ਜਲੰਧਰ – (ਸਟਾਫ਼ ਰਿਪੋਰਟਰ ) – ਆਪਣੀਆਂ ਕਹਾਣੀਆਂ ਰਾਹੀਂ ਦਲਿਤਾਂ-ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਨਾਮੀ ਪੰਜਾਬੀ ਦਲਿਤ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਸ੍ਰੀ ਪ੍ਰੇਮ ਗੋਰਖੀ ਦਾ ਅੱਜ ਦੁਪਹਿਰ ਦੇਹਾਂਤ ਹੋ ਗਿਆ। ਉਹ ਪੰਜਾਬੀ ਟ੍ਰਿਬਿਊਨ ਤੋਂ ਰਿਟਾਇਰ ਹੋਏ ਸਨ। ਅੱਜ ਦੁਪਹਿਰ ਉਨ੍ਹਾਂ ਨੂੰ ਸਾਹ ਦੀ ਤਕਲੀਫ ਹੋਣ ਕਾਰਨ ਸੈਕਟਰ 32 ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਆਖਰੀ ਸਾਹ ਲਿਆ। ਉਹ ਜ਼ੀਰਕਪੁਰ (ਜ਼ਿਲ੍ਹਾ ਮੁਹਾਲੀ) ਰਹਿੰਦੇ ਸਨ ਅਤੇ ਮੂਲ ਰੂਪ ਵਿਚ ਜਲੰਧਰ ਤੋਂ ਸਨ।
ਓਹਨਾਂ ਦਾ ਜਨਮ 15 ਜੂਨ 1947 ਨੂੰ ਮਾਤਾ ਸ਼੍ਰੀਮਤੀ ਰੱਖੀ ਦੇਵੀ ਜੀ ਦੀ ਕੁੱਖੋਂ ਪਿਤਾ ਸ਼੍ਰੀ ਅਰਜਨ ਦੇਵ ਜੀ ਦੇ ਗ੍ਰਹਿ ਵਿਖ਼ੇ ਹੋਇਆ, ਓਹਨਾਂ ਨੇ ਆਪਣੀ ਕਲਮ ਤੋਂ ‘ਮਿੱਟੀ ਰੰਗੇ ਲੋਕ’, ‘ਜੀਣ ਮਰਨ’, ‘ਅਰਜਨ ਸਫੈਦੀ ਵਾਲਾ’, ‘ਧਰਤੀ ਪੁੱਤਰ’, ‘ਇੱਕ ਗੈਰ ਹਾਜ਼ਰ ਆਦਮੀ’, ਜਨਰੇਸ਼ਨ ਗੈਪ'(ਕਹਾਣੀ ਸੰਗ੍ਰਹਿ) ‘ਤਿੱਤਰ ਖ਼ਭੀ ਜੂਹ’, ‘ਬੁੱਢੀ ਰਾਤ ਤੇ ਸੂਰਜ’, ‘ਵਣ ਵੇਲਾ ‘ (ਨਵਲੈਟ ਸੰਗ੍ਰਹਿ) ਤੋਂ ਇਲਾਵਾ ‘ ਕਿੱਸਾ ਗੁਲਾਮ’ ਤੇ ‘ਅਜ਼ਾਦੀ ਤੋਂ ਬਾਅਦ ਦੀ ਹਿੰਦੀ ਕਹਾਣੀ’ (ਅਨੁਵਾਦ) ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ l ਦੇਸ਼ ਵਿਦੇਸ਼ ਤੋਂ ਇਲਾਵਾ ਪੰਜਾਬ ਦੀਆਂ ਉੱਚ ਕੋਟੀ ਦੀਆਂ ਸਾਹਤਿਕ ਸਭਾਵਾਂ ਵਲੋਂ ਓਹਨਾਂ ਦਾ ਅਨੇਕਾਂ ਵਾਰ ਸਨਮਾਨ ਕੀਤਾ ਗਿਆ l ਓਹਨਾਂ ਪੰਜਾਬੀ ਟ੍ਰਿਬਿਊਨ, ਅਜੀਤ, ਨਵਾਂ ਜ਼ਮਾਨਾ, ਦੇਸ਼ ਸੇਵਕ, ਜੱਗ ਬਾਣੀ ਤੋਂ ਇਲਾਵਾ ਕਈ ਹੋਰ ਨਿਊਜ਼ ਪੇਪਰਾਂ ਵਿਚ ਕੰਮ ਕੀਤਾ l’ਕੁੰਭ’ ਨਾਮ ਦਾ ਇੱਕ ਮੰਥਲੀ ਮੈਗਜ਼ੀਨ ਵੀ ਓਹਨਾਂ ਵਲੋਂ ਕੱਢਿਆ ਜਾਂਦਾ ਰਿਹਾ l