ਸਬਸਿਡੀ ਤੇ ਮਸ਼ੀਨਰੀ ਲੈ ਕੇ ਪਰਮਜੀਤ ਸਿੰਘ ਕਰ ਰਿਹਾ ਹੈ ਮਿੱਟੀ ਅਤੇ ਵਾਤਾਵਰਨ ਦੀ ਸੰਭਾਲ

ਸਭ ਕੁਝ ਖੇਤੀਬਾਡ਼ੀ ਵਿਭਾਗ ਦੀ ਪ੍ਰੇਰਨਾ ਸਦਕਾ ਹੀ ਸੰਭਵ ਹੋਇਆ-ਪਰਮਜੀਤ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪਰਮਜੀਤ ਸਿੰਘ ਪਿੰਡ ਮਾਣਾ ਤਲਵੰਡੀ ਬਲਾਕ ਨਡਾਲਾ ਜ਼ਿਲ੍ਹਾ ਕਪੂਰਥਲਾ ਦਾ ਅਗਾਂਹ ਵਧੂ ਕਿਸਾਨ ਹੈ ।ਜੋ 65 ਕਿੱਲਿਆਂ ਦੇ ਵਿੱਚ ਖੇਤੀ ਕਰਦਾ ਹੈ ਅਤੇ ਫ਼ਸਲੀ ਚੱਕਰ ਦੇ ਤੌਰ ਤੇ ਕਣਕ ਝੋਨਾ ਅਤੇ ਕਮਾਦ ਬੀਜਦਾ ਹੈ ।ਉਸ ਨੇ ਪਿਛਲੇ ਚਾਰ ਸਾਲਾਂ ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਖੇਤਾਂ ਦੇ ਵਿੱਚ ਹੀ ਦਬਾਉਂਦਾ ਹੈ ।

ਪ੍ਰੈੱਸ ਨਾਲ ਗੱਲਬਾਤ ਕਰ ਕੇ ਉਸ ਨੇ ਦੱਸਿਆ ਕਿ ਇਹ ਸਭ ਕੁਝ ਖੇਤੀਬਾਡ਼ੀ ਵਿਭਾਗ ਦੀ ਪ੍ਰੇਰਨਾ ਸਦਕਾ ਹੀ ਹੈ ਉਸਨੇ ਕਸਟਮਰ ਹਾਇਰਿੰਗ ਸੈਂਟਰ 80 ਪ੍ਰਤੀਸ਼ਤ ਸਬਸਿਡੀ ਤੇ ਲਿਆ ਹੈ ਅਤੇ ਉਸ ਕੋਲ ਦੋ ਕੰਬਾਈਨਾਂ ਤਿੰਨ ਟਰੈਕਟਰ, ਰੋਟਾਵੇਟਰ ,ਮਲਚਰ, ਰਿਵਰਸੀਬਲ ਪਲੋਅ, ਸੁਪਰ ਸੀਡਰ ਹੈਪੀ ਸੀਡਰ ਅਤੇ ਖੇਤੀਬਾੜੀ ਵਿਚ ਵਰਤਣ ਵਾਲਾ ਹਰੇਕ ਸੰਦ ਹੈ ।ਉਸ ਨੇ ਦੱਸਿਆ ਕਿ ਇਸ ਵਾਰ ਸੁਪਰ ਸੀਡਰ ਦੇ ਨਾਲ ਕਣਕ ਦੀ 50 ਕਿੱਲਿਆਂ ਦੀ ਬਿਜਾਈ ਕੀਤੀ ਹੈ ਅਤੇ 15 ਕਿੱਲੇ ਹੈਪੀਸੀਡਰ ਦੇ ਨਾਲ ਬੀਜੇ ਹਨ ।ਉਸ ਦੇ ਦੱਸਣ ਮੁਤਾਬਕ ਉਸ ਨੇ 50 ਕਿੱਲੇ ਕਿਰਾਏ ਦੇ ਉੱਪਰ ਵੀ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਹੈ ।

