕ ਰੂਪ ਪੜ੍ਹਨ ਨੂੰ ਮਿਲਦਾ ਹੈ। ਜਿਵੇਂ ਕਿ ਖੁੱਲ੍ਹੀ ਕਵਿਤਾ, ਲਘੂ ਕਵਿਤਾਵਾਂ,ਗੀਤ, ਗ਼ਜ਼ਲ,ਛੰਦਬੰਦ ਕਵਿਤਾ ਅਤੇ ਹਾਇਕੂ ਆਦਿ ਸਭ ਇਸ ਵਿਚ ਸ਼ਾਮਿਲ ਹਨ।
ਕਿਤਾਬ ‘ਚ ਮਨੁੱਖੀ-ਮਨ ਦੀਆਂ ਉਲਝਣਾਂ,ਵਲਗਣਾਂ, ਸੁਪਨੇ, ਅਧੁਨਿਕ ਸਮਾਜ ਵਿੱਚ ਮਨੁੱਖ ਦੀ ਸਥਿਤੀ ਆਦਿ ਬਾਰੇ ਮਹੱਤਵਪੂਰਨ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਇਸ ਵਿੱਚ ਸਮਾਜਿਕ ਬੁਰਾਈਆਂ ਨੂੰ ਵੀ ਫਿਟਕਾਰ ਤੇ ਵੰਗਾਰ ਪਾਈ ਗਈ ਅਤੇ ਆਪਣੇ ਮਨ ਦੀਆਂ ਵਲਗਣਾਂ ਦਾ ਦਰਦ ਵੀ ਕਵਿੱਤਰੀਆਂ ਨੇ ਸ਼ਬਦਾਂ ਦੀ ਖ਼ੂਬਸੂਰਤੀ ਨਾਲ ਖ਼ੂਬ ਚਿਤਰਿਆ। ਇਸ ਵਿਚ ਅੰਜਨਾ ਮੈਨਨ, ਡਾ.ਸਤਿੰਦਰਜੀਤ ਕੌਰ ਬੁੱਟਰ, ਸੰਦੀਪ ਕੌਰ ਚੀਮਾ, ਡਾ. ਸਨੋਬਰ ਚਿੱਬ, ਸਵਰਨ ਕਵਿਤਾ , ਹਰਸ਼ ਮੇਹਰ, ਕਮਲ ਗੀਤ ਸਰਹਿੰਦ, ਕਿਰਨ ਪਾਹਵਾ, ਜੱਸੀ ਚਾਨੀ, ਡਾ.ਨੀਨਾ ਸੈਣੀ, ਭਿੰਦਰ ਚਹਿਲ, ਰਮਿੰਦਰ ਰਮੀ ਵਾਲੀਆ ਆਦਿ ਨਾਰੀ-ਲੇਖਿਕਾਵਾਂ ਦੀਆਂ ਕਵਿਤਾਵਾਂ ਦਰਜ਼ ਹਨ।ਇਸ ਕਿਤਾਬ ਦਾ ਅਰੰਭ ਅੰਜਨਾ ਮੈਨਨ ਦੀ ਕਵਿਤਾ ‘ਮਾਏ ਨੀ!ਚੇਤਰ ਚਡ਼੍ਹਿਆ’ ਤੋਂ ਹੁੰਦਾ ਹੈ।
ਇਸ’ਚ ਉਹ ਵੈਰਾਗ ਦੀਆਂ ਤੰਦਾਂ ਨੂੰ ਛੇੜਦੀ ਹੈਅਤੇ ਕਵਿਤਾ ” ਕਰਮਭੂਮੀ” ਚ ਉਹ ਰਸੋਈ ਨੂੰ ਅੌਰਤਾਂ ਦੀ ਕਰਮਭੂਮੀ ਅਤੇ ਕਬਰਗਾਹ ਦੋਵਾਂ ਰੂਪਾਂ ਚ ਬਿਆਨਦੀ ਨਵਾਂ ਚਿੰਤਨ ਪੇਸ਼ ਕਰਦੀ ਹੈ। ਡਾ. ਸਤਿੰਦਰਜੀਤ ਕੌਰ ਬੁੱਟਰ ਨੇ ਹਾਇਕੂ, ਗ਼ਜ਼ਲ ਅਤੇ ਖੁੱਲ੍ਹੀ ਕਵਿਤਾ ਦੀ ਵਿਧਾ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਨੇ ਸਿਰਫ਼ ਔਰਤ ਦੀ ਮਨੋਦਸ਼ਾ ਦੇ ਨਾਲ ਮਰਦ ਦੀ ਮਨੋਦਸ਼ਾ ਨੂੰ ਵੀ ‘ਤਲਾਸ਼’ ਕਵਿਤਾ ਦੇ ‘ਚ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਦੀਪ ਕੌਰ ਚੀਮਾ ਆਪਣੀਆਂ ਕਵਿਤਾਵਾਂ ਰਾਹੀਂ ਰੂਹਾਨੀਅਤ ਦਾ ਸੁਨੇਹਾ ਦਿੰਦੇ ਹਨ। ਉਹਨਾਂ ਦੀਆਂ ਭਾਵਨਾਵਾਂ ਵਿੱਚ ਸੂਫ਼ੀਆਨਾ ਰੰਗ ਹੈ। ”
ਡਾ.ਸਨੋਬਰ ਚਿੱਬ ਨੇ ਆਪਣੀ ਕਵਿਤਾ ‘ਕਸ਼ਮੀਰ’ ‘ਚ ਕਸ਼ਮੀਰ ਦੀਆਂ ਵਾਦੀਆਂ ਨੂੰ ਐਨੇ ਖ਼ੂਬਸੂਰਤ ਢੰਗ ਨਾਲ ਬਿਆਨਿਆ ਕਿ ਅਸੀਂ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਵਾਦੀਆਂ ਦੀ ਸੈਰ ਤੇ ਤੁਰ ਪੈਂਦੇ ਹਾਂ, ਉਹਨਾਂ ਦੇ ਲਫ਼ਜ਼ ਪਾਠਕਾਂ ਦੀ ਰੂਹ ਨੂੰ ਸ਼ਾਂਤੀ ਦਿੰਦੇ ਹਨ । ਸਵਰਨ ਕਵਿਤਾ ਤਾਂ ਕਵਿਤਾ ਲਿਖਦੇ- ਲਿਖਦੇ ਖ਼ੁਦ ਕਵਿਤਾ ਹੋ ਜਾਣਾ ਲੋਚਦੀ ਹੈ। ਆਪਣੀ ਕਵਿਤਾ ‘ਦਸਤਖ਼ਤ’ ਵਿੱਚ ਅਲਫ਼ਾਜ਼ਾਂ ਨੂੰ ਆਪਣੇ ਹਮਰਾਜ਼ ਕਹਿੰਦੀ ਹੈ। ਉਹਨਾਂ ਦੀ ਕਵਿਤਾ ਵਿੱਚ ਜਿੱਥੇ ਵੈਰਾਗ ਹੈ,ਮਨ ਦੀ ਪੀੜਾ ਹੈ, ਉੱਥੇ ਜ਼ਿੰਦਗੀ ਲਈ ਉਮੰਗ ਵੀ ਹੈ।
ਹਰਸ਼ ਮੇਹਰ ਦੀ ਕਵਿਤਾ ਮੁਹੱਬਤ ਚ ਇੱਕਮਿੱਕ ਹੋਣ ਜਿਹਾ ਅਹਿਸਾਸ ਹੈ। ਉਹ ਆਪਣੀ ਕਵਿਤਾ ‘ਮੋਗਰੇ ਦੇ ਫੁੱਲਾਂ ਜਿਹਾ’ ਵਿੱਚ ਆਪਣੇ ਪ੍ਰੀਤਮ ਨੂੰ ਚੰਨ ਦੀਆਂ ਰਿਸ਼ਮਾਂ ਦੇ ਨਾਲ ਮੇਲ ਕੇ ਬਿਆਨ ਕਰਦੀ ਹੈ ਕਮਲ ਗੀਤ ਸਰਹਿੰਦ ਨੇ ਕਵਿਤਾ “ਉਹ ਤਕਲੀਫ਼ ਵਿੱਚ ਹੈ”ਚ ਨਾਰੀ ਮਨ ਦੀਆਂ ਸੰਵੇਦਨਾਵਾਂ ਦਾ ਸਿਖ਼ਰ ਪੇਸ਼ ਕੀਤਾ ਹੈ। ਕਿਰਨ ਪਾਹਵਾ ਕਵਿੱਤਰੀ ਅਤੇ ਸੰਪਾਦਕਾ ਦੇ ਖ਼ਿਆਲਾਂ ਦੀ ਗਹਿਰਾਈ ਬੜੀ ਡੂੰਘੀ ਹੈ। ਉਸ ਦੇ ਖ਼ਿਆਲਾਂ ਦੀਆਂ ਕਿਰਨਾਂ ਪਾਠਕਾਂ ਨੂੰ ਪੋਹ ਦੀ ਧੁੱਪ ਜਿਹਾ ਮਿੱਠਾ-ਮਿੱਠਾ ਨਿੱਘ ਦਿੰਦੀਆਂ ਹਨ।
