ਸਦੀਵੀ ਸ਼ਬਦ

ਅਮਰਜੀਤ ਸਿੰਘ ਅਮਨੀਤ
(ਸਮਾਜ ਵੀਕਲੀ)
ਸ਼ਬਦਾਂ ਦੇ ਜਿਨ੍ਹਾਂ ਅਰਥਾਂ ‘ਚ
ਕੋਈ ਸੱਚ ਹੈ
ਕੋਈ ਜਿੰਦ ਜਾਨ ਹੈ
ਉਹ ਹਮੇਸ਼ਾ ਜਿਉਂਦੇ ਰਹਿਣਗੇ
ਤੇ ਉਹ ਅਰਥ
ਕਿਸੇ ਸ਼ਬਦਾਂ ਦੇ
ਕਿਸੇ ਭਾਸ਼ਾ ਦੇ
ਜਾਂ ਭਾਸ਼ਾ ਦੇ ਕਿਸੇ ਵਿਧਾਨ ਦੇ
ਮੁਹਤਾਜ ਨਹੀਂ ਹੁੰਦੇ
ਉਹ ਤਾਂ ਅਨੁਵਾਦ ਹੋ  ਜਾਂਦੇ ਨੇ
ਹਜ਼ਾਰਾਂ ਭਾਸ਼ਾਵਾਂ ਵਿੱਚ
ਤੇ ਹਰ ਭਾਸ਼ਾ ਦਾ
ਆਪਣਾ ਰੂਪ ਹੈ
ਆਪਣੀ ਬਣਤਰ ਹੈ
ਆਪਣਾ ਵਿਧਾਨ ਹੈ
ਹਰ ਪਾਵਨ  ਪੁਸਤਕ ਦੀ
ਹਰ ਸ਼ਾਹਕਾਰ ਰਚਨਾ ਦੀ
ਇੱਕ ਭਾਸ਼ਾ ਨਹੀਂ ਹੁੰਦੀ
ਉਹ ਤਾਂ ਭਾਸ਼ਾਵਾਂ ਤੋਂ ਉੱਪਰ ਹੋ
ਸੋਚ ‘ਚ ਵੱਸਦੇ ਨੇ
ਹਿਰਦਿਆਂ ‘ਚ ਵੱਸਦੇ ਨੇ।
ਤੇ ਸ਼ਬਦ ਜਿਹੜੇ ਬੇਅਰਥੇ ਨੇ
ਅਰਥਾਂ ਤੋਂ ਅਜੇ ਦੂਰ ਨੇ
ਉਹ ਤਾਂ ਥੋੜ੍ਹ-ਚਿਰੇ ਨੇ
ਤੇ ਅੱਜ ਨਹੀਂ ਤਾਂ ਕੱਲ੍ਹ
ਇੱਕ ਹੀ ਭਾਸ਼ਾ ਵਿੱਚ
ਮਰ ਜਾਣਗੇ
ਭਾਵੇਂ ਉਹਨਾਂ ਨੂੰ
ਸ਼ਲੋਕਾਂ ‘ਚ ਬੰਨ੍ਹਿਆਂ ਹੈ
ਬੈਂਤਾਂ-ਕਬਿੱਤਾਂ ‘ਚ ਨੂੜਿਆ ਹੈ
ਗ਼ਜ਼ਲਾਂ ‘ਚ ਨਪੀੜਿਆ ਹੈ
ਜਾਂ ਖੁੱਲ੍ਹੀ ਕਵਿਤਾ ‘ਚ
ਖੁੱਲ੍ਹਾ ਛੱਡਿਆ ਹੈ।
ਜਿਸ ਦਿਨ ਕੋਈ ਬੋਲ
ਧੁਰ ਅੰਦਰਲੇ ਸੱਚ ‘ਚੋਂ
ਉਚਾਰਿਆ ਜਾਂਦਾ ਹੈ
ਉਹ ਕਾਗ਼ਜ਼ਾਂ ‘ਤੇ ਨਹੀਂ
ਹਿਰਦਿਆਂ ‘ਤੇ ਲਿਖ ਹੁੰਦਾ ਹੈ
ਹਵਾਵਾਂ ‘ਚ ਅਨੁਵਾਦ ਹੋ ਜਾਂਦਾ ਹੈ
ਅਸਮਾਨ ‘ਚ
ਸੂਰਜ- ਤਾਰੇ ਬਣ ਜਾਂਦਾ ਹੈ
ਤੇ ਨਾ ਹਿਰਦਿਆਂ ਦੀ
ਨਾ ਹਵਾਵਾਂ ਦੀ
ਨਾ ਸੂਰਜ- ਤਾਰਿਆਂ ਦੀ
ਕੋਈ ਭਾਸ਼ਾ ਹੁੰਦੀ ਹੈ
ਪਰ ਸਭ ਨਾਲ਼ ਗੱਲਾਂ ਕਰਦੇ ਨੇ
ਸਭ ਨਾਲ਼ ਤੁਰਦੇ ਨੇ
ਬਿਨਾਂ ਕਿਸੇ ਭਾਸ਼ਾ ਦੇ
ਜਾਂ ਭਾਸ਼ਾ ਦੇ ਕਿਸੇ ਵਿਧਾਨ ਦੇ।
ਅਮਰਜੀਤ ਸਿੰਘ ਅਮਨੀਤ 
8872266066 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous article* ਛੱਪੜ, ਲਹਿਰ ਤੇ ਹੜ੍ਹ *
Next articleਸਾਹਿਤ ਦੇ ਅਖੌਤੀ ਵਿਦਵਾਨ …!