ਕਰੋਨਾਵਾਇਰਸ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਤਵਾਰ ਨੂੰ ਜਨਤਾ ਕਰਫਿਊ ਰੱਖਣ ਦੀ ਕੀਤੀ ਗਈ ਅਪੀਲ ਤੇ ਲੁਧਿਆਣਾ ਵਾਸੀਆਂ ਆਪਣਾ ਪੂਰਾ ਸਮਰਥਨ ਦਿੱਤਾ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਜਨਤਾ ਕਰਫਿਊ ਕਾਰਨ ਸਭ ਬੰਦ ਰਿਹਾ, ਪਰ ਫਿਰ ਵੀ ਕੁਝ ਲੋਕ ਅਜਿਹੇ ਸਨ ਜੋ ਪ੍ਰਸ਼ਾਸਨ ਦੀ ਅਪੀਲ ਦੇ ਬਾਵਜੂਦ ਆਪਣੇ ਘਰਾਂ ’ਚੋਂ ਬਾਹਰ ਨਿਕਲਦੇ ਰਹੇ। ਜਿੱਥੇ ਮੁੱਖ ਚੌਕਾਂ ਵਿੱਚ ਖੜ੍ਹੇ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦਬਕੇ ਮਾਰ ਕੇ ਵਾਪਸ ਘਰ ਮੋੜਿਆ। ਕੁਝ ਇਲਾਕਿਆਂ ’ਚ ਗੱਲ ਨਹੀਂ ਮੰਨਣ ’ਤੇ ਪੁਲੀਸ ਨੇ ਲਾਠੀ ਦਾ ਇਸਤੇਮਾਲ ਵੀ ਕੀਤਾ। ਜਨਤਾ ਕਰਫਿਊ ਦੌਰਾਨ ਮੈਡੀਕਲ ਦੀਆਂ ਦੁਕਾਨਾਂ, ਦੁੱਧ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ, ਜਿੱਥੇ ਜ਼ਰੂਰਤਮੰਦ ਲੋਕ ਦਵਾਈਆਂ ਖਰੀਦਦੇ ਦਿਖਾਈ ਦਿੱਤੇ। ਫਿਰ ਵੀ ਲੋਕਾਂ ਨੇ ਇਸ ਕਰਫਿਊ ਨੂੰ ਆਪਣਾ ਸਮਰਥਨ ਦੇ ਕੇ ਕਾਮਯਾਬ ਬਣਾਇਆ।
‘ਜਨਤਾ ਕਰਫਿਊ’ ਦੇ ਸੱਦੇ ਮੱਦੇਨਜ਼ਰ ਲੋਕਾਂ ਨੇ ਜ਼ਰੂਰਤ ਦਾ ਸਾਮਾਨ ਸਵੇਰੇ ਛੇ ਵਜੇ ਹੀ ਖਰੀਦਣਾ ਸ਼ੁਰੂ ਕਰ ਦਿੱਤਾ ਸੀ, ਜੋ ਲੋੜੀਂਦੇ ਸਾਮਾਨ ਦੀਆਂ ਦੁਕਾਨਾਂ ਸਵੇਰੇ ਛੇ ਵਜੇ ਖੁੱਲ੍ਹੀਆਂ ਸਨ, ਉਹ 7 ਵੱਜਦੇ ਨੂੰ ਬੰਦ ਵੀ ਹੋ ਗਈਆਂ। ਜਿਸ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ਜਿੱਥੇ ਐਤਵਾਰ ਨੂੰ ਭੀੜ ਕਾਰਨ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ, ਉਹ ਇਲਾਕਾ ਸੁੰਨਸਾਨ ਸਨ। ਸਵੇਰੇ 7 ਵਜੇ ਤੋਂ ਲੋਕ ਆਪਣੇ ਘਰਾਂ ਦੇ ਅੰਦਰ ਰਹੇ, ਸਿਰਫ਼ ਕੁਝ ਜ਼ਰੂਰੀ ਕੰਮ ਵਾਲੇ ਲੋਕ ਹੀ ਆਪਣੇ ਵਾਹਨਾਂ ’ਤੇ ਇੱਧਰ ਉਧਰ ਜਾਂਦੇ ਦਿਖਾਈ ਦਿੱਤੇ। ਕਰਫਿਊ ਦਾ ਹਾਲ ਦੇਖਣ ਦੇ ਲਈ ਕੁਝ ਬਿਨ੍ਹਾ ਵਜ੍ਹਾ ਘਰਾਂ ’ਚੋਂ ਨਿਕਲੇ ਲੋਕਾਂ ਨੂੰ ਪੁਲੀਸ ਨੇ ਵਾਪਸ ਘਰ ਭੇਜ ਦਿੱਤਾ। ਮੁੱਖ ਚੌਕਾਂ ਤਾਇਨਾਤ ਪੁਲੀਸ ਨੇ ਉਥੋਂ ਲੰਘਣ ਵਾਲੇ ਹਰ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ ਕਿ ਆਖਰ ਉਹ ਘਰੋਂ ਕਿਉਂ ਨਿਕਲੇ ਹਨ।
HOME ਸਨਅਤੀ ਸ਼ਹਿਰ ’ਚ ਪੱਸਰੀ ਰਹੀ ਸੁੰਨ