ਇਟਲੀ ਤੋਂ 263 ਭਾਰਤੀਆਂ ਨੂੰ ਵਤਨ ਲਿਆਂਦਾ

ਕਰੋਨਾਵਾਇਰਸ ਪ੍ਰਭਾਵਿਤ ਇਟਲੀ ਦੀ ਰਾਜਧਾਨੀ ਰੋਮ ਤੋਂ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ 263 ਭਾਰਤੀਆਂ ਨੂੰ ਅੱਜ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਉਪਰ ਸਵੇਰੇ ਵਿਸ਼ੇਸ਼ ਸੁਰੱਖਿਆ ਇੰਤਜ਼ਾਮਾਂ ਨਾਲ ਵਾਪਸ ਲਿਆਂਦਾ ਗਿਆ ਹੈ।
ਇਹ ਵਿਸ਼ੇਸ਼ ਉਡਾਣ ਹਵਾਈ ਅੱਡੇ ਉਪਰ ਸਵੇਰੇ 9.15 ਵਜੇ ਉੱਤਰੀ। ਔਖੀਆਂ ਹਾਲਤਾਂ ਵਿੱਚ ਫਸੇ ਲੋਕਾਂ, ਜਿਨ੍ਹਾਂ ਵਿੱਚੋਂ ਬਹੁਤੇ ਵਿਦਿਆਰਥੀ ਸਨ, ਨੂੰ ਰੋਮ ਤੋਂ ਕੱਢ ਕੇ ਦਿੱਲੀ ਲਿਆਂਦਾ ਗਿਆ। ਦਿੱਲੀ ਦੇ ਹਵਾਈ ਅੱਡੇ ਵਿਖੇ ਕਸਟਮ ਅਧਿਕਾਰੀਆਂ ਨੇ ਵਿਸ਼ੇਸ਼ ਇਮੀਗ੍ਰੇਸ਼ਨ ਕਲੀਅਰਐਂਸ ਦੇ ਪ੍ਰਬੰਧ ਕੀਤੇ ਤੇ ਕਰੋਨਾ ਦੇ ਬਚਾਅ ਦੇ ਸਾਰੇ ਉਪਾਅ ਵਰਤੇ ਗਏ। ਇਸ ਉਡਾਣ ਦੇ ਸਾਰੇ ਯਾਤਰੀਆਂ ਤੁਰੰਤ ਥਰਮਲ ਸਕ੍ਰੀਨਿੰਗ ਤੇ ਇਮੀਗ੍ਰੇਸ਼ਨ ਕਰਵਾਉਣ ਮਗਰੋਂ ਉਨ੍ਹਾਂ ਨੂੰ ਛਾਵਲਾ ਵਿਖੇ ਇੰਡੋ-ਤਿੱਬਤੀ ਬਾਰਡਰ ਪੁਲੀਸ ਵੱਲੋਂ ਬਣਾਏ ਗਏ ਇਕਾਂਤਵਾਸ ਸਹੂਲਤ ਵਾਲੇ ਮਾਨੇਸਰ ਤੋਂ ਦੂਰ ਬਣਾਏ ਕੇਂਦਰ ਵਿੱਚ ਸਖ਼ਤ ਨਿਗਰਾਨੀ ਹੇਠ ਲਿਜਾਇਆ ਗਿਆ। ਅੱਡੇ ‘ਤੇ ਰਿਮੋਟ ਵੇਅ ਵਿਖੇ ਸਹਾਇਤਾ ਦਿੱਤੀ ਗਈ ਤੇ ਸਾਵਧਾਨੀਆਂ ਵਰਤਦੇ ਹੋਏ ਯਾਤਰੀਆਂ ਨੂੰ ਸਾਂਭਣ ਲਈ ‘ਸਟੈਂਡਰਡ ਓਪਰੇਟਿੰਗ ਪ੍ਰਕਿਰਿਆ’ ਅਪਣਾਈ ਗਈ। ਇਟਲੀ ਤੋਂ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ ਇਹ ਭਾਰਤੀਆਂ ਦਾ ਦੂਜਾ ਦਲ ਹੈ। ਇਸ ਤੋਂ ਪਹਿਲਾਂ 200 ਤੋਂ ਵੱਧ ਭਾਰਤੀਆਂ, ਜਿਨ੍ਹਾਂ ਵਿੱਚ ਬਹੁਤੇ ਵਿਦਿਆਰਥੀ ਸਨ, ਨੂੰ ਇਟਲੀ ਦੇ ਸ਼ਹਿਰ ਮਿਲਾਨ ਤੋਂ ਬਾਹਰ ਕੱਢਿਆ ਗਿਆ ਸੀ। ਨੈਸ਼ਨਲ ਕੈਰੀਅਰ ਏਅਰ ਇੰਡੀਆ ਨੇ ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਲਈ ਕੱਲ੍ਹ ਦੁਪਹਿਰ ਇੱਕ 787 ਡ੍ਰੀਮਲਾਈਨਰ ਜਹਾਜ਼ ਰੋਮ ਲਈ ਭੇਜਿਆ ਸੀ।

Previous articleਦਰਬਾਰ ਸਾਹਿਬ ਸਮੂਹ ’ਚ ਜਾਰੀ ਰਿਹਾ ਗੁਰਬਾਣੀ ਕੀਰਤਨ ਦਾ ਪ੍ਰਵਾਹ
Next articleਸਨਅਤੀ ਸ਼ਹਿਰ ’ਚ ਪੱਸਰੀ ਰਹੀ ਸੁੰਨ