ਸਮਾਜ ਦਾ ਦੁਸ਼ਮਣ ਸਿਸਟਮ ਜਾਂ ਕੋਰੋਨਾ

ਬਲਜਿੰਦਰ ਸਿੰਘ "ਬਾਲੀ ਰੇਤਗੜ੍ਹ"
(ਸਮਾਜ ਵੀਕਲੀ)

ਪ੍ਰਕ੍ਰਿਤੀ ਵਿੱਚ ਜੋ ਵੀ ਕੁਦਰਤੀ ਤੌਰ ਤੇ ਉਪਜਿਆ ਹੈ ਉਹ ਕੋਈ ਨਵੀਂ ਸ਼ੈਅ ਨਹੀਂ। ਆਦਿ -ਕਾਲ ਤੋਂ ਹੀ ਪ੍ਰਕ੍ਰਿਤੀ ਵਿੱਚ ਹਰ ਸ਼ੈਅ ਵਿਚਰਦੀ ਆ ਰਹੀ ਹੈ। ਕੋਬਰੇ ਜਿਹੇ ਜਹਿਰੀਲ਼ੇ ਜੀਵ ਜੰਤੂ ਵੀ ਸਾਡੀ ਪ੍ਰਕ੍ਰਿਤੀ ਤੇ ਸਾਡੇ ਜੀਵਨ ਦਾ ਹਿੱਸਾ ਰਹੇ ਹਨ ਅਤੇ ਮਹਿਕਦੇ ਫੁੱਲ ਵੀ। ਸ਼ਹਿਦ ਦੀਆਂ ਜ਼ਹਿਰੀਲੇ ਡੰਗ ਵਾਲੀਆਂ ਮੱਖੀਆਂ ਦੇ ਮੁੱਖ ਰਾਹੀਂ ਸ਼ਹਿਦ ਦਾ ਬਣਨਾ ਅਜੂਬਾ ਹੀ ਤਾਂ ਹੈ।

ਮਨੁੱਖੀ ਸਰੀਰ ਅੰਦਰ ਅਣਗਿਣਤ ਬੈਕਟੀਰੀਆ ਅਤੇ ਅਣਗਿਣਤ ਵਾਇਰਸ ਮਨੁੱਖੀ ਸਰੀਰ ਦਾ ਅਹਿਮ ਹਿੱਸਾ ਹਨ। ਸਰੀਰ ਦਾ ਸੰਤੁਲਨ ਕੁਦਰਤੀ ਤੌਰ ਤੇ ਸਿਰਜਣਹਾਰ ਨੇ ਸਿਰਜਣਾ ਸਮੇਂ ਤੋਂ ਹੀ ਬਣਾਇਆ ਹੋਇਆ ਹੈ। ਵਾਇਰਸਾਂ ਕਾਰਣ ਸਰੀਰ ਦਾ ਕੁਦਰਤੀ ਵਾਤਾਵਰਣ ਵਿੱਚ ਤੋਲ-ਸਮਤੋਲ ਆਪਣੇ ਆਪ ਸੁਭਾਵਿਕ ਹੁੰਦਾ ਰਹਿੰਦਾ ਹੈ। ਰੁੱਤਾਂ ਦਾ ਬਦਲਣਾ, ਮੌਸਮ ਦਾ ਬਦਲਣਾ ਅਤੇ ਅਚਾਨਕ ਇਕੋ ਦਮ ਤਾਪਮਾਨ ਦਾ ਬਦਲਣਾ ਮਨੁੱਖੀ ਸਰੀਰ ਤਾਂ ਕੀ ਹਰ ਜੀਵ ਤੇ ਆਪਣਾ ਪ੍ਰਭਾਵ ਛੱਡਦਾ ਹੈ।

ਵਾਇਰਸ ਜਾਂ ਬੈਕਟੀਰੀਆ ਕੋਈ ਸਾਡੇ ਦੁਸ਼ਮਣ ਨਹੀਂ। ਇਹਨਾਂ ਵਾਇਰਸਾਂ ਨੂੰ ਸਾਇੰਸ ਨੇ ਆਪਣੇ ਨਵੀਨ ਸੂਖਮ ਦਰਸ਼ੀ ਉਪਕਰਨਾ ਨਾਲ਼ ਦੇਖ-ਪਰਖ਼ ਕੇ ਨਾਵਾਂ ਦੇ ਨਾਲ਼ ਪਹਿਚਾਣ ਦੇ ਕੇ ਜਗਤ ਵਿੱਚ ਸਿਰਫ਼ ਪਹਿਚਾਣ-ਪੱਤਰ ਜਾਰੀ ਕਰ ਦਿੱਤਾ ਹੈ। ਇਸ ਨਾਲ਼ ਸਬੰਧਤ ਇਲਾਜ ਸਮੱਗਰੀ ਤੇ ਟੈਸਟ ਸਮੱਗਰੀ ਬਾਜ਼ਾਰ ਵਿੱਚ ਲਿਆ ਕੇ ਆਪਣੇ ਧੰਦੇ ਬਣਾ ਲਏ ਹਨ। ਬਾਜ਼ਾਰ ਵਿੱਚ ਹਊਆ ਖੜ੍ਹਾ ਕਰ ਕੇ ਮੁਨਾਫ਼ੇ ਲਈ ਮਨੁੱਖੀ ਸੋਚ ਨੂੰ ਗੁੰਮਰਾਹ ਕਰਨਾ ਸਾਮਰਾਜਵਾਦ ਦਾ ਮੁੱਖ-ਮੰਤਵ ਹੈ।

ਇਹਨਾਂ ਵਾਇਰਸਾਂ ਦਾ ਇਲਾਜ ਤੇ ਪਹਿਚਾਣ ਤਾਂ ਲੋਕਾਂ ਤੇ ਸ਼ਾਸਨ ਕਰਨ ਵਾਲੀਆਂ ਸਰਕਾਰਾਂ ਆਪਣੀ ਹਰ ਤਰ੍ਹਾਂ ਦੀ ਸ਼ਕਤੀ ਵਰਤ ਕੇ ਕਰ ਸਕਦੀਆਂ ਹਨ। ਇਹਨਾਂ ਵਾਇਰਸਾਂ ਨੂੰ ਮਨੁੱਖੀ ਸਮਾਜ ਲਈ ਜਾਨ-ਲੇਵਾ ਜਾਂ ਘਾਤਿਕ ਸਿੱਧ ਕਰ ਸਕਦੀਆਂ ਹਨ। ਅਫ਼ਸੋਸ ਇਹ ਸਰਕਾਰਾਂ ਸਮਾਜ ਵਿੱਚ ਦਿਨੋ-ਦਿਨ ਪਲ਼ ਰਹੇ ਦੁਸ਼ਟ, ਭ੍ਰਿਸ਼ਟਾਚਾਰੀ, ਜਮਾਂਖ਼ੋਰੀ, ਬਲੈਕੀਏ, ਨਸ਼ੇ ਦੇ ਸਮੱਗਲਰ, ਸਰਕਾਰੀ ਤੰਤਰ ਅੰਦਰ ਹੀ ਰਿਸ਼ਵਤਖ਼ੋਰੀ, ਸਰਕਾਰੀ ਸ਼ਕਤੀ ਤੇ ਅਹੁਦੇ ਦੀ ਦੁਰਵਰਤੋਂ ਕਰਨ ਵਾਲੇ, ਅਰਬਾਂ-ਖਰਬਾਂ ਦਾ ਘੁਟਾਲਾ ਕਰਨ ਵਾਲੇ,ਵਰਦੀਧਾਰੀ ਗੁੰਡੇ ਅਤੇ ਦੇਸ਼ ਦੇ ਸੰਵਿਧਾਨ ਨਾਲ਼ ਧ੍ਰੋਹ ਕਰਨ ਵਾਲੇ ਫ੍ਰਿਕਾਪ੍ਰਸਤੀ ਸਿਆਸੀ ਨੇਤਾਵਾਂ ਵਾਲੇ ਘਨੌਣੇ ਵਾਇਰਸਾਂ ਲਈ ਕੀ ਇਲਾਜ ਕਰ ਰਹੀ ਹੈ।

ਇਹ ਜਿਹੇ ਵਾਇਰਸ ਤਾਂ ਕੋਰੋਨਾ ਜਿਹੇ ਵਾਇਰਸਾਂ ਤੋਂ ਕਿਤੇ ਭਿਆਨਕ ਹਨ।ਇਹ ਸਮਾਜ ਤੇ ਪ੍ਰਕ੍ਰਿਤੀ ਦੇ ਦੁਸ਼ਟ-ਦੁਸ਼ਮਣ ਹਨ। ਮਜ੍ਹਬ ਦੇ ਨਾਂਅ ਤੇ ਨਿੱੱਤ ਦਿਨ ਗੁੰਮਰਾਹ ਕਰਨ ਵਾਲੇ, ਘੱਟ ਫ਼ਿਰਕੇ ਦੇ ਲੋਕਾਂ ਦੀ ਨਸਲਕੁਸ਼ੀ ਕਰਨ ਵਾਲੇ ਵਾਇਰਸਾਂ ਦਾ ਕਿਹੜਾ ਇਲਾਜ ਲੱਭਿਆ ਹੈ ? ਹੁਣ ਸਮੇੰ ਦੀ ਜਰੂਰਤ ਹੈ ਕਿ  ਮਨੁੱਖੀ ਸਮਾਜ ਅਤੇ ਪ੍ਰਕ੍ਰਿਤੀ ਨੂੰ ਸਹਿਜ ਅਵੱਸਥਾ ਵਿੱਚ ਜਿੳੂਣ ਲਈ ਇਹੋ ਜਿਹੇ ਵਾਇਰਸਾਂ ਲਈ ਵੈਕਸੀਨ ਦੀ ਵਰਤੋਂ ਇਕ ਵੱਡੇ ਪ੍ਰੋਗਰਾਮ ਰਾਹੀਂ ਲਾ ਕੇ ਕੰਟਰੋਲ ਕੀਤਾ ਜਾਵੇ।ਇਹ ਸਿਰਫ਼ ਸਰਕਾਰੀ ਤੰਤਰ ਤੇ ਨਾ ਛੱਡ ਕੇ ਲੋਕਾਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਪਵੇਗੀ ਅਤੇ ਗੋਦੀ ਮੀਡੀਆ ਗੋਦੀ ਚੋਂ ਉਤਰ ਕੇ ਆਪਣਾ ਅਹਿਮ ਰੋਲ ਅਦਾ ਕਰ ਸਕਦਾ ਹੈ।

