ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ਗਰੀਬ ਕਿਸਾਨਾਂ ਨੂੰ ਪ੍ਰਤੀ ਦਿਨ ਸਾਢੇ ਤਿੰਨ ਰੁਪਏ ਦੇ ਕੇ ਜਿੱਥੇ ਉਨ੍ਹਾਂ ਦਾ ਮਖੌਲ ਉਡਾ ਰਹੇ ਹਨ, ਉਥੇ ਦੂਜੇ ਪਾਸੇ ਸਨਅਤਕਾਰਾਂ ਦੇ ਸਾਢੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ਿਆਂ ’ਤੇ ਲੀਕ ਮਾਰੀ ਜਾ ਰਹੀ ਹੈ। ਅੰਤਰਿਮ ਬਜਟ ਵਿੱਚ ਪੇਸ਼ ਪੀਐਮ-ਕਿਸਾਨ ਸਕੀਮ ਲਈ ਮੋਦੀ ਸਰਕਾਰ ’ਤੇ ਜ਼ੋਰਦਾਰ ਹੱਲਾ ਬੋਲਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਸਕੀਮ ਜਿਸ ਤਹਿਤ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਮਿਲਣਗੇ, ਮਹਿਜ਼ ਗਰੀਬ ਕਿਸਾਨਾਂ ਦਾ ਮਖੌਲ ਉਡਾਉਣ ਲਈ ਹੀ ਬਣਾਈ ਗਈ ਹੈ। ਰਾਹੁਲ ਨੇ ਕਿਹਾ ਕਿ ਸੂਬੇ ਦੀ ਨਵੀਨ ਪਟਨਾਇਕ ਸਰਕਾਰ ਮੁੱਠੀ ਭਰ ਅਫ਼ਸਰਸ਼ਾਹਾਂ ਵੱਲੋਂ ਚਲਾਈ ਜਾ ਰਹੀ ਹੈ। ਦੱਖਣੀ ਉੜੀਸਾ ਦੇ ਕਬਾਇਲੀ ਬਹੁਆਬਾਦੀ ਵਾਲੇ ਕੋਰਾਪੁਟ ਜ਼ਿਲ੍ਹੇ ਦੇ ਕਸਬੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਮੋਦੀ ਸਰਕਾਰ ਨੇ ਕਿਸਾਨੀ ਕਰਜ਼ਿਆਂ ’ਤੇ ਲੀਕ ਮਾਰਨ ਅਤੇ ਝੋਨੇ ’ਤੇ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਤੋਂ ਤਾਂ ਨਾਂਹ ਕਰ ਦਿੱਤੀ, ਪਰ ਕੁੱਝ ਮੁੱਠੀ ਭਰ ਸਨਅਤਕਾਰਾਂ ਦੇ ਸਾਢੇ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ਿਆਂ ’ਤੇ ਝੱਟ ਲੀਕ ਮਾਰ ਦਿੱਤੀ। ਰਾਹੁਲ ਨੇ ਰਾਫ਼ਾਲ ਕਰਾਰ ਲਈ ਵੀ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਰਾਹੁਲ ਨੇ ਸੂਬੇ ਦੀ ਨਵੀਨ ਪਟਨਾਇਕ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬਾਈ ਸਰਕਾਰ ਨੂੰ ਚਾਰ ਜਾਂ ਪੰਜ ਨੌਕਰਸ਼ਾਹ ਹੀ ਚਲਾ ਰਹੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਗਰੀਬ ਕੁੜੀਆਂ ਦੇ ਵਿਆਹ ਲਈ ਵਿੱਤੀ ਇਮਦਾਦ ਦੇਣ ਦੇ ਨਾਲ ਵਿਧਵਾਵਾਂ ਨੂੰ ਪੈਨਸ਼ਨ ਵਜੋਂ 2 ਹਜ਼ਾਰ ਰੁਪਏ ਮਹੀਨਾ ਮਦਦ ਦੇਣਗੇ।
INDIA ਸਨਅਤਕਾਰਾਂ ਦੇ ਕਰਜ਼ੇ ਮੁਆਫ਼ ਕਰਕੇ ਮੋਦੀ ਨੇ ਕਿਸਾਨਾਂ ਦਾ ਮਖੌਲ ਉਡਾਇਆ: ਰਾਹੁਲ