ਜੱਸੀ ਚਾਨੀ ਜੀ ਦੀ ਕਵਿਤਾ ਆਤਮਾ ਦੀ ਆਪਣੇ ਪ੍ਰੀਤਮ ਨਾਲ ਇਕਮਿਕਤਾ ਦੀ ਹਾਮੀ ਭਰਦੀ ਹੈ।ਉਨ੍ਹਾਂ ਦੀ ਸ਼ੁਰੂਆਤ ਹੀ “ਸਾਂਈਆਂ ਵੇ” ਦੇ ਨਾਮ ਕਵਿਤਾ ਤੋਂ ਹੁੰਦੀ ਹੈ। ਕਵਿੱਤਰੀ ਭਿੰਦਰ ਚਹਿਲ ਨੇ ਆਪਣੀ ਕਵਿਤਾ “ਵਿਹੜਾ ਮਹਿਕਾ ਚੱਲੀਏ”ਦੇ ਵਿੱਚ ਬਚਪਨ ਦੀਆਂ ਯਾਦਾਂ ਦੀ ਮਹਿਕ ਬਿਖੇਰਦੀ ਹੈ। ਉਸਦੀ ਕਵਿਤਾ ,” ਔਰਤ ਮਾਂ,ਧੀ,ਭੈਣ, ਪਤਨੀ” ਚ ਉਹ ਪਰਾਏਪਣ ਦਾ ਦਰਦ ਮਹਿਸੂਸ ਕਰਦੀ ਹੈ। ਰਮਿੰਦਰ ਰਮੀ ਵਾਲੀਆ ਦੀ ਕਵਿਤਾ ਰੂਹਾਨੀਅਤ ਦੀ ਛੋਹ ਨਾਲ ਲਬਰੇਜ਼ ਹੈ। ਉਹ ਆਪਣੀਆਂ ਕਵਿਤਾਵਾਂ ‘ਚ ਜ਼ਿਆਦਾਤਰ ਕਿਸੇ ਦੀ ਖੋਜ਼ ਵਿੱਚ ਹੈ। ਉਹ ਖੋਜ਼ ਉਸਦੇ ਆਪਣੇ ਅੰਤਰ ਮਨ ਦੀ ਹੈ ਜਾਂ ਜ਼ੱਰੇ ਜ਼ੱਰੇ ਵਿਚ ਵੱਸਦੇ ਰੱਬ ਦੀ ਹੈ।
ਡਾ.ਨੀਨਾ ਸੈਣੀ ਦੀ ਕਵਿਤਾ ਜ਼ਿੰਦਗੀ ਦੇ ਧੁਰੇ ਦੁਆਲੇ ਘੁੰਮਦੀ ਹੈ। ਸਾਰੀਆਂ ਕਵਿਤਾਵਾਂ ਜ਼ਿੰਦਗੀ-ਮੁਖੀ ਹਨ। ਜੀਵਨ ਦੁਆਲੇ ਪਰਿਕਰਮਾ ਕਰਦੀ ਹੈ। ਜ਼ਿੰਦਗੀ ਜਿਉਣ ਲਈ ਉਹ ਖ਼ੁਦ ਵੀ ਧੁਰ ਅੰਦਰੋਂ ਤੋਂ ਉਤਸਕ ਅਤੇ ਉਤਸ਼ਾਹਿਤ ਹੈ। “ਰੰਗਰੇਜ਼” ਦੇ ਸੰਪਾਦਕਾ ਕਿਰਨ ਪਾਹਵਾ ਜੀ ਆਪਣੇ ਇਸ ਖਾਸ ਉਪਰਾਲੇ ਲਈ ਵਧਾਈ ਦੇ ਹੱਕਦਾਰ ਹਨ। ਇਹ ਸਾਰੀਆਂ ਹੀ ਸੰਵੇਦਨਸ਼ੀਲ ਕਵਿੱਤਰੀਆਂ ਸਮੁੱਚੇ ਆਲਮ ਲਈ ਸਕਾਰਾਤਮਕ ਅਤੇ ਨਰੋਏ ਸੁਨੇਹਿਆਂ ਨਾਲ ਭਰੀਆਂ ਰਹਿਣ। ਇਹ ਕਲਮਾਂ ਹਮੇਸ਼ਾ ਜ਼ਿੰਦਗੀ ਦੇ ਖੇੜਿਆਂ ਦੀ ਤਰਜ਼ਮਾਨੀ ਕਰਦੀਆਂ ਪੰਜਾਬੀ ਸਾਹਿਤ ਜਗਤ ਵਿੱਚ ਆਪਣੀਆਂ ਸਿਰਜਣ ਪੈੜਾਂ ਪਾਉਂਦੀਆਂ ਰਹਿਣ। ਇਹ ਕਿਤਾਬ ਪ੍ਰੀਤ ਪਬਲੀਕੇਸ਼ਨ ਨਾਭਾ ਤੋਂ ਪ੍ਰਕਾਸ਼ਿਤ ਹੋਈ ਹੈ, ਇਸ ਦੇ ਪੰਨੇ 135 ਤੇ ਕੀਮਤ 200 ਹੈ।
ਆਮੀਨ!
ਗੁਲਾਫਸਾ ਬੇਗਮ
ਸੁਨਾਮ (ਸੰਗਰੂਰ )
9814826006