ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਬਾਰੇ ਸੁਝਾਅ ’ਤੇ ਸਿਆਸੀ ਹੰਗਾਮਾ

ਨਵੀਂ ਦਿੱਲੀ (ਸਮਾਜ ਵੀਕਲੀ) :  ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਹਰੇਕ ਜ਼ਿਲ੍ਹੇ ਦੇ ਇਕ ਉਤਪਾਦ ਨੂੰ ਉਤਸ਼ਾਹਿਤ ਕਰਨ ਦੇ ਸੁਝਾਅ ’ਤੇ ਹੰਗਾਮਾ ਮਚ ਗਿਆ ਹੈ। ਭਾਜਪਾ ਨੇ ਰਾਹੁਲ ’ਤੇ ਵਰ੍ਹਦਿਆਂ ਕਿਹਾ ਕਿ ਇਹ ਸੁਝਾਅ ਉਨ੍ਹਾਂ ਦੀ ਪਾਰਟੀ ਦੇ ਮੁੱਖ ਮੰਤਰੀਆਂ ਦਾ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਰਾਹੁਲ ਨੇ ‘ਨਕਲ’ ਕੀਤੀ ਹੈ। ਹਿਮਾਚਲ ਪ੍ਰਦੇਸ਼ ’ਚ ਸਨਅਤ ਵਿਭਾਗ ਵੱਲੋਂ ਹਰੇਕ ਜ਼ਿਲ੍ਹੇ ਦੇ ਇਕ ਉਤਪਾਦ ਦੀ ਚੋਣ ਕੀਤੇ ਜਾਣ ਵਾਲੀ ਖ਼ਬਰ ਨੂੰ ਟੈਗ ਕਰਦਿਆਂ ਰਾਹੁਲ ਨੇ ਕਿਹਾ ਕਿ ਉਨ੍ਹਾਂ ਇਹ ਸੁਝਾਅ ਕੁਝ ਸਮਾਂ ਪਹਿਲਾਂ ਦਿੱਤਾ ਸੀ।

ਕਾਂਗਰਸ ਆਗੂ ’ਤੇ ਵਰ੍ਹਦਿਆਂ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਕਿਹਾ ਕਿ ਗੁਜਰਾਤ ਦੇ ਕੰਮਾਂ ਦੀ ਨਕਲ ਕਰ ਕੇ ਆਪਣੇ ਵਿਚਾਰ ਆਖਣਾ ਕੋਈ ਸਮਝਦਾਰੀ ਨਹੀਂ ਹੈ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਹੁਲ ਦਾ ਨਾਮ ਲਏ ਬਿਨਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ‘ਇਕ ਜ਼ਿਲ੍ਹਾ, ਇਕ ਉਤਪਾਦ’ ਦਾ ਮੰਤਰ ਦਿੱਤਾ ਸੀ ਅਤੇ ਉਸ ਨੂੰ ਲਾਗੂ ਕਰਨ ਲਈ ਉਹ ਕੰਮ ਕਰ ਰਹੇ ਹਨ।

ਉਨ੍ਹਾਂ ਰਾਹੁਲ ਨੂੰ ਅਸਿੱਧੇ ਤੌਰ ’ਤੇ ਕਿਹਾ ਕਿ ਊਹ ਬਚਕਾਨਾ ਹਰਕਤਾਂ ਤੋਂ ਬਾਜ਼ ਆਏ ਕਿਉਂਕਿ ਭਾਜਪਾ ਨੇ 2017 ਦੇ ਚੋਣ ਮਨੋਰਥ ਪੱਤਰ ’ਚ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਆਖੀ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ ਸਰਕਾਰ ’ਤੇ ਕਰੋਨਾਵਾਇਰਸ ਕਾਰਨ ਕੀਤੀ ਤਾਲਾਬੰਦੀ ਦੌਰਾਨ ਸ਼੍ਰਮਿਕ ਰੇਲਾਂ ਰਾਹੀਂ ਲਾਹਾ ਲੈਣ ਦੇ ਦੋਸ਼ ਲਾਏ।

Previous articleਲੋੜ ਪਈ ਤਾਂ ਪ੍ਰਧਾਨ ਮੰਤਰੀ ਨਿਵਾਸ ਘੇਰਾਂਗੇ: ਗਹਿਲੋਤ
Next articleਤਹਿਲਕਾ ਸਟਿੰਗ: ਜਯਾ ਜੇਤਲੀ ਅਤੇ ਦੋ ਹੋਰ ਦੋਸ਼ੀ ਕਰਾਰ