ਪਰਮਜੀਤ ਸਿੰਘ ਨੇ ਦਸਵੀਂ ਤਕ ਪੜ੍ਹਾਈ ਕੀਤੀ ਹੈ ਅਤੇ ਉਹ ਉਸ ਕੋਲ 7-8 ਪਸ਼ੂ ਵੀ ਹਨ ਜਿਸ ਵਿਚ 4 ਮੱਝਾਂ 3 ਗਾਵਾਂ ਅਤੇ 6 ਬੱਕਰੀਆਂ ਹਨ ।ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਹਰਵਿੰਦਰ ਸਿੰਘ ਹੀ ਖੇਤੀ ਦਾ ਸਾਰਾ ਕੰਮ ਸਾਂਭਦਾ ਹੈ ਅਤੇ ਉਨ੍ਹਾਂ ਨੇ ਇਕ ਵੇਲਣਾ ਵੀ ਲਗਾਇਆ ਹੈ ਜਿਸ ਨੂੰ ਚਲਾਉਣ ਦਾ ਕੰਮ ਹੈ ਜਨਵਰੀ ਦੇ ਮਹੀਨੇ ਵਿੱਚ ਸ਼ੁਰੂ ਕੀਤਾ ਜਾਵੇਗਾ ।

ਪਰਮਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਕਣਕ- ਝੋਨੇ ਦੀ ਖੇਤੀ ਦੇ ਨਾਲ ਨਾਲ ਦੂਸਰੀਆਂ ਤੇਲ ਬੀਜ ਅਤੇ ਹੋਰ ਫ਼ਸਲਾਂ ਜਾਂ ਸਹਾਇਕ ਧੰਦੇ ਵੀ ਅਪਨਾਉਣ ਤਾਂ ਜੋ ਕਿਸਾਨ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ । ਉਨ੍ਹਾਂ ਨੇ ਦੱਸਿਆ ਕਿ ਕਣਕ ਦਾ ਨਾੜ ਜਾਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਦਬਾਉਣ ਦੇ ਨਾਲ ਸਾਡੀਆਂ ਕੈਮੀਕਲ ਦੀਆਂ ਖਾਦਾਂ ਦੇ ਖਰਚੇ ਵੀ ਘੱਟਦੇ ਹਨ ।ਇਸ ਮੌਕੇ ਖੇਤੀਬਾੜੀ ਵਿਭਾਗ ਨਡਾਲਾ ਦੇ ਖੇਤੀਬਾੜੀ ਅਫਸਰ ਗੁਰਦੀਪ ਸਿੰਘ, ਖੇਤੀਬਾੜੀ ਸੂਚਨਾ ਅਫਸਰ ਸੁਖਦੇਵ ਸਿੰਘ, ਇੰਜਨੀਅਰਿੰਗ ਸੈਕਸ਼ਨ ਤੋਂ ਜਗਦੀਸ਼ ਸਿੰਘ ,ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਇੰਦਰਜੋਤ ਸਿੰਘ, ਗੁਰਦੇਵ ਸਿੰਘ ਖੇਤੀਬਾਡ਼ੀ ਉਪ ਨਿਰੀਖਕ,ਪਰਮਜੀਤ ਸਿੰਘ ਅਤੇ ਉਨ੍ਹਾਂ ਦਾ ਬੇਟਾ ਹਰਵਿੰਦਰ ਸਿੰਘ ਮੌਜੂਦ ਸਨ ।

Previous articleਵਿਧਾਇਕ ਚੀਮਾ ਵਲੋਂ ਤਲਵੰਡੀ ਚੌਧਰੀਆਂ ਤੇ ਟਿੱਬਾ ਵਿਖੇ ਵਿਦਿਆਰਥੀਆਂ ਨੂੰ ਸਮਾਰਟ ਫੋਨਾਂ ਦੀ ਵੰਡ
Next articleरेल कोच फैक्टरी में फिट इंडिया साइकलोथोन का आयोजन