ਨਸ਼ੇ ਦੇ ਤਸਕਰਾਂ ਤੋਂ ਭਿਆਨਕ ਮਨੁੱਖੀ ਸਮਾਜ.ਲਈ ਕੋਈ ਵਾਇਰਸ ਨਹੀਂ। ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਨੂੰ ਇਹ ਵਾਇਰਸ ਆਪਣਾ ਸ਼ਿਕਾਰ ਬਣਾ ਕੇ ਸ਼ਿਕਰਿਆਂ ਦੀ ਤਰ੍ਹਾਂ ਨੋਚਦਾ ਹੈ। ਆਪਣੇ ਧੰਦੇ ਦੀ ਚੇਨ ਦੀ ਅੜੀ ਬਣਾ ਕੇ ਆਪਣੇ ਪਹੀਏ ਨੂੰ ਚਾਲੂ ਰੱਖਦਾ ਹੈ। ਉਹਨਾਂ ਦੀ ਜ਼ਿੰਦਗ਼ੀ ਤਬਾਹ.ਕਰਕੇ ਆਪ ਵੱੱਧਦਾ ਫੁੱਲਦਾ ਤੇ ਆਪਣੇ ਪੈਰ ਪਸਾਰਦਾ ਹੈ। ਸਰਕਾਰੀ ਮਸ਼ੀਨਰੀ ਨੂੰ ਨੋਟਾਂ ਦੇ ਬਲ ਤੇ ਖਰੀਦ ਕੇ ਆਪਣੀ ਰਖ਼ੈਲ਼ ਬਣਾ ਕੇ ਵਰਤਦਾ ਹੈ। ਤਖ਼ਤਾਂ ਤੇ ਕਾਬਿਜ਼ ਇਹਨਾਂ ਸਮਾਜਿਕ ਦੁਸ਼ਮਣਾਂ ਦੇ ਸਿਰ ਛਤਰ ਝੁਲਾਉਂਦੇ ਹਨ।

ਸ਼ਰਾਬ ਜੋ ਅਮੀਰ ਵਰਗ ਦੀ ਐਸ਼-ਪ੍ਰਸਤੀ ਦਾ ਇਕ ਸਾਧਨ ਹੈ। ਆਪਣੀਆਂ ਵਿਉਪਾਰਿਕ ਮਹਿਫ਼ਲ਼ਾ ਦੀ ਰੰਗੀਨੀਆਂ ਲਈ ਇਕ ਜ਼ਰੂਰਤ ਹੈ। ਇਸ ਨੂੰ ਸਸਤੀ ਨਸ਼ਿਆਂ ਦੀ ਦਲਦਲ ਬਣਾ ਦਿੱਤਾ ਗਿਆ ਹੈ। ਕੈਮੀਕਲ ਜ਼ਹਿਰਾਂ ਨਸ਼ਿਆਂ ਵਿੱਚ ਮਿਲਾ ਕੇ ਲੋਕਾਂ ਨੂੰ ਆਦੀ ਬਣਾ ਦਿੱਤਾ ਜਾਂਦਾ ਹੈ। ਸੈਂਕੜੇ ਚਿਤਾਵਾਂ ਇਕ ਸਮੇਂ ਹੀ ਬਲਦੀਆਂ ਨਜ਼ਰ ਆਉਂਦੀਆਂ ਹਨ। ਗ਼ੈਰ ਜ਼ਿੰਮੇਵਾਰੀ ਅਤੇ ਗ਼ੈਰ-ਇਖ਼ਲਾਕੀ ਸਾਡੇ ਤੰਤਰ ਦੇ ਖੂਨ ‘ਚ ਰਚ ਗਈ ਹੈ।

ਸਾਡੇ ਸਮਾਜ ਦੇ ਇਹ ਵਾਇਰਸ ਮਨੁੱਖੀ ਜ਼ਿੰਦਗ਼ੀ ਨੂੰ ਤਬਾਹ ਕਰਨ ਤੇ ਤੁਲੇ ਹਨ। ਇਹਨਾਂ ਦਾ ਇਲਾਜ,  ਇਨਾਂ ਦਾ ਹੱਲ ਸਭ ਤੋਂ.ਪਹਿਲਾਂ ਹੋਣਾ ਜਰੂਰੀ ਹੈ।

ਬਲਜਿੰਦਰ ਸਿੰਘ “ਬਾਲੀ ਰੇਤਗੜ੍ਹ”
        70876-29168
Previous articleਗ਼ਜ਼ਲ
Next articleਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਸਾਹਿਤਕ ਸੱਥ ਮੈਲਬੌਰਨ ਦਾ ਗਠਨ ਹੋਇਆ