ਜੀ ਸਤਿਅਨ ਨੇ ਬੂਡਾਪੇਸਟ ਵਿੱਚ ਰਾਊਂਡ 64 ਦੇ ਮੁਕਾਬਲੇ ਵਿੱਚ ਰੋਮਾਨੀਆ ਦੇ ਕ੍ਰਿਸਟੀਅਨ ਪਲੇਟੀ ਨੂੰ 11-5, 11-9, 6-11, 11-7, 11-6 ਨਾਲ ਸ਼ਿਕਸਤ ਦਿੱਤੀ, ਜਿਸ ਕਾਰਨ ਉਹ 2019 ਆਈਟੀਟੀਐਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਕਲੌਤਾ ਭਾਰਤੀ ਬਚਿਆ ਹੈ। ਮਨਿਕਾ ਬੱਤਰਾ ਅਤੇ ਸੁਤ੍ਰਿਤਾ ਮੁਖਰਜੀ ਵੀ ਗੇੜ-64 ਤੋਂ ਅੱਗੇ ਨਹੀਂ ਵਧ ਸਕੀਆਂ ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ। ਦੁਨੀਆ ਦੇ 28ਵੇਂ ਨੰਬਰ ਦੇ ਖਿਡਾਰੀ ਦਾ ਸਾਹਮਣਾ ਹੁਣ ਆਖ਼ਰੀ-32 ਵਿੱਚ ਬਰਾਜ਼ੀਲ ਦੇ ਸੱਤਵਾਂ ਦਰਜਾ ਪ੍ਰਾਪਤ ਹੂਗੋ ਕਾਲਡੇਰਾਨੀ ਨਾਲ ਹੋਵੇਗਾ। ਇਸੇ ਤਰ੍ਹਾਂ ਅਨੁਭਵੀ ਖਿਡਾਰੀ ਅਚੰਤ ਸ਼ਰਤ ਕਮਲ ਨੂੰ ਰਾਊਂਡ-64 ਦੇ ਮੁਕਾਬਲੇ ਵਿੱਚ ਕ੍ਰੋਏਸ਼ੀਆ ਦੇ ਤੋਮਿਸਲਾਵ ਪੁਕਾਰ ਨੇ 9-11, 10-12, 11-8, 4-11, 9-11 ਨਾਲ ਸ਼ਿਕਸਤ ਦਿੱਤੀ। ਮਾਨਵ ਠੱਕਰ ਵੀ ਆਸਟਰੀਆ ਦੇ ਰੌਬਰਟ ਗਾਰਡੋਸ ਦਾ ਅੜਿੱਕਾ ਪਾਰ ਕਰਨ ਵਿੱਚ ਅਸਫਲ ਰਿਹਾ ਅਤੇ ਰਾਊਂਡ-128 ਵਿੱਚ 13-11, 6-11, 11-8, 11-3, 2-11, 10-12, 6-11 ਨਾਲ ਹਾਰ ਗਿਆ। ਮਨਿਕਾ ਬੱਤਰਾ ਅਤੇ ਸੁਤ੍ਰਿਤਾ ਮੁਖਰਜੀ ਨੇ ਆਪਣੀ ਵਿਸ਼ਵ ਚੈਂਪੀਅਨਸ਼ਿਪ ਮੁਹਿੰਮ ਗੇੜ-64 ਵਿੱਚ ਹਾਰ ਦੇ ਨਾਲ ਖ਼ਤਮ ਕੀਤੀ।
Sports ਸਤਿਅਨ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਇਕਲੌਤਾ ਭਾਰਤੀ